ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ, ਇਸ ਯੁੱਗ ਵਿੱਚ ਮਨੁੱਖ ਨੇ ਹਰ ਖ਼ੇਤਰ ਵਿੱਚ ਅਸਰਅੰਦਾਜ਼ ਖੋਜਾਂ ਕਾਢਾਂ ਰਾਹੀਂ ਮਨੁੱਖੀ ਜੀਵਨ ਨੂੰ ਬੇਅੰਤ ਸੁਖ ਸਹੂਲਤਾਂ ਨਾਲ ਭਰ ਦਿੱਤਾ ਹੈ । ਸੰਚਾਰ, ਆਵਾਜਾਈ, ਮਨੋਰੰਜਨ, ਰੋਜ਼ਾਨਾ ਜ਼ਿੰਦਗੀ ਦੇ ਹਰ ਖੇਤਰ ਦੀਆਂ ਸਹੂਲਤਾਂ ਵਿੱਚ ਵਿਗਿਆਨਕ ਖੋਜਾਂ ਦੀ ਚਰਚਾ ਹੋ ਰਹੀ ਹੈ।ਇਹ ਵੱਖਰੀ ਗਲ ਹੈ ਕਿ ਮਨੁੱਖ ਦੇ ਲਾਲਚੀ ਤੇ ਸਵਾਰਥੀ ਸੁਭਾਅ ਕਰਕੇ ਬਹੁਤ ਵਾਰੀ ਵਿਗਿਆਨਕ ਖੋਜਾਂ ,ਕਾਢਾਂ ਦੀ ਦੁਰਵਰਤੋਂ ਹੁੰਦੀ ਹੈ।ਪਰ ਇੰਨੀ ਤਰੱਕੀ ਦੇ ਬਾਵਜੂਦ ਮਨੁੱਖ ਦਾ ਨਜ਼ਰੀਆ ਵਿਗਿਆਨਕ ਨਹੀਂ ਬਣ ਰਿਹਾ , ਉਸਦੀ ਸੋਚ ਉਥੇ ਹੀ ਖੜੀ ਹੈ।ਸੋਚਣ ਢੰਗ ਵਿਗਿਆਨਕ ਨਹੀਂ ਹੋ ਰਿਹਾ, ਕੁਦਰਤੀ ਵਰਤਾਰਿਆਂ ਬਾਰੇ ਕੀ, ਕਿਉਂ,ਕਿਵੇਂ ਵਿਗਿਆਨਕ ਗੁਣਾਂ ਦੀ ਵਰਤੋਂ ਨਹੀਂ ਕਰ ਰਿਹਾ, ਰਹੱਸਮਈ ਘਟਨਾਵਾਂ ਤੇ ਮਾਨਸਿਕ ਰੋਗਾਂ ਦੇ ਕਾਰਨ ਜਾਨਣ ਦੀ ਥਾਂ ਇਨ੍ਹਾਂ ਨੂੰ ਭੂਤਾਂ -ਪ੍ਰੇਤਾਂ ਦੀ ਕਾਰਵਾਈ ਕਰਾਰ ਦਿੰਦਾ ਹੈ।ਅਸਲ ਵਿੱਚ ਸਾਡਾ ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਆ ਸਾਨੂੰ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ ਤੇ ਪਿਛਾਂਹਖਿਚੂ ਰਵਾਇਤਾਂ ਦੇ ਬੁੱਕ ਭਰ ਭਰ ਵੰਡ ਰਿਹਾ ਹੈ। ਇਸਤੇ ਕਾਬਜ਼ ਕਾਰਪੋਰੇਟ ਘਰਾਣਿਆਂ ਲੋਕਾਂ ਨੂੰ ਅੰਧਵਿਸ਼ਵਾਸੀ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ,ਉਹ ਲੋਕਾਂ ਵਿੱਚ ਜਾਗਰੂਕਤਾ ਨੂੰ ਆਪਣੀ ਲੁੱਟ ਲਈ ਘਾਤਕ ਸਮਝਦੇ ਹਨ।ਇਸ ਲਈ
ਟੈਲੀਵਿਜ਼ਨ ਵਰਗੇ ਸਾਧਨ ਜਿਸਨੂੰ ਦੇਖਣ ਸੁਨਣ ਲਈ ਦੋ ਗਿਆਨ ਇੰਦਰੀਆਂ ਅੱਖਾਂ ਤੇ ਕੰਨ ਕੰਮ ਕਰਦੇ ਹੋਣ ਕਰਕੇ ਇਹ ਸਾਡੇ ਦਿਲ ਦਿਮਾਗ ਨੂੰ ਬਹੁਤ ਛੇਤੀ ਪ੍ਰਭਾਵਿਤ ਕਰਦੇ ਹਨ ਪਰ ਅਕਸਰ ਕਾਰਪੋਰੇਟ , ਸਰਮਾਏਦਾਰ , ਸੱਤਾ ਤੇ ਕਾਬਜ਼ ਘਰਾਣੇ ਵਿਗਿਆਨ ਦੀਆਂ ਖੋਜਾਂ ਦੇ ਪ੍ਰਚਾਰ ਨੂੰ ਆਪਣੀ ਲੁੱਟ ਲਈ ਖਤਰਨਾਕ ਸਮਝਦੇ ਹਨ।
ਮੈਂ ਰਹੱਸਮਈ ਘਟਨਾ ਦੇ ਇੱਕ ਕੇਸ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ।ਪਿਛਲੇ ਕਈ ਸਾਲ ਪਹਿਲਾਂ ਦੀ ਗਲ ਹੈ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਲਹਿਰਾਗਾਗਾ ਕੋਲ ਹਰਿਆਣੇ ਸੂਬੇ ਦੇ ਇੱਕ ਪਿੰਡ ਦਾ ਕੇਸ ਇੱਕ ਗੁਰਦਵਾਰੇ ਸਾਹਿਬ ਦੇ ਪਾਠੀ ਪਵਿੱਤਰ ਸਿੰਘ ਰਾਹੀ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਹਰੀ ਸਿੰਘ ਤਰਕ (ਹੁਣ ਮਰਹੂਮ) ਕੋਲ ਆਇਆ ਤੇ ਸਾਰੀ ਕਹਾਣੀ ਦੱਸੀ ਕਿ ਸਾਡੇ ਇੱਕ ਰਿਸ਼ਤੇਦਾਰ ਦੀਆਂ ਮਕਾਨ ਦੀਆਂ ਕੰਧਾਂ ਦੇ ਬਾਹਰਲੇ ਪਾਸੇ ‘ਤੇ ਖ਼ੂਨ ਦੇ ਛਿੱਟੇ ਆਉਂਦੇ ਹਨ, ਕੁੱਝ ਪਤਾ ਨਹੀਂ ਲਗ ਰਿਹਾ। ਘਰ ਵਾਲੇ ਬੜੇ ਡਰੇ ਹੋਏ ਹਨ ।ਉਹ ਇਸਨੂੰ ਭੂਤਾਂ -ਪ੍ਰੇਤਾਂ ਨਾਲ ਜੋੜ ਰਹੇ ਹਨ ਤੇ ਅਖੌਤੀ ਸਿਆਣਿਆਂ ਦੇ ਚੱਕਰਾਂ ਵਿੱਚ ਪਏ ਹੋਏ ਹਨ ।ਪਵਿੱਤਰ ਸਿੰਘ ਨੇ ਕਿਹਾ ਕਿ ਕਲ ਉਨ੍ਹਾਂ ਮੇਰੇ ਨਾਲ ਗੱਲ ਸਾਂਝੀ ਕੀਤੀ ਹੈ ਤੇ ਮੈਂ ਤਰਕਸ਼ੀਲ ਸੁਸਾਇਟੀ ਕੋਲ ਉਸ ਦੇ ਹਲ ਲਈ ਆਇਆ ਹਾਂ।ਹਰੀ ਸਿੰਘ ਤਰਕ ਨੇ ਮੈਨੂੰ ਆਪਣੇ ਦਫ਼ਤਰ ਬੁਲਾਇਆ ਤੇ ਸਾਰੀ ਗੱਲ ਸਾਂਝੀ ਕੀਤੀ, ਮੈਂ ਸਾਰੀ ਗਲ ਸੁਨਣ ਤੋਂ ਬਾਅਦ ਕਿਹਾ ਕਿ ਆਉਂਦੇ ਐਤਵਾਰ ਨੂੰ ਅਸੀਂ ਪੀੜਿਤ ਪਰਿਵਾਰ ਦੇ ਘਰੇ ਜਾਵਾਂਗੇ, ਤੁਸੀਂ ਸਾਨੂੰ ਲੈ ਜਾਣਾ। ਮੈਂ ਅਗਲੇ ਦਿਨ ਇਕਾਈ ਦੀ ਮੀਟਿੰਗ ਕਰਕੇ ਗਲ ਸਾਂਝੀ ਕੀਤੀ ਤੇ ਐਤਵਾਰ ਨੂੰ ਜਾਣ ਦਾ ਪ੍ਰੋਗਰਾਮ ਬਣਾਇਆ। ਐਤਵਾਰ ਸਵੇਰੇ ਪਵਿਤਰ ਸਿੰਘ ਸਾਨੂੰ ਲੈਣ ਆ ਗਏ ਤੇ ਰਾਣਾ ਸਿੰਘ, ਗੁਰਮੇਲ ਸਿੰਘ,ਹਰੀ ਸਿੰਘ ਤਰਕ ਤੇ ਮੇਰੇ ਸਮੇਤ ਚਾਰ ਮੈਂਬਰੀ ਤਰਕਸ਼ੀਲ ਟੀਮ ਪਵਿੱਤਰ ਸਿੰਘ ਨਾਲ ਪੀੜਤ ਪਰਿਵਾਰ ਦੇ ਘਰ ਪਹੁੰਚੀ।ਚਾਹ ਪਾਣੀ ਪੀਣ ਤੋਂ ਬਾਅਦ ਅਸੀਂ ਪਰਿਵਾਰਕ ਮੈਂਬਰਾਂ ਨਾਲ ਗੱਲ ਸ਼ੁਰੂ ਕੀਤੀ। ਮਕਾਨ ਦੇ ਮੇਨ ਗੇਟ ਤੋਂ ਅੱਗੇ ਵਿਹੜਾ ਸੀ ਤੇ ਵਿਹੜੇ ਤੋਂ ਬਾਅਦ ਰਿਹਾਇਸ਼ੀ ਕਮਰੇ ਸਨ ਤੇ ਕਮਰਿਆਂ ਦੇ ਦਾਖਲੇ ਵਾਲੀ ਕੰਧ ਦੇ ਮੱਥੇ ਤੇ ਖ਼ੂਨ ਨੁਮਾ ਨਿਸ਼ਾਨ ਸਨ।ਗੱਲ ਬਾਤ ਦੌਰਾਨ ਪਰਿਵਾਰ ਮੁਖੀ ਨੇ ਕਿਹਾ ਕਿ 20-25 ਦਿਨਾਂ ਤੋਂ ਕੰਧ ‘ਤੇ ਖ਼ੂਨ ਦੇ ਛਿੱਟੇ ਆਏ ਹਨ। ਸਾਨੂੰ ਕੋਈ ਸਮਝ ਨਹੀਂ ਆ ਰਹੀ, ਅਸੀਂ ਬੜੇ ਚਿੰਤਾ ਤੇ ਡਰ ਵਿੱਚ ਹਾਂ।ਅਸੀਂ ਵਿਗਿਆਨਕ ਤੌਰ ਤੇ ਦੇਖਿਆ ਕਿ ਇਹ ਲਹੂ ਨੁੰਮਾ ਛਿੱਟੇ ਬੰਦਿਆਂ ਦੀ ਪਹੁੰਚ ਤੋਂ ਬਾਹਰ ਸਨ।ਕੰਧ ਕਾਫੀ ਉੱਚੀ ਹੈ।ਨਿਸ਼ਾਨ ਕੰਧ ਦੇ ਵਿਚਾਲੇ ਸੀ,ਕਿਸੇ ਦਾ ਵੀ ਉਪਰੋਂ ਜਾਂ ਹੇਠਾਂ ਹੱਥ ਨਹੀਂ ਜਾ ਸਕਦਾ ਸੀ । ਬਿਲਕੁਲ ਉਪਰ ਜਾਂ ਬਿਲਕੁਲ ਹੇਠਾਂ ਭੋਰਾ ਵੀ ਨਿਸ਼ਾਨ ਨਹੀਂ ਸੀ ਜਿਸਤੋਂ ਪਤਾ ਲਗ ਸਕੇ ਕਿ ਕਿਸੇ ਵਿਅਕਤੀ ਨੇ ਉਪਰੋਂ ਜਾਂ ਹੇਠਾਂ ਕੰਧ ਦੇ ਵਿਚਾਲੇ ਲਾਏ ਹੋਣ। ਪੌੜੀ ਤੋਂ ਵੀ ਹੱਥ ਨਹੀਂ ਜਾ ਸਕਦਾ ਸੀ।ਚਿਹਰੇ ਤੋਂ ਵੀ ਕਿਸੇ ਵਿਅਕਤੀ ਤੇ ਸ਼ੱਕ ਨਹੀਂ ਕੀਤਾ ਜਾ ਸਕਿਆ।ਅਸੀਂ ਇਕੱਲੇ ਇਕੱਲੇ ਵਿਅਕਤੀ ਤੋਂ ਅੱਡ ਬਿਠਾ ਕੇ ਗਲ ਕੀਤੀ। ਪਰਿਵਾਰਕ ਮੈਂਬਰ ਅਤੀ ਅੰਧਵਿਸ਼ਵਾਸੀ ਸੀ, ਵਿਗਿਆਨਕ ਸੋਚ ਤੋਂ ਕਾਫੀ ਦੂਰ ਸਨ। ਮਨੋਵਿਗਿਆਨਕ ਤੌਰ ਤੇ ਕੀਤੀ ਪੜਤਾਲ ਤੋਂ ਕਿਸੇ ਪਰਿਵਾਰਕ ਮੈਂਬਰ ਤੇ ਸ਼ੱਕ ਨਹੀਂ ਹੋਇਆ।ਇਹ ਨਿਸ਼ਾਨ ਲਹੂ ਦੇ ਸੀ ਜਾਂ ਕਿਸੇ ਹੋਰ ਚੀਜ਼ ਦੇ , ਪਤਾ ਨਹੀਂ ਲਗ ਸਕਿਆ। ਅਸੀਂ ਸੋਚ ਰਹੇ ਸੀ ਕਿ ਇਹ ਨਿਸ਼ਾਨ ਕੰਧ ਦੇ ਵਿਚਾਲੇ ਕਿਵੇਂ ਲਗ ਸਕਦੇ ਹਨ। ਅਸੀਂ ਵਿਚਾਰ ਕਰਦੇ , ਸੋਚਦੇ ਉਨ੍ਹਾਂ ਦੇ ਵੱਡੇ ਵਿਹੜੇ ਵਿੱਚ ਦਰੱਖਤਾਂ ਹੇਠ ਜਾ ਖੜ੍ਹੇ ਹੋਏ । ਕਈ ਦਰੱਖ਼ਤ ਸ਼ਹਿਤੂਤ ਦੇ ਸਨ, ਤੂਤੀਆਂ ਲੱਗੀਆਂ ਹੋਈਆਂ ਸਨ।ਅਸੀਂ ਉਥੇ ਕੰਧ ਤੇ ਲੱਗੇ ਨਿਸ਼ਾਨ ਵਰਗੇ ਹੇਠਾਂ ਜ਼ਮੀਨ ਤੇ ਨਿਸ਼ਾਨ ਦੇਖੇ। ਮੈਂ ਇੱਕ ਦਮ ਕਿਹਾ ਖ਼ੂਨ ਦੇ ਛਿੱਟਿਆਂ ਵਾਲਾ ਭੂਤ ਫ਼ੜ ਲਿਆ।ਦੇਖੋ ਜ਼ਮੀਨ ਤੇ ਖ਼ੂਨ ਦੇ ਨਿਸ਼ਾਨ ਹਨ ਤੇ ਦਰੱਖ਼ਤ ਉਪਰੋਂ ਆ ਰਹੇ ਹਨ। ਮੈਂ ਕਿਹਾ ਕੰਧ ਤੇ ਖ਼ੂਨ ਦੇ ਨਿਸ਼ਾਨ ਨਹੀਂ, ਪੰਛੀਆਂ ਦੀਆਂ ਵਿੱਠਾਂ ਹਨ।ਪੰਛੀ ਇਹ ਤੂਤੀਆਂ ਖਾਂਦੇ ਹਨ ਤੇ ਉੱਡਦਿਆਂ ਉਨ੍ਹਾਂ ਦੀਆਂ ਵਿੱਠਾਂ ਕੰਧ ਤੇ ਗਿਰ ਗਈਆਂ ਹਨ ਤੇ ਪਰਿਵਾਰ ਵਾਲਿਆਂ ਬਿਨਾਂ ਪੜਤਾਲ ਕੀਤਿਆਂ,ਵਹਿਮੀ ਹੋਣ ਕਰਕੇ ਸੋਚ ਲਿਆ ਇਹ ਖ਼ੂਨ ਦੇ ਛਿੱਟੇ ਹਨ। ਅਸੀਂ ਸਾਰਿਆਂ ਨੇ ਪਵਿੱਤਰ ਸਿੰਘ ਸਮੇਤ ਪਰਿਵਾਰਕ ਮੈਂਬਰਾਂ ਨੂੰ ਬਿਠਾ ਕੇ ਕਿਹਾ ਕਿ ਖ਼ੂਨ ਦੇ ਛਿੱਟਿਆਂ ਵਾਲਾ ਭੂਤ ਫ਼ੜ ਲਿਆ ਹੈ,ਘਰ ਦੇ ਸਾਰੇ ਮੈਂਬਰ ਬੜੇ ਹੈਰਾਨ ਹੋਏ। ਅਸੀਂ ਕਿਹਾ ਇਹ ਪੰਛੀਆਂ ਦੀਆਂ ਵਿੱਠਾਂ ਦੇ ਨਿਸ਼ਾਨ ਹਨ ।ਅਸੀਂ ਉਨ੍ਹਾਂ ਸਾਰਿਆਂ ਨੂੰ ਸ਼ਹਿਤੂਤ ਦੇ ਦਰੱਖ਼ਤ ਹੇਠਾਂ ਲੈ ਗਏ ਤੇ ਕਿਹਾ ਦੇਖੋ ਕਿੰਨੇ ਖ਼ੂਨ ਨੁੰਮਾ ਨਿਸ਼ਾਨ ਜ਼ਮੀਨ ਤੇ ਹਨ।ਪੰਛੀ ਇਹ ਤੂਤੀਆਂ ਖਾਂਦੇ ਹਨ ਤੇ ਕਿਸੇ ਦਿਨ ਇਨ੍ਹਾਂ ਦੀਆਂ ਵਿੱਠਾਂ ਕੰਧ ਤੇ ਗਿਰ ਗਈਆਂ ਤੇ ਇਹ ਨਿਸ਼ਾਨ ਪੈ ਗਏ। ਤੁਸੀਂ ਖ਼ੂਨ ਦੇ ਨਿਸ਼ਾਨ ਸਮਝ ਲਏ।ਘਰ ਦੇ ਮੈਂਬਰਾਂ ਨੇ ਹਾਂ ਵਿੱਚ ਹਾਂ ਮਿਲਾਈ ਤੇ ਸੁੱਖ ਦਾ ਸਾਹ ਲਿਆ।ਸਾਡੀ ਪਰਖ਼ ਤੋਂ ਪਵਿੱਤਰ ਸਿੰਘ ਸਮੇਤ ਸਾਰੇ ਪਰਿਵਾਰਕ ਮੈਂਬਰ ਬਹੁਤ ਖੁਸ਼ ਹੋਏ । ਪਰਿਵਾਰ ਮੁਖੀ ਵਚਿੱਤਰ ਸਿੰਘ ਨੇ ਕਿਹਾ,” ਤੁਸੀਂ ਸਾਨੂੰ ਬਚਾ ਲਿਆ, ਅਸੀਂ ਸਾਰੇ ਬਹੁਤ ਡਰੇ ਹੋਏ ਸੀ, ਇੱਕ ਅਖੌਤੀ ਸਿਆਣੇ ਨੇ ਤਾਂ ਸਾਨੂੰ ਭੂਤਾਂ ਦੇ ਨਿਸ਼ਾਨ ਕਹਿ ਕੇ ਬਹੁਤ ਜ਼ਿਆਦਾ ਡਰਾ ਦਿੱਤਾ ਸੀ, ਤੁਸੀਂ ਸਾਨੂੰ ਭਰਮ ਮੁਕਤ ਕਰਕੇ ਅਖੌਤੀ ਸਿਆਣਿਆਂ ਦੇ ਚੱਕਰਾਂ ਤੋਂ ਬਚਾਅ ਲਿਆ ਜੇ ਅਸੀਂ ਅਖੌਤੀ ਬਾਬਿਆਂ ਦੇ ਡੇਰਿਆਂ ਦੇ ਚੱਕਰਾਂ ਵਿੱਚ ਪੈ ਜਾਂਦੇ ਤਾਂ ਘਰ ਲੁਟਾ ਲੈਂਦੇ ,ਭਲਾ ਹੋਵੇ ਪਵਿੱਤਰ ਸਿੰਘ ਦਾ ਜਿਸ ਤਰਕਸ਼ੀਲ ਸੁਸਾਇਟੀ ਵਾਲਿਆਂ ਨੂੰ ਬੁਲਾ ਲਿਆਂਦਾ, ਜਿਉਂਦੇ ਰਹੋ,ਵਸਦੇ ਰਹੋ।” ਅੰਤ ਵਿੱਚ ਅਸੀਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਇਕੱਠੇ ਕਰਕੇ ਕਿਹਾ ਕਿ ਇਸ ਦੁਨੀਆਂ ਵਿੱਚ ਭੂਤ ਪ੍ਰੇਤ ਨਾਂ ਦੀ ਕੋਈ ਚੀਜ਼ ਨਹੀਂ, ਸੁਣੀਆਂ ਸੁਣਾਈਆਂ ਗੱਲਾਂ ਦਾ ਡਰ ਹੈ ,ਇਥੇ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਦੇ ਕਾਰਨ ਲੱਭਣਾ, ਸਚਾਈ ਦੀ ਥਹੁ ਤਕ ਜਾਣਾ ਤਰਕਸ਼ੀਲਤਾ ਹੈ ਵਿਗਿਆਨਕ ਵਿਚਾਰ ਹਨ ਸੋ ਸਾਨੂੰ ਅਖੌਤੀ ਸਿਆਣਿਆਂ ਦੇ ਫੈਲਾਏ ਭਰਮ ਜਾਲ ਵਿਚੋਂ ਨਿਕਲ ਕੇ ਵਿਗਿਆਨਕ ਸੋਚ ਦੇ ਧਾਰਨੀ ਬਣਨਾ ਚਾਹਿਆ। ਸਾਡੇ ਖਰਚੇ ਬਾਰੇ ਪੁੱਛਣ ਤੇ ਮੈਂ ਕਿਹਾ ,” ਸਾਡੀ ਕੋਈ ਫੀਸ ਨਹੀਂ,ਸਾਡਾ ਤਾਂ ਵਿਗਿਆਨਕ ਸੋਚ ਅਪਨਾਉਣ ਦਾ ਸੱਦਾ ਹੀ ਸਾਡਾ ਖਰਚਾ ਹੈ , ਸਾਡੀ ਫ਼ੀਸ ਹੈ।”
ਇਸ ਲਈ ਲਾਈਲੱਗਤਾ , ਜਾਦੂ- ਟੂਣੇ, ਧਾਗੇ -ਤਵੀਤਾਂ, ਅੰਧਵਿਸ਼ਵਾਸਾਂ,ਵਹਿਮਾਂ-ਭਰਮਾਂ ਦੀ ਦਲਦਲ ਵਿੱਚੋਂ ਨਿਕਲ ਕੇ ਸੂਝਵਾਨ ਤੇ ਵਿਗਿਆਨਕ ਸੋਚ ਦੇ ਧਾਰਨੀ ਬਣੋ ਤੇ ਦੂਜਿਆਂ ਨੂੰ ਵਿਗਿਆਨਕ ਸੋਚ ਦੀ ਰੋਸ਼ਨੀ ਵਿੱਚ ਲਿਆਉਣ ਲਈ ਯਤਨਸ਼ੀਲ ਹੋਵੋ। ਅਸੀਂ ਉਨ੍ਹਾਂ ਨੂੰ ਤਰਕਸ਼ੀਲ ਮੈਗਜ਼ੀਨ ਤੇ ਵਿਗਿਆਨਕਾਂ ਵਿਚਾਰਾਂ ਵਾਲੀਆਂ ਪੁਸਤਕਾਂ ਪੜ੍ਹਨ ਦਾ ਸੁਨੇਹਾ ਦੇ ਕੇ ਤੇ ਡਰ ਮੁਕਤ ਕਰਕੇ ਵਾਪਸ ਆ ਗਏ।
ਮਾਸਟਰ ਪਰਮ ਵੇਦ
ਜੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
ਅਫ਼ਸਰ ਕਲੋਨੀ ਸੰਗਰੂਰ
9417422349

