ਅਧਿਆਪਕਾਂ ਦੀ ਇੱਕ ਰੋਜ਼ਾ ਟ੍ਰੇਨਿੰਗ ਦੌਰਾਨ ਹੈਪੀ ਮਾਸਟਰ ਮੇਰੇ ਕੋਲ ਜਾਣ ਪਹਿਚਾਣ ਵਧਾਉਂਦਿਆਂ ਗੱਲਬਾਤ ਕਰਨ ਲੱਗਾ ਤਾਂ ਉਸਨੇ ਮੇਰੇ ਨਾਲ ਕੰਮ ਕਰਦੇ ਆਪਣੇ ਪੁਰਾਣੇ ਸਾਥੀ ਕੌਰ ਸਿੰਘ ਦੀਆਂ ਤਰੀਫਾਂ ਦੇ ਪੁਲ ਬੰਨਦਿਆਂ ਕਿਹਾ, ” ਹਾਂ ਯਾਰ ,ਕੌਰ ਸਿੰਘ ਤਾਂ ਮੇਰਾ ਖਾਸਮ -ਖਾਸ ਹੈ,ਬਹੁਤ ਚੰਗਾ, ਨੇਕ ਤੇ ਗੁਣੀ ਇਨਸਾਨ ਹੈ, ਮੈਂ ਉਸ ਦੀ ਬਹੁਤ ਕਦਰ ਕਰਦਾ ਹਾਂ , ਅਸੀਂ ਕਦੇ ਕਦਾਈ ਸ਼ਾਮ ਨੂੰ ਇਕੱਠੇ ਬੈਠਦੇ ਹਾਂ।ਸਕੂਲ ਜਾ ਕੇ ਮੇਰੇ ਬਾਰੇ ਉਸ ਕੋਲ ਜਰੂਰ ਗੱਲ ਕਰੀਂ”।
ਜਦੋਂ ਮੈਂ ਸਕੂਲ ਆ ਕੇ ਹੈਪੀ ਮਾਸਟਰ ਦਾ ਸੁਨੇਹਾ ਕੌਰ ਸਿੰਘ ਨੂੰ ਦਿੱਤਾ ਤਾਂ ਉਹ ਖਚਰਾ ਜਿਹਾ ਹਾਸਾ ਹੱਸਦਿਆਂ ਬੋਲਿਆ, “ਛੱਡ ਯਾਰ ,ਕਿਹੜੇ ਬੰਦੇ ਦੀ ਗੱਲ ਕਰਦੈਂ ,ਉਹ ਨਿੱਤ ਦਾ ਐਬੀ- ਕਬਾਬੀ, ਪਰਿਵਾਰ ਤੇ ਬੱਚਿਆਂ ਨਾਲ ਲੜਨ ਝਗੜਨ ਵਾਲਾ, ਇਹੋ ਜਿਹੇ ਬੰਦੇ ਤੋਂ ਦੂਰੀ ਬਣਾਈ ਹੀ ਚੰਗੀ”। ਇੰਨਾ ਕਹਿੰਦਿਆਂ ਉਹ ਆਪਣੀ ਕਲਾਸ ਵੱਲ ਨੂੰ ਹੋ ਤੁਰਿਆ।
ਮੈਂ ਮਾਸਟਰ ਹੈਪੀ ਦੇ ਆਪਣੇ ਸਾਥੀ ਬਾਰੇ ਬੋਲੇ ਪ੍ਰਸੰਸਾ ਭਰੇ ਬੋਲ ਤੇ ਕੌਰ ਸਿੰਘ ਦੁਆਰਾ ਆਪਣੇ ਮਿੱਤਰ ਦੀ ਕੀਤੀ ਕਿਰਦਾਰਕੁਸ਼ੀ ਬਾਰੇ ਸੋਚੀਂ ਪਿਆ ਆਪਣੇ ਸਹਿਕਰਮੀ ਦੇ ਅਸਲ ਕਿਰਦਾਰ ਨੂੰ ਭਾਂਪਣ ਲੱਗਾ।
ਹਰਭਿੰਦਰ ਸਿੰਘ “ਮੁੱਲਾਂਪੁਰ”