ਅੱਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਜੀ
ਜਦ ਜੋਤੀ ਜੋਤ ਸਮਾਏ,
ਬਾਬਾ ਬਕਾਲਾ ਉਚਾਰ ਕੇ ਮੁੱਖ ਤੋਂ
ਉਨਾਂ ਆਖਰੀ ਸ਼ਬਦ ਸੁਣਾਏ।
ਸੰਗਤ ਸਾਰੀ ਨੇ ਪਾ ਲਏ ਚਾਲੇ
ਬਾਬਾ ਬਕਾਲਾ ਵੱਲ ਨੂੰ,
ਮਨ ਵਿੱਚ ਸੀ ਸ਼ਰਧਾ ਪੂਰੀ
ਸੁਣ ਕੇ ਗੁਰਾਂ ਦੀ ਗੱਲ ਨੂੰ।
ਬਾਈ ਮੰਜੀਆਂ ਲਾ ਕੇ ਦੰਭੀ
ਗੁਰਗੱਦੀ ਦੇ ਬਣ ਗਏ ਦਾਅਵੇਦਾਰ,
ਸੰਗਤ ਸਾਰੀ ਕਰੇ ਅਰਜੋਈ
ਰਾਹ ਦਿਖਾਵੋ ਆਪ ਕਰਤਾਰ।
ਮੱਖਣ ਸਾਹ ਨੇ ਜਦ ਟੇਕਿਆ ਮੱਥਾ
ਪੰਜ ਪੰਜ ਮੋਹਰਾਂ ਧਰ ਕੇ,
ਦਸਵੰਧ ਦੀ ਗੱਲ ਕਿਸੇ ਨਾ ਆਖੀ
ਜਦ ਦੇਖੀ ਪਰਖ ਕਰ ਕੇ।
ਪਿੰਡ ਦੇ ਲੋਕਾਂ ਦੱਸਿਆ ਗੁਰੂ ਇੱਕ
ਭੋਰੇ ਵਿੱਚ ਬੈਠਾ ਭਗਤੀ ਕਰਦਾ,
ਸੱਚੀ ਭਗਤੀ ਮਾਰਗ ਸੱਚ ਦਾ
ਦੁਨੀਆਦਾਰੀ ਦੀ ਪਰਵਾਹ ਨਾ ਕਰਦਾ।
ਮੱਖਣ ਸ਼ਾਹ ਨੇ ਜਾ ਕੇ ਚਰਨੀ
ਜਦ ਆਪਣਾ ਸੀਸ ਝੁਕਾਇਆ,
ਪੰਜ ਮੋਹਰਾਂ ਦੇ ਨਾਲ ਗੁਰਾਂ ਨੇ
ਦਸਵੰਧ ਦਾ ਵਾਸਤਾ ਪਾਇਆ।
ਮੱਖਣ ਸ਼ਾਹ ਦੀ ਹੋ ਗਈ ਤਸੱਲੀ
ਗੁਰਾਂ ਦੇ ਅੱਗੇ ਖੜ੍ਹ ਕੇ,
ਗੁਰੂ ਲਾਧੋ ਰੇ ਦਾ ਦਿੱਤਾ ਹੋਕਾ
ਕੋਠੇ ਉੱਤੇ ਚੜ੍ਹ ਕੇ।
ਨੌਵੇਂ ਪਾਤਸ਼ਾਹ ਗੱਦੀ ਤੇ ਬੈਠੇ
ਆਪਣਾ ਦਰਬਾਰ ਸਜਾ ਕੇ,
ਬਾਲ ਗੋਬਿੰਦ ਪਏ ਦੇਣ ਸਲਾਹਾਂ
ਪੂਰਾ ਧਿਆਨ ਲਗਾ ਕੇ।
ਕਸ਼ਮੀਰੀ ਪੰਡਿਤ ਪੇਸ਼ ਹੋਏ
ਗੁਰਾਂ ਅੱਗੇ ਫਰਿਆਦੀ ਬਣ ਕੇ,
ਔਰੰਗਜ਼ੇਬ ਨੇ ਜ਼ੁਲਮ ਹੈ ਢਾਹਿਆ
ਸਭ ਪਾਸੇ ਜਲਾਦੀ ਬਣ ਕੇ।
ਧਰਮ ਦੀ ਖ਼ਾਤਰ ਕੋਈ ਦੇਵੇ ਕੁਰਬਾਨੀ
ਹੱਥ ਜੋੜ ਕੀਤੀ ਅਰਜੋਈ,
ਬਾਲ ਗੋਬਿੰਦ ਪੁਕਾਰੇ ਮੁਖ ਤੋਂ
ਆਪ ਤੋਂ ਵੱਡਾ ਮਹਾਂਪੁਰਸ਼ ਨਾ ਕੋਈ।
ਸ਼ਬਦ ਗੁਰਾਂ ਦੇ ਸੁਣ ਕੇ ਮੁੱਖ ਤੋਂ
ਕੁਰਬਾਨੀ ਲਈ ਆਪ ਹੋਏ ਤਿਆਰ,
ਜੁਲਮਾਂ ਨੂੰ ਫਿਰ ਠੱਲ ਹੈ ਪੈਣੀ
ਧਰਮ ਵੀ ਰਹਿਣਾ ਬਰਕਰਾਰ।
ਭਾਈ ਸਤੀ ਦਾਸ,ਭਾਈ ਮਤੀ ਦਾਸ
ਤੇ ਤੀਜੇ ਗੁਰਸਿੱਖ ਭਾਈ ਦਿਆਲਾ,
ਨੌਵੇਂ ਗੁਰਾਂ ਨਾਲ ਮਿਲ ਕੇ ਸਭ ਨੇ
ਦਿੱਲੀ ਵੱਲ ਨੂੰ ਪਾ ਦਿੱਤਾ ਚਾਲਾ,
ਧਰਮ ਦੀ ਰੱਖਿਆ ਖ਼ਾਤਰ ਉਹਨਾਂ
ਚਾਂਦਨੀ ਚੌਂਕ ਵਿੱਚ ਦਿੱਤੀ ਕੁਰਬਾਨੀ,
ਕੁੱਲ ਦੁਨੀਆ ਦੇ ਇਤਿਹਾਸ ‘ਚ ਧਰਮਿੰਦਰਾ
ਇਸ ਵਰਗੀ ਨਾ ਸ਼ਹਾਦਤ ਲਾਸਾਨੀ
ਇਸ ਵਰਗੀ ਨਾ ਸ਼ਹਾਦਤ ਲਾਸਾਨੀ।
ਸ: ਧਰਮਿੰਦਰ ਸਿੰਘ
ਸ.ਸ.ਸ.ਸ.ਦੰਦਰਾਲਾ ਢੀਂਡਸਾ
