ਹਿੰਦ ਦੀ ਚਾਦਰ ਸਿੱਖਾਂ ਦੇ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਜਾਂਦਾ ਹੈ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਵੈਸਾਖ ਵਦੀ 5 ਸੰਮਤ 1678, ਮੁਤਾਬਕ 1 ਅਪੈ੍ਲ 1621 ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਘਰ ਸ੍ਰੀ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਸ੍ਰੀ ਅੰਮਿ੍ਤਸਰ ਸਾਹਿਬ ਗੁਰੂ ਕੇ ਮਹਿਲਾਂ ਵਿੱਚ ਹੋਇਆ। ਸ਼੍ਰੀ ਗੁਰੂ ਤੇਗ ਬਹਾਦਰ ਜੀ ਛੇਂਵੀ ਪਾਤਸ਼ਾਹੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਹੋਣ ਦੀ ਖ਼ਬਰ ਸੁਣ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਜੀ ਦੇਖਣ ਗਏ। ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਵੇਖਿਆਂ ਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਿਹਾ ਸਾਡਾ ਪੁੱਤਰ ਬੜਾ ਬਲੀ, ਸੂਰਬੀਰ ਹੋਵੇਗਾ। ਅਸੀ ਇਸ ਦਾ ਨਾਮ ਤਿਆਗ ਮੱਲ ਰੱਖਦੇ ਹਾਂ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪੜਾਈ, ਸਿਖਲਾਈ ਮੀਰੀ -ਪੀਰੀ ਦੇ ਮਾਲਕ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਨਿਗਰਾਨੀ ਹੇਠ ਹੋਈ। ਸ਼੍ਰੀ ਗੁਰੂ ਤੇਗ ਬਹਾਦਰਜੀ ਨੂੰ ਗੁਰਬਾਣੀ ਤੇ ਧਰਮ -ਗ੍ੰਥਾਂ ਦੀ ਪੜਾਈ ਦੇ ਨਾਲ – ਨਾਲ ਸ਼ਸਤਰਾਂ ਦੀ ਵਰਤੋਂ ਅਤੇ ਹੋਰ ਸਵਾਰੀ ਦੀ ਸਿਖਲਾਈ ਵੀ ਕਰਾਈ ਗਈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਸੁੰਦਰ -ਜਵਾਨ, ਗੱਭਰੂ -ਬਲਵਾਨ, ਸੂਰਬੀਰ, ਵਿਦਵਾਨ, ਸ਼ਸਤਰਧਾਰੀ ਅਤੇ ਧਰਮ ਤੇ ਰਾਜਨੀਤੀ ਦੇ ਚੰਗੇ ਜਾਣੂੰ ਬਣੇ।
ਸੰਨ 1635 ਵਿੱਚ ਕਰਤਾਰਪੁਰ ਦੀ ਲੜਾਈ ਵਿੱਚ ਗੁਰੂ ਹਰਿਗੋਬਿੰਦ ਜੀ ਨੇ ਇਨ੍ਹਾਂ ਦੀ ਬਹਾਦਰੀ ਨੂੰ ਵੇਖਦਿਆਂ ਆਪ ਦਾ ਨਾਮ ਤੇਗ ਬਹਾਦਰ ਰੱਖ ਦਿੱਤਾ। ਜਿਸਦਾ ਅਰਥ ਤਲਵਾਰ ਦਾ ਧਨੀ ਹੈ।
ਸ੍ਰੀ ਗੁਰੂ ਤੇਗ ਬਹਾਦਰ ਜੀ ਵਿਆਹ ਕਰਤਾਰਪੁਰ (ਜਲੰਧਰ) ਵਾਸੀ ਸ੍ਰੀ ਲਾਲ ਚੰਦ ਜੀ ਖੱਤਰੀ ਦੀ ਸਪੁੱਤਰੀ, ਸ੍ਰੀ ਮਾਤਾ ਗੁਜਰੀ ਜੀ ਨਾਲ 15ਅੱਸੂ 1689 ਨੂੰ ਹੋਇਆ। ਜਿਹਨਾਂ, ਦੀ ਕੁੱਖ ਤੋਂ ਸੰਮਤ1723 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੈਦਾ ਹੋਏ। ਵਿਆਹ ਦੇ 34 ਸਾਲਾਂ ਤੋਂ ਬਾਅਦ ਗੁਰੂ ਜੀ ਦੇ, ਘਰ ਨਿਵਾਸ ਵਿੱਚ ਗੁਰੂ ਗੋਬਿੰਦ ਸਿੰ ਜੀ ਦਾ ਆਗਮਨ ਹੋਇਆ
ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਨਿੱਜੀ ਤੇ ਘਰੋਗੀ ਜੀਵਨ ਬੜਾ ਸਾਦਾ, ਸੁਖੀ ਸੀ, ਆਪ ਦਾ ਮਨ ਸੰਸਾਰ ਦੇ ਲਾਲਚਾਂ, ਮੋਹਾਂ, ਝਗੜਿਆਂ ਤੇ ਰਸਾਂ ਤੋਂ ਬੇਲਾਗ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੀਆਂ ਖਾਹਿਬਾਂ ਤੇ ਰੁਚੀਆਂ ਨੂੰ ਪੂਰਨ ਤੌਰ ਤੇ ਵੱਸ ਵਿੱਚ ਕਰ ਲਿਆ ਸੀ। ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਜੋਤੀ ਜੋਤਿ ਸਮਾਉਣ ਸਮੇਂ
ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਛੱਡ ਕੇ ਗੁਰੂ ਜੀ ਦੇ ਭਤੀਜੇ ਸ੍ਰੀ ਹਰਿਰਾਇ ਸਾਹਿਬ ਨੂੰ ਗੁਰਗੱਦੀ ਲਈ ਨੀਅਤ ਕੀਤਾ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮਨ ਵਿੱਚ ਰਤੀ ਭਰ ਰੋਸ ਜਾਂ ਅਫ਼ੋਸਸ ਨਾ ਪੈਦਾ ਹੋਇਆ। ਗੁਰੂ ਤੇਗ ਬਹਾਦਰ ਜੀ ਦੇ ਮਨ ਵਿੱਚ ਇਹ ਖਿਆਲ ਨਾ ਉਪਜਿਆਂ ਕਿ ਗੁਰੂ ਗੱਦੀ ਸਾਨੂੰ ਮਿਲਣੀ ਚਾਹੀਦੀ ਸੀ। ਇਸੇਤਰਾਂ ਸੱਤਵੇਂ ਗੁਰੂ ਜੀ ਦੇ ਜੋਤੀ -ਜੋਤਿ ਸਮਾਏ ਅਤੇ ਉਹਨਾਂ ਨੇ ਗੁਰੂ ਗੱਦੀ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਨਾ ਚੁਣਿਆ, ਸਗੋਂ ਆਪਣੇ ਪੰਜਾਂ ਸਾਲਾਂ ਦੇ ਸਪੁੱਤਰ ਸ੍ਰੀ ਹਰਿਕਿਸ਼ੑਨ ਸਾਹਿਬ ਜੀ ਨੂੰ ਗੁਰਤਾ ਦਿੱਤੀ, ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਜੇ ਮਨ ਵਿੱਚ ਕੋਈ ਰੋਸ ਜਾਂ ਅਫਸੋਸ ਜਾਂ ਲਾਲਚ ਪੈਦਾ ਨਾ ਹੋਇਆ।
ਸੰਮਤ 1709 ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਜੋਤੀ-ਜੋਤਿ ਸਮਾਉਣ ਮਗਰੋਂ ਆਪ ਆਪਣੀ ਮਾਤਾ ਜੀ ਅਤੇ ਸੁਪਤਨੀ ਸਮੇਤ ਆਪਣੇ ਨਾਨਕੇ, ਪਿੰਡ ਬਕਾਲੇ ਜ਼ਿਲਾ ਅੰਮਿ੍ਤਸਰ ਜਾ ਟਿਕੇ ਅਤੇ ਵੀਹ ਇੱਕੀ ਵਰੵੇ ਓਥੇ ਰਹੇ। ਉੱਥੇ ਆਪ ਇੱਕ ਮਾਮੂਲੀ ਜਿਹੇ ਮਕਾਨ ਵਿੱਚ ਇਕਾਂਤ, ਸ਼ਾਂਤ ਤੇ ਟਿਕਾਉ ਵਾਲਾ ਜੀਵਨ ਬਤੀਤ ਕਰਦੇ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਬਹੁਤਾ ਚਿਰ ਭੋਰੇ ਵਿੱਚ ਰਹਿ ਕੇ ਜਪ ਤਪ ਤੇ ਸਿਮਰਨ ਅਭਿਆਸ ਕਰਦੇ ਰਹਿੰਦੇ ਸਨ।
ਜਦੋਂ ਸ੍ਰੀ ਹਰਿਕਿਸ਼ੑਨ ਸਾਹਿਬ ਜੀ ਚੇਤ ਸੁਦੀ 14(3ਵੈਲਾਖ) ਸੰਮਤ 1721ਨੂੰ ਦਿੱਲੀ ਵਿੱਚ ਜੋਤੀ-ਜੋਤਿ ਸਮਾਉਣ ਲੱਗੇ ਸੰਗਤਾਂ ਨੇ ਸ੍ਰੀ ਹਰਿਕਿਸ਼ੑਨ ਜੀ ਪਾਸੋਂ ਪੁੱਛਿਆ ਕਿ ਤੁਹਾਡੇ ਦੇ ਮਗਰੋਂ ਸਾਡੇ ਗੁਰੂ ਕੌਣ ਹੋਣਗੇ, ਤਾਂ ਸ੍ਰੀ ਹਰਿਕਿਸ਼ਨ ਜੀ ਨੇ ਪੰਜ ਪੈਸੇ ਤੇ ਨਰੇਲ ਹੱਥ ਵਿੱਚ ਲੇਕੇ ਬਾਂਹ ਉੱਚੀ ਕਰ ਕੇ ਤਿੰਨ ਵੇਰ ਘੁਮਾਈ ਅਤੇ ਕਿਹਾ “ਬਾਬਾ ਬਕਾਲਾ”। ਇਸ ਵਾਕ ਅਸਲ ਵਿੱਚ ਤਾਂ ਚੋਖੇ ਸਪੱਸ਼ਟ ਸਨ। ਜਿਸ ਮਹਾਂਪੁਰਸ਼ ਨੇ ਗੁਰ-ਗੱਦੀ ਸੰਭਾਲਣੀ ਹੈ ਉਹ ਸਾਡਾ ਬਾਬਾ ਲੱਗਦਾ ਹੈ ਅਤੇ ਬਕਾਲੇ ਰਹਿੰਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸ੍ਰੀ ਗੁਰੂ ਹਰਿਕਿਸ਼ਨ ਜੀ ਦੇ, ਬਾਬਾ ਜੀ ਲੱਗਦੇ ਸਨ। ਜਦੋਂ ਇਸ ਗੱਲ ਦਾ ਬਕਾਲੇ ਪਤਾ ਲੱਗਿਆ ਤਾਂ ਹਰੇਕ ਕੋਈ ਗੁਰੂ ਗੱਦੀ ਦੀ ਚਾਹਵਾਨਾਂ ਆਪੋ ਆਪੇ ਮੂੰਹੋਂ ਆਖੇ ਕਿ ਮੈਂ ਸੋਢੀ ਬਾਬਾ ਹਾਂ ਅਤੇ ਹਰੇਕ ਬਕਾਲੇ ਮੰਜੀ ਡਾਹ ਬੈਠਾ।
ਚੇਤ ਸੰਮਤ 1722 (ਮਾਰਚ ਸੰਨ 1665) ਵਿੱਚ ਭਾਈ ਮੱਖਣ ਸ਼ਾਹ ਲੁਬਾਣਾ, ਗੁਰੂ ਜੀ ਦੇ ਦਰਸ਼ਨਾਂ ਲਈ ਬਕਾਲੇ ਪੁੱਜਾ। ਉਸ ਸਮੇਂ ਵੈਸਾਖੀ ਦਾ ਨੇੜ ਹੋਣ ਕਰਕੇ ਬਕਾਲੇ ਵਿੱਚ ਚੋਖੀਆਂ ਸੰਗਤਾਂ ਜੁੜੀਆਂ ਹੋਈਆਂ ਸਨ। ਵਪਾਰੀ ਲੱਖੀ ਸ਼ਾਹ ਲੁਬਾਣਾ ਦਾ ਜਦੋਂ ਜਹਾਜ਼ ਡੁੱਬਦਾ ਸੀ ਤਾਂ ਉਸਨੇ ਅਰਦਾਸ ਕੀਤੀ ਕਿ ਉਹ ਗੁਰੂ ਜੀ ਦੇ ਚਰਨਾਂ ਵਿੱਚ 500 ਮੋਹਰਾਂ ਭੇਟ ਕਰੇਗਾ।ਪਰ ਜਦੋਂ ਬਕਾਲੇ ਪੁੱਜਾ ਤਾਂ ਉਸ ਨੇ ਅਨੋਖੀ ਹੀ ਝਾਕੀ ਦੇਖੀ। ਕਈ ਸੋਢੀ ਮੰਜੀਆਂ ਡਾਹੀ ਗੁਰੂ ਬਣ ਬੈਠੇ ਸਨ। ਉਹਨਾਂ ਦੇ ਮਨਾਂ ਵਿੱਚ ਈਰਖਾ ਤੇ ਕ੍ਰੋਧ ਦੇ ਭਾਂਬੜ ਬਲ ਰਹੇ ਸਨ। ਉਹ ਲੋਭ ਲਾਲਚ ਦੇ ਚਿੱਕੜ ਵਿੱਚ ਧਸੇ ਫਸੇ ਸਨ। ਉਸਨੇ 22 ਮੰਜੀਆਂ ਤੇ ਗੁਰੂ ਬੈਠੇ ਹੋਏ ਵੇਖੇ ਜਿਸ ਕਾਰਨ ਮੱਖਣ ਸ਼ਾਹ ਲੁਬਾਣਾ ਨੇ ਹਰ ਇੱਕ ਅੱਗੇ 2-2 ਮੋਹਰਾਂ ਰੱਖੀਆਂ। ਹਰ ਕੋਈ 2-2 ਮੋਹਰਾਂ ਵੇਖ ਕੇ ਖੁਸ਼ ਹੋ ਗਏ, ਕਿਸੇ ਨੇ ਵੀ ਭੇਟ ਦੀ ਪੂਰੀ ਰਕਮ ਦੀ ਮੰਗ ਨਹੀ ਕੀਤੀ।
ਭਾਈ ਮੱਖਣ ਸ਼ਾਹ ਲੁਬਾਣਾ, ਇਹ ਦੇਖ ਕੇ ਬੜਾ ਨਿਰਾਸ਼ ਹੋਇਆ। ਉਸ ਨੇ ਲੋਕਾਂ ਤੋਂ ਪੁੱਛੀਆਂ ਕਿ ਏਥੇ ਕੋਈ ਹੋਰ ਸੋਢੀ ਵੀ ਰਹਿੰਦਾ ਹੈ? ਤਾਂ ਕਿਸੇ ਨੇ ਭਾਈ ਮੱਖਣ ਸ਼ਾਹ ਲੁਬਾਣਾ ਨੂੰ ਇਕਾਂਤ ਸ਼ਾਂਤ ਵਿੱਚ ਰਹਿ ਰਹੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਵਾਰੇ ਦੱਸਿਆ ਅਤੇ ਨਾਲ ਹੀ ਕਿਹਾ ਕਿ ਉਹ ਗੁਰੂ ਬਣਨ ਦੇ ਚਾਹਵਾਨ ਨਹੀਂ। ਭਾਈ ਮੱਖਣ ਸ਼ਾਹ ਲੁਬਾਣਾ,ਜੀ ਓਥੇ ਗਏ, ਤੇ ਭੋਰੇ ਵਿੱਚ ਬੈਠੇ ਭਜਨ ਬੰਦਗੀ ਕਰ ਰਹੇ ਗੁਰੂ ਜੀ ਦੇ ਦਰਸ਼ਨ ਲਈ ਬੇਨਤੀ ਕੀਤੀ, ਪਰ ਮਾਤਾ ਗੁਜਰੀ ਜੀ ਨੇ ਕਿਹਾ “ਮਹਾਰਾਜ ਕਿਸੇ ਨੂੰ ਨਹੀ ਮਿਲਦੇ। ਪਰ ਭਾਈ ਮੱਖਣ ਸ਼ਾਹ ਲੁਬਾਣਾ, ਜਾ ਗੁਰੂ ਜੀ ਵਾਸਤਾ ਪਾਕੇ ਭੌਰੇ ਦਾ ਬੂਹਾ ਖੁਦਵਾਇਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਦਿਆਂ ਆਤਮਾ ਨੂੰ ਸਾਕੀ ਤੇ ਮਨ ਨੂੰ ਸੁਖ ਹੋ ਗਿਆ, ਭਾਈ ਜੀ ਨੇ ਗੁਰੂ ਜੀ ਪੱਕੀ ਤੱਸਲੀ ਕਰਨ ਦੀ ਖਾਤਰ ਦੋ ਮੋਹਰਾਂ ਰੱਖ ਕੇ ਮੱਥਿਆਂ ਟੇਕਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਕਿਹਾ “ਭਾਈ ਸਿੱਖਾ, ਗੁਰੂ ਦੀ ਅਮਾਨਤ ਦਿੱਤੀ ਹੀ ਬਲੀ ਹੁੰਦੀ ਹੈ, ਹਜ਼ਾਰ ਵਿੱਚੋਂ ਕੇਵਲ ਦੋ ਦੇ ਰਿਹਾ। ਇਹ ਕਿਉਂ? “ ਇਹ ਸੁਣ ਕੇ ਲੱਖੀ ਸ਼ਾਹ ਲੁਬਾਣਾ ਨੇ ਖੁਸ਼ ਹੋ ਕੇ ਕਿਹਾ ‘ਗੁਰੂ ਲਾਧੋ ਰੇ ਗੁਰੂ ਲਾਧੋ’ਗੁਰੂ ਮਿਲ ਗਿਆ ਹੈ। ਇਸ ਪ੍ਰਕਾਰ ਤੇਗ ਬਹਾਦਰ ਜੀ ਨੂੰ ਗੁਰੂ ਮੰਨ ਲਿਆ ਗਿਆ।
ਗੁਰਗੱਦੀ ਤੇ ਬੈਠਣ ਤੋਂ ਬਾਅਦ ਗੁਰੂ ਜੀ ਨੂੰ ਅੰਮਿ੍ਤਸਰ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਇਸ ਤਰ੍ਹਾਂ ਗੁਰੂ ਜੀ ਨੇ ਹਰਮਿੰਦਰ ਸਾਹਿਬ ਕੋਲ ਨਿਵਾਸ ਕੀਤਾ। ਜਿੱਥੇ ਗੁਰਦੁਆਰਾ ਥੰਮ ਸਾਹਿਬ (ਥੜਾ ਸਾਹਿਬ) ਬਣਾਇਆ ਗਿਆ। ਫਿਰ ਗੁਰੂ ਜੀ ਨੇ ਧਰਮ ਪੑਚਾਰ ਲਈ ਯਾਤਰਾਵਾਂ ਕਰਨੀਆਂ ਸ਼ੁਰੂ ਕੀਤੀਆਂ। ਸਭ ਤੋਂ ਪਹਿਲਾਂ ਅੰਮਿ੍ਤਸਰ ਵਿੱਚ ਘੁੱਕੇ ਵਾਲੀ ਗਏ ਜਿਥੇ ਕੁਦਰਤੀ ਸੁੰਦਰਤਾ ਬਹੁਤ ਸੀ ਜਿਸ ਤੋਂ ਖੁਸ਼ ਹੋ ਕੇ ਇਸਦਾ ਨਾਮ ‘ਗੁਰੂ ਕਾ ਬਾਗ’ ਰੱਖ ਦਿੱਤਾ। ਫਿਰ ਗੁਰੂ ਜੀ ਤਰਨਤਾਰਨ, ਖਡੂਰ ਸਾਹਿਬ, ਗੋਇੰਦਵਾਲ ਤੋਂ ਮਾਲਵਾ ਪਰਦੇਸ਼ ਦੇ ਇਲਾਕੇ ਤਲਵੰਡੀ ਸਾਬੋ, ਮੋੜ ਮੰਡੀ, ਮਹਿਸਰਖਾਨਾ ਆਦਿ ਥਾਵਾਂ ਤੇ ਗਏ। ਬਿਲਾਸਪੁਰ ਦੇ ਰਾਜੇ ਭੀਮ ਚੰਦ ਦੀ ਰਾਣੀ ਜਲਾਲ ਦੇਵੀ ਤੋਂ 500 ਰੁ: ਵਿੱਚ ਜ਼ਮੀਨ ਖਰੀਦ ਕੇ ਚੱਕ ਨਾਨਕੀ ਨਾਂ ਦਾ ਸ਼ਹਿਰ ਵਸਾਇਆ ਜਿਸ ਨੂੰ ਫਿਰ ਮਾਖੋਵਾਲ ਕਿਹਾ ਜਾਣ ਲੱਗਾ। ਇਹ ਨਗਰ 16 ਜੂਨ 1665 ਵਿੱਚ ਵਸਾਇਆ ਗਿਆ। ਜੋ ਕਿ ਅਜੋਕਾ ਆਨੰਦਪੁਰ ਸਾਹਿਬ ਬਣ ਗਿਆ।
ਸੰਮਤ 1726(ਸੰਨ1669) ਵਿੱਚ ਇੱਕ ਹਕਮ ਜਾਰੀ ਕੀਤਾ ਸੀ ਕਿ ਹਿੰਦੂਆਂ ਸਿੱਖਾਂ ਦੇ ਮੰਦਰਾਂ, ਧਰਮਸਾਲਾ ਅਤੇ ਪਾਠ ਸਾਲਾਂ ਨੂੰ ਢਾਹ ਦਿੱਤਾ ਜਾਵੇ ਅਤੇ ਮੰਦਰਾਂ ਦੇ ਥਾਂ ਮਸੀਤਾਂ ਬਣਾਈਆਂ ਜਾਣ। ਇਹ ਹੁਕਮ ਉਪਰ ਸਖਤੀ ਨਾਲ ਵਰਤੋਂ, ਆਰੰਭੀ ਗਈ। ਔਰੰਗਜ਼ੇਬ ਦੇ ਜ਼ੁਲਮ ਦਾ ਸ਼ਿਕਾਰ ਬਣੇ ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ ਕਿਸੇ ਪਾਸੇ ਨਾ ਸੁਣੀ ਗਈ ਤਾਂ ਉਨ੍ਹਾਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਲੈਣ ਦਾ ਨਿਸ਼ਚੈ ਕੀਤਾ। 25 ਮਈ, 1675 ਦੇ ਦਿਨ 16 ਕਸ਼ਮੀਰੀ ਬ੍ਰਾਹਮਣਾਂ ਦਾ ਇਕ ਜੱਥਾ ਵੀ ਚੱਕ ਨਾਨਕੀ ਆਇਆ। ਉਹ ਇਕ ਮੋਹਤਬਰ ਸਿੱਖ ਆਗੂ ਭਾਈ ਕਿਰਪਾ ਰਾਮ ਦੱਤ ਨੂੰ ਵੀ ਅਪਣੇ ਨਾਲ ਲੈ ਕੇ ਆਏ ਸਨ। ਭਾਈ ਕਿਰਪਾ ਰਾਮ, ਕਸ਼ਮੀਰ ਵਿਚ ਸਿੱਖ ਧਰਮ ਦੇ ਸੱਭ ਤੋਂ ਵੱਡੇ ਪ੍ਰਚਾਰਕਾਂ ਵਿਚੋਂ ਇਕ ਸਨ। ਕਸ਼ਮੀਰੀ ਬ੍ਰਾਹਮਣ ਇਸ ਸਿੱਖ ਆਗੂ ਦੀ ਬਾਂਹ ਫੜ ਕੇ ਚੱਕ ਨਾਨਕੀ ਆਏ ਅਤੇ ਤਖ਼ਤ ਦਮਦਮਾ ਸਾਹਿਬ ਤੇ ਗੁਰੂ ਸਾਹਿਬ ਦੇ ਦਰਬਾਰ ਵਿਚ ਆ ਫ਼ਰਿਆਦੀ ਹੋਏ। ਕਸ਼ਮੀਰੀ ਬ੍ਰਾਹਮਣਾਂ ਨੇ ਗੁਰੂ ਸਾਹਿਬ ਨੂੰ ਦਸਿਆ ਕਿ ਅਸੀ ਕੇਦਾਰ ਨਾਥ, ਬਦਰੀ ਨਾਥ, ਪੁਰੀ, ਦੁਆਰਕਾ, ਕਾਂਚੀ, ਮਥਰਾ ਤੇ ਹੋਰ ਸਾਰੇ ਹਿੰਦੂ ਕੇਂਦਰਾਂ ਤੋਂ ਹੋ ਆਏ ਹਾਂ ਪਰ ਕਿਸੇ ਨੇ ਵੀ ਸਾਡੀ ਬਾਂਹ ਨਹੀਂ ਫੜੀ। ਅਸੀ, ਕਸ਼ਮੀਰ ਦੇ ਨਵੇਂ ਮੁਸਲਮਾਨ ਗਵਰਨਰ ਇਫ਼ਤਿਖ਼ਾਰ ਖ਼ਾਨ ਦੇ ਜ਼ੁਲਮ ਤੋਂ ਤੰਗ ਆ ਚੁੱਕੇ ਹਾਂ। ਉਹ ਹਰ ਰੋਜ਼ ਸੈਂਕੜੇ ਬ੍ਰਾਹਮਣਾਂ ਨੂੰ ਜਬਰੀ ਮੁਸਲਮਾਨ ਬਣਾ ਰਿਹਾ ਹੈ। ਅਸੀ ਔਰੰਗਜ਼ੇਬ ਦੇ ਹਿੰਦੂ-ਰਾਜਪੂਤ ਵਜ਼ੀਰਾਂ ਤਕ ਵੀ ਪਹੁੰਚ ਕੀਤੀ ਹੈ। ਉਨ੍ਹਾਂ ਨੇ ਵੀ ਅਪਣੀ ਬੇਬਸੀ ਜ਼ਾਹਰ ਕੀਤੀ ਹੈ। ਸਾਨੂੰ ਕੋਈ ਵੀ ਬਹੁੜੀ ਨਹੀਂ ਹੋਇਆ। ਹੁਣ ਸਾਡੀ ਆਖ਼ਰੀ ਆਸ ਸਿਰਫ਼ ਗੁਰੂ ਨਾਨਕ ਸਾਹਿਬ ਦਾ ਦਰ ਹੀ ਹੈ। ਗੁਰੂ ਤੇਗ਼ ਬਹਾਦਰ ਸਾਹਿਬ ਨੇ ਬ੍ਰਾਹਮਣਾਂ ਦੀ ਨਿੰਮੋਝੂਣਤਾ ਵੇਖ ਕੇ ਉਨ੍ਹਾਂ ਨੂੰ ਕਿਹਾ ਕਿ, ”ਗੁਰੂ ਨਾਨਕ ਸਾਹਿਬ ਦੇ ਦਰ ਤੋਂ ਕਦੇ ਵੀ ਕੋਈ ਖ਼ਾਲੀ ਨਹੀਂ ਜਾਂਦਾ। ਵਾਹਿਗੁਰੂ ਤੁਹਾਡੀ ਮਦਦ ਕਰਨਗੇ। ਜਾਉ, ਸੂਬੇਦਾਰ ਨੂੰ ਆਖ ਦਿਉ ਕਿ ਜੇ ਉਹ ਗੁਰੂ ਤੇਗ਼ ਬਹਾਦਰ ਨੂੰ ਮੁਸਲਮਾਨ ਬਣਾ ਲਵੇ ਤਾਂ ਸਾਰੇ ਕਸ਼ਮੀਰੀ ਬ੍ਰਾਹਮਣ ਮੁਸਲਮਾਨ ਬਣ ਜਾਣਗੇ।” ਗੁਰੂ ਸਾਹਿਬ ਦੀ ਗੱਲ ਸੁਣ ਕੇ ਬ੍ਰਾਹਮਣਾਂ ਦੀ ਜਾਨ ਵਿਚ ਜਾਨ ਆਈ। ਉਨ੍ਹਾਂ ਦੀ ਦਰਦ ਕਹਾਣੀ ਸੁਣ ਕੇ ਗੁਰੂ ਜੀ ਨੇ “ਜੋ ਸਰਣਿ ਆਵੈ ਤਿਸੁ ਕੰਠਿ ਲਾਵੈ” ਮਹਾਂਵਾਕ ਅਨੁਸਾਰ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਬਾਬੇ ਨਾਨਕ ਦੇ ਦਰ ਤੋਂ ਮਾਯੂਸ ਨਹੀਂ ਪਰਤਣਗੇ। ਇਸ ਤੋਂ ਬਾਅਦ ਗੁਰੂ ਜੀ ਕਿਸੇ ਡੂੰਘੀ ਸੋਚ ਵਿੱਚ ਡੁੱਬ ਗਏ ਅਤੇ ਕੁਝ ਸਮੇਂ ਬਾਅਦ ਫ਼ੁਰਮਾਉਣ ਲੱਗੇ ਕਿ ਅਜੇ ਧਰਮ ਯੁੱਧ ਦਾ ਸਮਾਂ ਨਹੀਂ ਆਇਆ। ਇਸ ਸਮੇਂ ਕਿਸੇ ਮਹਾਨ ਆਤਮਾ ਦੀ ਸ਼ਹੀਦੀ ਦੀ ਲੋੜ ਹੈ। ਸਿਰਫ਼ ਕੁਰਬਾਨੀ ਨਾਲ ਹੀ ਡੁੱਬਦੇ ਧਰਮ ਨੂੰ ਬਚਾਇਆ ਜਾ ਸਕਦਾ ਹੈ। ਆਪ ਜੀ ਦੇ ਬਚਨ ਸੁਣ ਕੇ ਪੂਰੇ ਦਰਬਾਰ ਵਿੱਚ ਸੱਨਾਟਾ ਛਾ ਗਿਆ। ਆਪ ਜੀ ਦੇ ਸਪੁੱਤਰ ਬਾਲ ਗੋਬਿੰਦ ਰਾਇ ਜੀ ਨੇ ਆਪ ਜੀ ਤੋਂ ਇਸ ਖ਼ਾਮੋਸ਼ੀ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਜਵਾਬ ਦਿੱਤਾ ਕਿ ਅਤਿਆਚਾਰ ਦੇ ਭਾਂਬੜ ਬਹੁਤ ਉੱਚੇ ਚਲੇ ਗਏ ਹਨ। ਜਿਸ ਵਿੱਚ ਇਹ ਨਿਤਾਣੇ ਬਾਲਣ ਦੀ ਥਾਂ ਝੋਕੇ ਜਾ ਰਹੇ ਹਨ। ਹੁਣ ਕਿਸੇ ਮਹਾਂਪੁਰਖ ਦੇ ਬਲੀਦਾਨ ਦੀ ਲੋੜ ਹੈ ਜੋ ਆਪਣੇ ਪਵਿੱਤਰ ਖ਼ੂਨ ਦੇ ਛਿੱਟੇ ਮਾਰ ਕੇ ਬਲਦੇ ਹੋਏ ਭਾਂਬੜਾਂ ਨੂੰ ਸ਼ਾਂਤ ਕਰ ਸਕੇ। ਬਾਲ ਗੋਬਿੰਦ ਰਾਇ ਜੀ ਨੇ ਕਿਹਾ ਕਿ ਆਪ ਜੀ ਤੋਂ ਬਿਨਾਂ ਹੋਰ ਮਹਾਂਪੁਰਖ ਕੌਣ ਹੋ ਸਕਦਾ ਹੈ? ਆਪ ਆਪਣਾ ਬਲੀਦਾਨ ਦੇ ਕੇ ਇਨ੍ਹਾਂ ਦੇ ਡੁੱਬਦੇ ਹੋਏ ਧਰਮ ਦੀ ਰੱਖਿਆ ਕਰੋ। ਆਪਣੇ ਬਾਲ ਦੇ ਨਿੱਕੇ ਜਿਹੇ ਮੂੰਹੋਂ ਏਨੀ ਵੱਡੀ ਗੱਲ ਸੁਣ ਕੇ ਗੁਰੂ ਜੀ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਬਾਲਕ ਆਉਣ ਵਾਲੀ ਹਰ ਔਖੀ ਤੋਂ ਔਖੀ ਘੜੀ ਦਾ ਸਾਹਮਣਾ ਕਰਨ ਲਈ ਹਰ ਪੱਖੋਂ ਸਮਰੱਥ ਹੈ। ਆਪ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਦੇਣ ਦਾ ਫ਼ੈਸਲਾ ਕਰ ਲਿਆ। ਗੁਰੂ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਤੁਸੀਂ ਨਿਸ਼ਚਿੰਤ ਹੋ ਕੇ ਜਾਓ ਤੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਜਾਹ! ਪਹਿਲਾਂ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਲੈ। ਜੇ ਉਨ੍ਹਾਂ ਨੇ ਇਸਲਾਮ ਧਰਮ ਕਬੂਲ ਕਰ ਲਿਆ ਤਾਂ ਅਸੀਂ ਖ਼ੁਸ਼ੀ-ਖੁਸ਼ੀ ਮੁਸਲਮਾਨ ਬਣ ਜਾਵਾਂਗੇ।
ਕਸ਼ਮੀਰੀ ਪੰਡਤਾਂ ਨੇ ਕਸ਼ਮੀਰ ਜਾ ਕੇ ਸੂਬੇ ਸ਼ੇਰ ਅਫਗਾਨ ਨੂੰ ਗੁਰੂ ਜੀ ਦੀ ਆਗਿਆ ਮੂਜਬ ਕਹਿ ਦਿੱਤਾ । ਗੁਰੂ ਜੀ ਉਸ ਇਲਾਕੇ ਤੋਂ ਬਹਾਰ ਰਹਿੰਦੇ ਸਨ। ਇਸ ਲਈ ਸ਼ੇਰ ਅਫਗਾਨ ਨੇ ਸਾਰੀ ਗੱਲ ਬਾਦਸ਼ਾਹ ਔਰੰਗਜੇਬ ਤੱਕ ਪਹੁੰਚ ਦਿੱਤੀ। । ਬਾਦਸ਼ਾਹ ਅੱਗੇ ਹੀ ਗੁਰੂ ਜੀ ਦੇ ਉਪਦੇਸ਼ਾਂ ਤੇ ਪਚਾਰ ਨੂੰ ਮੁਗਲ ਰਾਜ ਲਈ ਹਾਨੀਕਾਰਕ ਸਮਝਦਾ ਸੀ। ਪਹਿਲਾਂ ਅੱਗੇ ਵੀ ਸਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਕੂਮਤ ਲਈ ਖ਼ਤਰਨਾਕ ਸਮਝ ਕੇ ਗਿ੍ਫਤਾਰ ਕੀਤਾ ਗਿਆ ਸੀ, ਪਰ ਰਾਜਾ ਰਾਮ ਸਿੰਘ ਨੇ ਵਿੱਚ ਪੈ ਕੇ ਛੁਡਾ ਦਿੱਤਾ ਸੀ 1665 ਵਿਚ ਮਾਲਵੇ ਦੇ ਵੱਖ-ਵੱਖ ਇਲਾਕਿਆਂ ਵਿਚ ਧਰਮ ਪ੍ਰਚਾਰ ਕਰਦੇ ਹੋਏ ਗੁਰੂ ਤੇਗ਼ ਬਹਾਦਰ ਸਾਹਿਬ, ਅਪ੍ਰੈਲ 1665 ਦੇ ਅਖ਼ੀਰ ਵਿਚ, ਧਮਤਾਨ (ਹੁਣ ਜ਼ਿਲ੍ਹਾ ਜੀਂਦ, ਹਰਿਆਣਾ) ਪੁੱਜੇ। ਧਮਤਾਨ ਵਿਚ ਭਾਈ ਦੱਗੋ ਸਿੱਖ ਪੰਥ ਦਾ ਮਸੰਦ ਸੀ। ਭਾਈ ਦੱਗੋ ਦਾ ਇਲਾਕੇ ਵਿਚ ਬੜਾ ਚੰਗਾ ਰਸੂਖ਼ ਸੀ। ਉਸ ਨੇ ਇਸ ਇਲਾਕੇ ਵਿਚ ਬਹੁਤ ਸਾਰੇ ਲੋਕਾਂ ਨੂੰ ਸਿੱਖੀ ਵਿਚ ਸ਼ਾਮਲ ਕਰਵਾਇਆ ਸੀ। 1665 ਤਕ ਧਮਤਾਨ ਉਨ੍ਹਾਂ ਇਲਾਕਿਆਂ ਵਿਚੋਂ ਇਕ ਬਣ ਚੁੱਕਾ ਸੀ ਜਿਨ੍ਹਾਂ ਦੇ ਵਧੇਰੇ ਵਾਸੀ ਸਿੱਖ ਪੰਥ ਦਾ ਹਿੱਸਾ ਸਨ। ਜਦੋਂ ਗੁਰੂ ਤੇਗ਼ ਬਹਾਦਰ ਸਾਹਿਬ ਉਥੇ ਪੁੱਜੇ ਤਾਂ ਸੈਂਕੜੇ ਸਿੱਖ ਆਪ ਜੀ ਦੇ ਦਰਸ਼ਨਾਂ ਵਾਸਤੇ ਆਏ। ਗੁਰੂ ਸਾਹਿਬ ਹਰ ਰੋਜ਼ ਦੀਵਾਨ ਸਜਾਇਆ ਕਰਦੇ ਸਨ। ਕੁੱਝ ਦਿਨ ਧਮਤਾਨ ਰਹਿਣ ਮਗਰੋਂ ਗੁਰੂ ਸਾਹਿਬ ਨੇ ਕੀਰਤਪੁਰ ਸਾਹਿਬ ਜਾਣ ਦੀ ਤਿਆਰੀ ਸ਼ੁਰੂ ਕਰ ਦਿਤੀ। 28 ਅਕਤੂਬਰ, 1665 ਤਕ ਆਪ ਏਥੇ ਰਹੇ।
ਇਸ ਤਰ੍ਹਾਂ ਗੁਰੂ ਜੀ ਬਾਲ ਗੋਬਿੰਦ ਰਾਇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਦੇ ਦਸਵੇਂ ਵਾਰਿਸ ਥਾਪ ਕੇ ਆਪ ਕਸ਼ਮੀਰੀ ਪੰਡਿਤਾਂ ਦੀ ਰੱਖਿਆ ਲਈ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਜੈਤਾ ਜੀ ਅਤੇ ਭਾਈ ਦਿਆਲਾ ਜੀ ਆਦਿ ਸਿੱਖਾਂ ਨਾਲ ਦਿੱਲੀ ਵੱਲ ਕੁਰਬਾਨੀ ਦੇਣ ਚੱਲ ਪਏ।
ਜਦੋਂ ਗੁਰੂ ਜੀ ਨੂੰ ਇਸਲਾਮ ਦੇ ਨਸ਼ੇ ਵਿੱਚ ਧੁੱਤ ਔਰੰਗਜ਼ੇਬ ਦੇ ਸਾਹਮਣੇ ਲਿਆਂਦਾ ਗਿਆ ਤਾਂ ਉਸ ਨੇ ਇਸਲਾਮ ਦੀ ਮਹਿਮਾ ਗਾਉਂਦਿਆਂ ਆਪ ਜੀ ਨੂੰ ਇਸਲਾਮ ਕਬੂਲਣ ਲਈ ਪ੍ਰੇਰਿਆ। ਪਰ ਗੁਰੂ ਜੀ ਨੇ ਉਸ ਦੀ ਉਮੀਦ ਦੇ ਉਲਟ ਉੱਤਰ ਦਿੱਤਾ ਕਿ ਧਰਮ ਜ਼ਬਰਦਸਤੀ ਤਲਵਾਰਾਂ ਦੀ ਨੋਕ ਉੱਤੇ ਨਹੀਂ ਬਦਲਾਇਆ ਜਾ ਸਕਦਾ। ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਕੇ ਨਾ ਤਾਂ ਤੁਸੀਂ ਸੱਚੇ ਮੁਸਲਮਾਨ ਹੋਣ ਦਾ ਸੰਕੇਤ ਦੇ ਰਹੇ ਹੋ, ਨਾ ਹੀ ਰੱਬ ਦੀ ਰਜ਼ਾ ਵਿੱਚ ਚੱਲ ਰਹੇ ਹੋ ਅਤੇ ਨਾ ਹੀ ਆਪਣੀ ਪਰਜਾ ਪ੍ਰਤੀ ਆਪਣੇ ਕਰਤੱਵ ਦਾ ਪਾਲਣ ਕਰ ਰਹੇ ਹੋ। ਬਾਦਸ਼ਾਹ ਹੋਣ ਦੇ ਨਾਤੇ ਤੁਹਾਡਾ ਫ਼ਰਜ਼ ਹੈ ਕਿ ਤੁਸੀਂ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਬਰਾਬਰ ਸਮਝੋ। ਪਰ ਇਸ ਦੇ ਉਲਟ ਤੁਸੀਂ ਤਾਂ ਹਿੰਦੂਆਂ ਨੂੰ ਆਪਣੇ ਅੰਨ੍ਹੇ ਜ਼ੁਲਮ ਦਾ ਸ਼ਿਕਾਰ ਬਣਾਇਆ ਹੈ। ਔਰੰਗਜ਼ੇਬ! ਤੇਰੇ ਇਸ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਅਤੇ ਮਾਸੂਮ ਹਿੰਦੂਆਂ ਦੀ ਰੱਖਿਆ ਲਈ ਅਸੀਂ ਮੈਦਾਨ ਵਿੱਚ ਆ ਨਿੱਤਰੇ ਹਾਂ। ਤੂੰ ਤਾਂ ਬਾਦਸ਼ਾਹ ਹੋਣ ਦੇ ਨਾਤੇ ਆਪਣੀ ਪਰਜਾ ਤੋਂ ਮੂੰਹ ਮੋੜੀ ਬੈਠਾ ਹੈਂ ਪਰ ਅਸੀਂ ਇਨ੍ਹਾਂ ਮਜ਼ਲੂਮਾਂ ਦੀ ਬਾਂਹ ਪਕੜ ਲਈ ਹੈ।
ਇਸ ਪ੍ਰਕਾਰ ਗੁਰੂ ਜੀ ਨੂੰ ਚੜ੍ਹਦੀ ਕਲਾ ਵਿੱਚ ਅਤੇ ਉਨ੍ਹਾਂ ਦੁਆਰਾ ਇਸਲਾਮ ਨਾ ਕਬੂਲਣ ਦੇ ਅਟੱਲ ਨਿਸ਼ਚੈ ਨੂੰ ਵੇਖ ਕੇ ਔਰੰਗਜ਼ੇਬ ਗੁੱਸੇ ਵਿੱਚ ਕੰਬ ਉੱਠਿਆ। ਕੁਰਬਾਨੀ ਲਈ ਤਿਆਰ ਗੁਰੂ ਜੀ ਨੂੰ ਦੇਖ ਕੇ ਉਸ ਦੇ ਮਨਸੂਬਿਆਂ ਦੀਆਂ ਨੀਹਾਂ ਹਿੱਲ ਗਈਆਂ। ਆਪਣੀ ਇਸ ਹਾਰ ਨੂੰ ਵੇਖ ਕੇ ਉਸ ਨੇ ਅੰਤ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਜਾਵੇ ਅਤੇ ਇਨ੍ਹਾਂ ਦੇ ਮੁਰੀਦਾਂ ਨੂੰ ਤਸੀਹੇ ਦੇ-ਦੇ ਕੇ ਮਾਰ ਦਿੱਤਾ ਜਾਵੇ।
ਔਰੰਗਜ਼ੇਬ ਦੇ ਹੁਕਮ ਅਨੁਸਾਰ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਸੁੱਟ ਦਿੱਤਾ ਗਿਆ। ਇਸ ਪ੍ਰਕਾਰ ਇੱਕ-ਇੱਕ ਕਰਕੇ ਗੁਰੂ ਜੀ ਦੇ ਮੁਰੀਦਾਂ ਨੂੰ ਅਣਮਨੁੱਖੀ ਤਸੀਹੇ ਦੇ ਕੇ ਹੋਣੀ ਦੀ ਭੱਠੀ ਵਿੱਚ ਝੋਕ ਦਿੱਤਾ ਗਿਆ ਜਿਸ ਨੂੰ ਵੇਖ ਕੇ ਗੁਰੂ ਜੀ ਡੋਲੇ ਨਹੀਂ ਸਗੋਂ ਉਨ੍ਹਾਂ ਦਾ ਸਿਦਕ ਹੋਰ ਵੀ ਅਡੋਲ ਹੋ ਗਿਆ।
ਅੰਤ ਮਿਤੀ 11 ਨਵੰਬਰ, 1675 ਈ: ਨੂੰ ਚਾਂਦਨੀ ਚੌਕ ਵਿਖੇ ਕਾਜ਼ੀ ਨੇ ਫ਼ਤਵਾ ਪੜ੍ਹਿਆ। ਜੱਲਾਦ ਜਲਾਲਦੀਨ ਨੇ ਤਲਵਾਰ ਨਾਲ ਵਾਰ ਕੀਤਾ ਅਤੇ ਗੁਰੂ ਸਾਹਿਬ ਦਾ ਸੀਸ ਧੜ ਨਾਲੋਂ ਅਲੱਗ ਹੋ ਗਿਆ। ਪਰ ਆਪਣੇ ਮੂੰਹੋਂ ਸੀਅ ਨਾ ਉਚਾਰੀ।
ਭਾਈ ਜੈਤਾ ਨੇ ਸੀਸ ਚੁੱਕ ਲਿਆ ਤੇ ਚਾਦਰ ਵਿੱਚ ਵਲੇਟਿਆ ਕੇ ਆਨੰਦਪੁਰ ਲੈ ਗਿਆ। ਦਸਮ ਪਾਤਸ਼ਾਹ ਨੇ ਭਾਈ ਜੈਤਾ ਨੂੰ ਘੁੱਟ ਕੇ ਹਿੱਕ ਨਾਲ ਲਾਇਆ ਅਤੇ ਬਚਨ ਕੀਤਾ “ਰੰਘਰੇਟੇ, ਗੁਰੂ ਕਾ ਬੇਟਾ “
ਗੁਰੂ ਜੀ ਦੇ ਧੜ ਨੂੰ ਭਾਈ ਲੱਖੀ ਸ਼ਾਹ ਲੁਬਾਣਾ ਬੜੀ ਹੁਡਿਆਰਾ ਨਾਲ ਗੱਡੇ ਵਿੱਚ ਲੱਦ ਕੇ ਆਪਣੇ ਘਰ ਲੈ ਗਿਆ। ਓਥੇ ਉਸ ਨੇ ਆਪਣੇ ਘਰ ਦੇ ਅੰਦਰ ਚਿਖਾ ਬਣਾਈ, ਧੜ ਨੂੰ ਉਪਰ ਰੱਖਿਆ ਅਤੇ ਘਰ ਨੂੰ ਅੱਗ ਲਾ ਦਿੱਤੀ। ਉਸ ਨੇ ਗੁਰੂ ਜੀ ਦੇ ਧੜ ਦਾ ਸੰਸਕਾਰ ਕੀਤਾ।
ਇਸ ਤਰਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਦੇਸ਼ ਨੂੰ ਨਿਰਦਈ ਪਰਦੇਸੀ ਹਕੂਮਤ ਦੇ ਪੰਜੇ ਵਿੱਚੋਂ, ਛੁੱਡਵਾਉਣ ਵਾਸਤੇ ਇਹ ਮਹਾਨ ਕੁਰਬਾਨੀ ਕੀਤੀ। ਇਸ ਤਰਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ “ਹਿੰਦ ਦੀ ਚਾਦਰ” ਬਣੇ।
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਦੁੱਤੀ ਸ਼ਹਾਦਤ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ‘ਬਚਿਤਰ ਨਾਟਕ’ ਵਿੱਚ ਲਿਖਿਆ ਹੈ:
ਤਿਲਕ ਜੰਞੂ ਰਾਖਾ ਪ੍ਰਭ ਤਾਕਾ॥
ਕੀਨੋ ਬਡੋ ਕਲੂ ਮਹਿ ਸਾਕਾ॥
ਸਾਧਨ ਹੇਤਿ ਇਤੀ ਜਿਨਿ ਕਰੀ॥
ਸੀਸੁ ਦੀਯਾ ਪਰੁ ਸੀ ਨ ਉਚਰੀ॥
ਧਰਮ ਹੇਤ ਸਾਕਾ ਜਿਨਿ ਕੀਆ॥
ਸੀਸੁ ਦੀਆ ਪਰੁ ਸਿਰਰੁ ਨ ਦੀਆ॥,
ਨਾਨਕ ਚੇਟਕ ਕੀਏ ਕੁਕਾਜਾ ।।
ਪ੍ਭ ਲੋਗਨ ਕਹ ਆਵਤ ਲਾਜਾ।। ੧੪
ਦੋਹਰਾ।।
ਠੀਕਰਿ ਫੋਰਿ ਦਿਲਿਸ ਸਿਰਿ ਪ੍ਭ ਪੁਰ ਕੀਯਾ ਪਦਾਨ।।
ਤੇਗ ਬਹਾਦਰ ਸੀ ਕਿ੍ਆ ਕਵੀ ਨ ਕਿਨਹੂੰ ਆਨ।। ੧੫।।
ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਲੋਕ।।
ਹੈ ਹੈ ਹੈ ਸਭ ਜਗ ਭਯੋ ਜੈ ਜੈ ਸੁਰ ਲੋਕ।। ੧੬।।
✍ਰਵਨਜੋਤ ਕੌਰ ਸਿੱਧੂ “ਰਾਵੀ”
ਪਿੰਡ ਜੱਬੋਵਾਲ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ
8283066125
