
ਧਰਤੀ ਪੁੱਤਰ ਪੰਜਾਬ ਦਾ ਮਾਣ ਪਿਆਰਾ ਅਤੇ ਸਤਿਕਾਰਾ ਫ਼ਿਲਮ ਜਗਤ ਦਾ ਚਮਕਦਾ ਸਿਤਾਰਾ ਧਰਮਿੰਦਰ ਦਿਓਲ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਹੈ। ਉਹ ਬਿਹਤਰੀਨ ਅਦਾਕਾਰ, ਸੁਪਰ ਸਟਾਰ ਕਲਾਕਾਰ ਅਤੇ ਪ੍ਰੋਡਿਊਸਰ ਸੀ, ਜਿਸਦੀਆਂ ਫ਼ਿਲਮਾਂ ਵਿੱਚ ਧੜੱਲੇਦਾਰੀ ਨਾਲ ਕੀਤੀ ਅਦਾਕਾਰੀ ਦੀਆਂ ਧੁੰਮਾ ਫ਼ਿਲਮੀ ਸੰਸਾਰ ਵਿੱਚ ਪਈਆਂ ਹੋਈਆਂ ਸਨ। ਧਰਮਿੰਦਰ ਦੀ ਦਮਦਾਰ ਅਵਾਜ਼ ਦੇ ਠਹਾਕੇ ਅਤੇ ਡਾਇਲਾਗ ਹਮੇਸ਼ਾ ਅਸਮਾਨ ਦੀਆਂ ਫ਼ਿਜ਼ਾਵਾਂ ਵਿੱਚ ਗੂੰਜਦੇ ਹੋਏ ਮਹਿਕਾਂ ਖਿਲਾਰਦੇ ਰਹਿਣਗੇ। ਉਹ 24 ਨਵੰਬਰ 2025 ਨੂੰ 89 ਸਾਲ ਦੀ ਉਮਰ ਵਿੱਚ ਸਵਰਗ ਸਿਧਾਰ ਗਏ, ਜਿਨ੍ਹਾਂ ਨੇ ਆਪਣਾ 90ਵਾਂ ਜਨਮ ਦਿਨ 8 ਦਸੰਬਰ 2025 ਨੂੰ ਮਨਾਉਣਾ ਸੀ। ਧਰਮੇਂਦਰ ਨੇ ਲਗਪਗ 300 ਫ਼ਿਲਮਾ ਵਿੱਚ ਕੰਮ ਕੀਤਾ। ਐਕਸ਼ਨ ਫ਼ਿਲਮਾਂ ਵਿੱਚ ਧਰਮੇਂਦਰ ਦੀਆਂ ਪ੍ਰਮੁੱਖ ਭੂਮਿਕਾਵਾਂ ਰਹੀਆਂ ਹਨ। ਲਗਪਗ ਹਰ ਫ਼ਿਲਮ ਵਿੱਚ ਉਸਦੇ ਐਕਸ਼ਨ ਕਮਾਲ ਦੇ ਹੁੰਦੇ ਸਨ। ਇਸ ਕਰਕੇ ਉਸਨੂੰ 1966 ਵਿੱਚ ‘ਐਕਸ਼ਨ ਕਿੰਗ’ ਅਤੇ ‘ਹੇ ਮੈਨ’ ਉਪਨਾਮ ਦਿੱਤੇ ਗਏ ਸਨ। ਬੁਢਾਪੇ ਕਰਕੇ ਉਤਨੇ ਸਰਗਰਮ ਨਹੀਂ ਸਨ, ਪ੍ਰੰਤੂ ਫਿਰ ਵੀ ਉਸਦੀ ਇੱਕ ਫ਼ਿਲਮ ‘ਇੱਕੀਸ’ ਬਣਕੇ ਤਿਆਰ ਹੋ ਗਈ ਸੀ, ਜਿਸਨੂੰ 25 ਦਸੰਬਰ 2025 ਨੂੰ ਰੀਲੀਜ਼ ਕਰਨਾ ਸੀ। ਇਹ ਫ਼ਿਲਮ 1971 ਦੀ ਇੰਡੋ-ਪਾਕਿ ਜੰਗ ਵਿੱਚ ਸ਼ਹੀਦ ਹੋਏ ਅਰੁਣ ਖੇਤਰਪਾਲ ਦੀ ਬਹਾਦਰੀ ਨਾਲ ਸੰਬੰਧਤ ਹੈ, ਜਿਸਨੂੰ ਮਰਨ ਉਪਰੰਤ ‘ਪਰਮਵੀਰ ਚੱਕਰ’ ਮਿਲਿਆ ਸੀ। ਇਸ ਸਮੇਂ ਧਰਮੇਂਦਰ ਬਹੁਤਾ ਸਮਾਂ ਆਪਣੇ 100 ਏਕੜ ਦੇ ਲੋਨਾਵਾਲਾ ਵਿਖੇ ਫਾਰਮ ਹਾਊਸ ਵਿੱਚ ਆਪਣੇ ਦੋਸਤਾਂ ਮਿੱਤਰਾਂ ਦੀਆਂ ਮਹਿਫ਼ਲਾਂ ਲਗਾਉਂਦਾ ਬਿਤਾਉਂਦਾ ਰਹਿੰਦਾ ਸੀ। ਭਾਵੇਂ ਧਰਮਿੰਦਰ ਬੰਬਈ ਦੀ ਮਹਾਂਨਗਰੀ ਵਿੱਚ ਰਹਿੰਦਾ ਸੀ, ਪ੍ਰੰਤੂ ਉਸਦੇ ਘਰ ਦਾ ਸਾਰਾ ਵਾਤਾਵਰਨ ਪੰਜਾਬੀ ਸਭਿਆਚਾਰ ਨਾਲ ਗੜੂੰਦ ਸੀ। ਪੰਜਾਬੀ ਖਾਣਾ, ਪਹਿਰਾਵਾ, ਲੋਕ ਗੀਤ, ਗੀਤ ਸੰਗੀਤ ਉਸਨੂੰ ਸਕੂਨ ਦਿੰਦੇ ਸਨ। ਪੰਜਾਬੀ ਪਹਿਰਾਵਾ ਉਸਨੂੰ ਬਹੁਤ ਫ਼ੱਬਦਾ ਸੀ। ਸਮਾਗਮਾ ਵਿੱਚ ਜਾਣ ਸਮੇਂ ਉਹ ਮੌਕੇ ਅਨੁਸਾਰ ਕਪੜੇ ਪਹਿਨਦਾ ਸੀ। ਕੁਝ ਸਮਾਂ ਬਿਮਾਰ ਰਹਿਣ ਤੋਂ ਬਾਅਦ ਫ਼ਿਲਮ ਜਗਤ ਵਿੱਚੋਂ ਅਚਾਨਕ ਟਹਿਕਦਾ-ਮਹਿਕਦਾ ਸੁਗੰਧਾਂ ਦੀਆਂ ਲਪਟਾਂ ਛੱਡਦਾ ਹੋਇਆ ਅਛੋਪਲੇ ਜਹੇ ਅਲੋਪ ਹੋ ਗਿਆ ਹੈ। ਧਰਮਿੰਦਰ ਦੇ ਇਸ ਸੰਸਾਰ ਤੋਂ ਜਾਣ ਨਾਲ ਫ਼ਿਲਮ ਜਗਤ ਵਿੱਚ ਉਦਾਸੀ ਦੀ ਲਹਿਰ ਪੈਦਾ ਹੋ ਗਈ ਤੇ ਮਾਤਮ ਛਾਅ ਗਿਆ ਹੈ।
ਧਰਮ ਸਿੰਘ ਦਿਓਲ ਮਹਿਜ 20 ਸਾਲ ਦੀ ਅਲੂੰਈਂ ਉਮਰ ਵਿੱਚ ਸੋਹਣਾ ਸੁਨੱਖਾ ਹੁੰਦੜਹੇਲ ਨੌਜਵਾਨ ਪੰਜਾਬ ਦੇ ਲੁਧਿਆਣਾ ਜਿਲ੍ਹੇ ਦੇ ਸਾਹਨੇਵਾਲ ਕਸਬੇ ਤੋਂ ਬੰਬਈ ਦੀਆਂ ਫ਼ਿਲਮੀ ਲਹਿਰਾਂ ਵਿੱਚ ਮਦਹੋਸ਼ ਹੋ ਕੇ ਐਕਟਰ ਬਣਨ ਦੀਆਂ ਉਮੀਦਾਂ ਤੇ ਸੱਧਰਾਂ ਲੈ ਕੇ ਮਾਇਆ ਨਗਰੀ ਵਿੱਚ ਪਹੁੰਚ ਗਿਆ ਸੀ। ਮਾਪਿਆਂ ਦਾ ਲਾਡਲਾ ਦੁਲਾਰਾ ਹੋਣ ਕਰਕੇ ਲੁਧਿਆਣਾ ਤੋਂ ਸਿਵਾਏ ਉਹ ਕਦੇ ਵੀ ਕਿਧਰੇ ਵੱਡੇ ਸ਼ਹਿਰ ਵਿੱਚ ਇਕੱਲਾ ਨਹੀਂ ਗਿਆ ਸੀ। ਲੁਧਿਆਣਾ ਵੀ ਆਪਣੇ ਦੋਸਤਾਂ ਨਾਲ ਆਪਣੇ ਮਾਪਿਆਂ ਤੋਂ ਚੋਰੀ ਛਿਪੇ ਫ਼ਿਲਮਾ ਵੇਖਣ ਹੀ ਜਾਂਦਾ ਹੁੰਦਾ ਸੀ। ਆਮ ਘਰਾਂ ਦੇ ਦਿਹਾਤੀ ਨੌਜਵਾਨ ਲਈ ਬੰਬਈ ਵਰਗੇ ਮਹਾਂ ਨਗਰ ਵਿੱਚ ਪਹੁੰਚਕੇ ਰਹਿਣਾ ਬਹੁਤ ਹੀ ਕਠਨ ਸੀ, ਪ੍ਰੰਤੂ ਧਰਮ ਸਿੰਘ ਦਿਓਲ ਨੇ ਫ਼ਿਲਮ ਅਦਾਕਾਰ ਬਣਨ ਦੀ ਠਾਣ ਲਈ ਸੀ। ਇਸ ਲਈ ਉਹ ਹਰ ਮੁਸੀਬਤ ਦਾ ਖਿੜੇ ਮੱਥੇ ਮੁਕਾਬਲਾ ਕਰਦਾ ਰਿਹਾ। ਹਰ ਛੋਟਾ-ਮੋਟਾ ਕੰਮ ਵੀ ਕਰਦਾ ਰਿਹਾ। ਆਮ ਤੌਰ ‘ਤੇ ਜਿਵੇਂ ਨਵੇਂ ਅਦਾਕਾਰਾਂ ਨੂੰ ਅਨੇਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਸੇ ਤਰ੍ਹਾਂ ਧੱਕੇ ਧੌਲੇ ਖਾਂਦਾ, ਜਦੋਜਹਿਦ ਤੋਂ ਬਾਅਦ ਅਖ਼ੀਰ ਅਰਜੁਨ ਹਿੰਗੌਨੀ ਦੀ ਨਿਗਾਹ ਵਿੱਚ ਐਸਾ ਚੜ੍ਹਿਆ ਮੁੜਕੇ ਉਸਨੇ ਉਤਨੀ ਦੇਰ ਪਿੱਛੇ ਮੁੜਕੇ ਨਹੀਂ ਵੇਖਿਆ, ਜਿਤਨੀ ਦੇਰ ਬੁੁਲੰਦੀਆਂ ‘ਤੇ ਨਾ ਪਹੁੰਚਿਆ। ਸੋਹਣਾ ਸੁਨੱਖਾ ਤੇ ਮਨਮੋਹਕ ਚਿਹਰੇ ਵਾਲਾ ਨੌਜਵਾਨ ਧਰਮ ਸਿੰਘ ਫ਼ਿਲਮ ਜਗਤ ਵਿੱਚ ਆਉਣ ਨਾਲ ਧਰਮਿੰਦਰ ਬਣ ਗਿਆ। ਧਰਮਿੰਦਰ ਇੱਕ ਸਮੇਂ ਮੀਨਾ ਕੁਮਾਰੀ, ਨੂਤਨ ਅਤੇ ਮਾਲਾ ਸਿਨਹਾ ਦੀਆਂ ਧੜਕਣਾ ਵਧਾ ਰਿਹਾ ਸੀ। ਜਯਾ ਬਚਨ, ਜੀਨਤ ਅਮਾਨ ਅਤੇ ਮਾਧੁਰੀ ਦੀਕਸ਼ਤ ਵੀ ਉਸਦਾ ਸਤਿਕਾਰ ਤੇ ਮੋਹ ਕਰਦੀਆਂ ਸਨ। ਇੱਕ ਕਿਸਮ ਨਾਲ ਉਹ ਮੀਨਾ ਕੁਮਾਰੀ ਦੀਆਂ ਅੱਖਾਂ ਦਾ ਤਾਰਾ ਬਣ ਗਿਆ ਸੀ, ਪ੍ਰੰਤੂ ਹੇਮਾ ਮਾਲਿਨੀ ਨਾਲ ਮਿਲਣ ਤੋਂ ਬਾਅਦ ਉਸਨੇ ਉਸ ਨਾਲ ਉਪਰੋਥਲੀ ਦਰਜਨਾਂ ਫ਼ਿਲਮਾ ਕੀਤੀਆਂ। ਇਸ ਤੋਂ ਬਾਅਦ ਤਾਂ ਉਸਦੀ ਹੇਮਾ ਮਾਲਿਨੀ ਨਾਲ ਅਜਿਹੀ ਦੋਸਤੀ ਪਈ ਕਿ ਵਿਵਾਹਤ ਹੋਣ ਦੇ ਬਾਵਜੂਦ ਉਸਨੇ ਕਿਹਾ ਜਾਂਦੈ ਕਿ ਧਰਮ ਬਦਲਕੇ ਹੇਮਾ ਮਾਲਿਨੀ ਨਾਲ ਵਿਆਹ ਕਰਵਾ ਲਿਆ। ਉਸਤੋਂ ਬਾਅਦ ਹਾਲਾਤ ਇਹ ਬਣ ਗਏ ਕਿ ਇੱਕ ਤੋਂ ਬਾਅਦ ਇੱਕ ਪ੍ਰੋਡਿਊਸਰ ਨੂੰ ਧਰਮਿੰਦਰ ਦੀ ਅਦਾਕਾਰੀ ਚੁੰਧਿਆਉਣ ਲੱਗ ਪਈ ਤੇ ਉਹ ਫ਼ਿਲਮ ਜਗਤ ਵਿੱਚ ਛਾਅ ਗਿਆ। 1970-80 ਦੇ ਦਹਾਕੇ ਵਿੱਚ ਇਸ ਧਰਮੇਂਦਰ ਤੇ ਹੇਮਾ ਮਾਲਿਨੀ ਦੀ ਜੋੜੀ ਦੀ ਚੜ੍ਹ ਮੱਚ ਗਈ। ਫ਼ਿਲਮ ਪ੍ਰੋਡਿਊਸਰ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਜੋੜੀ ਦੇ ਆਲੇ ਦੁਆਲੇ ਗੇੜੇ ਕੱਢਣ ਲੱਗ ਪਏ, ਜਿਵੇਂ ਸ਼ਹਿਦ ਦੇ ਛੱਤੇ ਦੁਆਲੇ ਸ਼ਹਿਦ ਦੀਆਂ ਮੱਖੀਆਂ ਘੁੰਮਦੀਆਂ ਹੁੰਦੀਆਂ ਹਨ। ਸਰਵੋਤਮ ਅਦਾਕਾਰ ਬਣਕੇ ਉਸਨੇ ਹਲੀਮੀ ਦਾ ਪੱਲਾ ਨਹੀਂ ਛੱਡਿਆ।
ਧਰਮ ਸਿੰਘ ਦਿਓਲ ਉਰਫ ਧਰਮਿੰਦਰ ਦਾ ਜਨਮ 8 ਦਸੰਬਰ 1935 ਨੂੰ ਲੁਧਿਆਣਾ ਜਿਲ੍ਹੇ ਦੇ ਪਿੰਡ ਨਸਰਾਲੀ ਵਿਖੇ ਪਿਤਾ ਕੇਵਲ ਕ੍ਰਿਸ਼ਨ ਸਿੰਘ ਦਿਓਲ ਤੇ ਮਾਤਾ ਸਤਵੰਤ ਕੌਰ ਦਿਓਲ ਦੀ ਕੁੱਖੋਂ ਹੋਇਆ। ਉਸਦਾ ਆਪਣਾ ਜੱਦੀ ਪਿੰਡ ਵੀ ਲੁਧਿਆਣਾ ਜਿਲ੍ਹੇ ਵਿੱਚ ਮਾਲੇਕਰਕੋਟਲਾ ਦੇ ਨਜ਼ਦੀਕ ਡਾਂਗੋਂ ਹੈ। ਉਸਦੀ ਮਾਤਾ ਸਤਵੰਤ ਕੌਰ ਧਾਂਦਰੇ ਪਿੰਡ ਦੇ ਗਰੇਵਾਲਾਂ ਦੀ ਧੀ ਸੀ। ਧਰਮਿੰਦਰ ਆਖ਼ਰੀ ਵਾਰ 2014 ਵਿੱਚ ਆਪਣੇ ਪਿੰਡ ਡਾਂਗੋ ਗਿਆ ਸੀ। ਉਹ ਰਾਏਕਟ ਵਿਖੇ ਵੀ ਰਹਿੰਦੇ ਰਹੇ ਸਨ। ਧਰਮ ਸਿੰਘ ਦਿਓਲ ਦੇ ਪਿਤਾ ਸਕੂਲ ਅਧਿਆਪਕ ਸਨ। ਉਹ ਧਰਮ ਸਿੰਘ ਨੂੰ ਅਧਿਆਪਕ ਬਣਾਉਣਾ ਚਾਹੁੰਦੇ ਸਨ, ਪ੍ਰੰਤੂ ਧਰਮ ਸਿੰਘ ਫ਼ਿਲਮ ਐਕਟਰ ਬਣਨ ਦੇ ਸਪਨੇ ਸਿਰਜ ਰਿਹਾ ਸੀ। ਇਸ ਲਈ ਉਸਨੂੰ ਫ਼ਿਲਮਾ ਵੇਖਣ ਦਾ ਸ਼ੌਕ ਸੀ। ਉਸਦੇ ਮਨ ਵਿੱਚ ਫ਼ਿਲਮ ਅਦਾਕਾਰ ਬਣਨ ਦੀ ਚਿਣਗ ਪੈਦਾ ਹੋ ਗਈ ਸੀ। ਇਸ ਲਈ ਉਹ ਵਾਰ-ਵਾਰ ਆਪਣੇ ਪਿਤਾ ਤੋਂ ਚੋਰੀ ਛਿੱਪੇ ਲੁਧਿਆਣਾ ਵਿਖੇ ਫ਼ਿਲਮਾ ਵੇਖਣ ਪੈਦਲ ਹੀ ਚਲਾ ਜਾਂਦਾ ਸੀ। ਉਸਦੇ ਪਿਤਾ ਦੇ ਸਰਕਾਰੀ ਸਕੂਲ ਦਾ ਅਧਿਆਪਕ ਹੋਣ ਕਰਕੇ ਬਦਲੀਆਂ ਹੁੰਦੀਆਂ ਰਹੀਆਂ, ਇਸ ਕਰਕੇ ਧਰਮ ਸਿੰਘ ਸਾਹਨੇਵਾਲ, ਢੰਡਾਰੀ ਕਲਾਂ, ਲਲਤੋਂ ਅਤੇ ਆਰੀਆ ਹਾਈ ਸਕੂਲ ਫਗਵਾੜਾ ਵਿੱਚ ਸਕੂਲੀ ਪੜ੍ਹਾਈ ਪ੍ਰਾਪਤ ਕਰਦਾ ਰਿਹਾ। ਉਸਨੇ ਇੰਟਰਮੀਡੀਏਟ ਤੱਕ ਦੀ ਪੜ੍ਹਾਈ ਰਾਮਗੜ੍ਹੀਆ ਕਾਲਜ ਫ਼ਗਵਾੜਾ ਵਿੱਚੋਂ 1952 ਵਿੱਚ ਕੀਤੀ। ਇਸ ਤੋਂ ਬਾਅਦ ਉਸਨੇ ਅਪ੍ਰੇਸ਼ਨ ਡਰਿ☬ਲੰਗ ਕੰਪਨੀ ਵਿੱਚ ਟਿਊੁਬਵੈਲ ਦੇ ਬੋਰ ਕਰਨ ਦੀ ਨੌਕਰੀ ਕਰ ਲਈ। ਇਸ ਨੌਕਰੀ ਕਰਕੇ ਉਹ ਸਾਰੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਟਿਊੁਬਵੈਲਾਂ ਦੇ ਬੋਰ ਕਰਨ ਲਈ ਜਾਂਦਾ ਰਿਹਾ, ਪ੍ਰੰਤੂ ਉਸਦਾ ਅਜਿਹੇ ਬੋਰਿੰਗ ਕੰਮ ਵਿੱਚ ਦਿਲ ਨਾ ਲੱਗਿਆ। ਫਿਰ ਉਸਨੇ ਟਿਊਬਵੈਲ ਅਪ੍ਰੇਟਰ ਦੀ ਸਰਕਾਰੀ ਨੌਕਰੀ ਕਰ ਲਈ। ਉਥੇ ਵੀ ਉਸਦਾ ਦਿਲ ਨਾ ਲੱਗਿਆ ਕਿਉਂਕਿ ਉਸਦੇ ਮਨ ਮਸਤਕ ਵਿੱਚ ਤਾਂ ਫ਼ਿਲਮ ਐਕਟਰ ਬਣਨ ਦਾ ਭੂਤ ਸਵਾਰ ਹੋਇਆ ਸੀ। ਉਹ ਤੇ ਮੇਰਾ ਵੱਡੇ ਭਰਾ ਮਰਹੂਮ ਧਰਮ ਸਿੰਘ ਇਕੱਠੇ ਟਿਵੂਬਵੈਲ ਅਪ੍ਰੇਟਰ ਰਹੇ ਸਨ। ਉਸਨੇ 1955 ਵਿੱਚ ਦਿਲ ਲਗੀ ਫਿਲਮ ਦੇਖੀ, ਉਸਨੂੰ ਇਹ ਫਿਲਮ ਬਹੁਤ ਪਸੰਦ ਆਈ ਅਤੇ ਕਈ ਵਾਰ ਫਿਲਮ ਦੇਖੀ।
ਧਰਮਿੰਦਰ ਦਾ ਕੱਦ ਕਾਠ ਚੰਗਾ ਤੇ ਸੁਹਣਾ ਸੁਨੱਖਾ ਗਭਰੂ ਸੀ। ਉਸਨੇ ਬਿਮਲ ਰਾਏ ਅਤੇ ਗੁਰੂ ਦੱਤ ਦੇ ਫ਼ਿਲਮ ਫ਼ੇਅਰ ਮੈਗਜ਼ੀਨ ਵਿੱਚ ਨਵੇਂ ਅਦਾਕਾਰਾਂ ਦੀ ਫ਼ਿਲਮਾਂ ਵਿੱਚ ਕੰਮ ਕਰਨ ਲਈ ਸਪਾਟ ਟੇਲੰਟ ਕੰਨਟੈਸਟ ਦਾ ਦਿੱਤਾ ਹੋਇਆ ਇਸ਼ਤਿਹਾਰ ਪੜ੍ਹਿਆ। ਇਹ ਇਸ਼ਤਿਹਾਰ ਪੜ੍ਹਕੇ ਉਸਨੇ ਮਾਲੇਰਕੋਟਲਾ ਸ਼ਹਿਰ ਦੇ ਜਾਨ ਮੁਹੰਮਦ (ਜੌਨ ਐਂਡ ਸਨਜ਼) ਸਟੂਡੀਓ ਤੋਂ ਇੱਕ ਰੰਗਦਾਰ ਤਸਵੀਰ ਖਿਚਵਾਈ। ਉਸਨੇ ਜੌਹਨ ਮੁਹੰਮਦ ਨੂੰ ਕਿਹਾ ਕਿ ਉਸਦੀ ਦਲੀਪ ਕੁਮਾਰ ਵਰਗੀ ਤਸਵੀਰ ਖਿੱਚ ਦੇ। ਫਿਰ ਉਹ 20 ਸਾਲ ਦੀ ਉਮਰ ਵਿੱਚ 1955 ਵਿੱਚ ਬੰਬਈ ਚਲਾ ਗਿਆ। ਉਸਨੇ ਇੰਟਰਵਿਊ ਦਿੱਤੀ ਤੇ ਉਹ ਰਮੇਸ਼ ਸੈਗਲ ਦੀ ਫ਼ਿਲਮ ਲਈ ਚੁਣੇ ਗਏ। ਅਖੀਰ 1960 ਵਿੱਚ ਅਰਜਨ ਹਿੰਗਲਾਨੀ ਦੀ ਫ਼ਿਲਮ ‘ਦਿਲ ਭੀ ਤੇਰਾ ਹਮ ਭੀ ਤੇਰੇ’ ਵਿੱਚ ਰੋਲ ਮਿਲ ਗਿਆ। ਇਸ ਫਿਲਮ ਦਾ ਉਸਨੂੰ 51 ਰੁਪਏ ਇਵਜਾਨਾ ਮਿਲਿਆ ਸੀ। ਇਸ ਤੋਂ ਸ਼ਬਨਮ 1961, ਅਨਪੜ੍ਹ 1962 ਵਿੱਚ ਥੋੜ੍ਹਾ ਬਹੁਤਾ ਕੰਮ ਕੀਤਾ। 1966 ਵਿੱਚ ‘ਫੂਲ ਔਰ ਪੱਥਰ’ ਵਿੱਚ ਮੀਨਾ ਕੁਮਾਰੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਬਸ ਫਿਰ ਕੀ ਸੀ ਧਰਮ ਸਿੰਘ ਤੋਂ ਧਰਮੇਂਦਰ ਅਜਿਹਾ ਬਣਿਆਂ, ਲੋਕਾਂ ਵਲੋਂ ਉਸਦੇ ਕੰਮ ਨੂੰ ਪਹਿਲੀ ਵਾਰ ਮਾਣਤਾ ਮਿਲੀ। ਸ਼ੋਹਲੇ ਫ਼ਿਲਮ ਵਿੱਚ ਹੇਮਾ ਮਾਲਿਨੀ ਨਾਲ ਵੀਰੂ ਦਾ ਰੋਲ ਕੀਤਾ, ਇਸ ਰੋਲ ਤੋਂ ਬਾਅਦ ਤਾਂ ਉਸਦੀ ਚੜ੍ਹ ਮੱਚ ਗਈ। ਉਸਨੇ ਹੇਮਾ ਮਾਲਿਨੀ ਨਾਲ ਲਗਾਤਾਰ 28 ਫ਼ਿਲਮਾਂ ਕੀਤੀਆਂ। ਧਰਮੇਂਦਰ ਦੀ ਅਦਾਕਾਰੀ ਦੀ ਕਮਾਲ ਸੀ, ਜਿਸ ਕਰਕੇ ਉਸਨੇ ਇੱਕੋ ਸਾਲ 1973 ਵਿੱਚ ਅੱਠ ਅਤੇ ਇਕੋ ਸਾਲ 1987 ਵਿੱਚ ਉਸਨੇ ਨੌਂ ਸ਼ਾਹਕਾਰ ਫ਼ਿਲਮਾ ਬਣਾਕੇ ਰਿਕਾਰਡ ਬਣਾ ਦਿੱਤਾ। ਇਤਨੀਆਂ ਫ਼ਿਲਮਾ ਬਣਾਉਣੀਆਂ ਤੇ ਫਿਰ ਉਨ੍ਹਾਂ ਦਾ ਲੋਕਾਂ ਵਿੱਚ ਸਰਵਪ੍ਰਵਾਣਿਤ ਹੋਣਾ ਧਰਮੇਂਦਰ ਦੀ ਕਾਬਲੀਅਤ ਤੇ ਅਦਾਕਾਰੀ ਦਾ ਇਸਤੋਂ ਵੱਡਾ ਪ੍ਰਮਾਣ ਹੋਰ ਕੋਈ ਨਹੀਂ ਹੋ ਸਕਦਾ। 1983 ਵਿੱਚ ‘ਵਿਜੇਤਾ ਫ਼ਿਲਮ’ ਨਾਮ ਦੀ ਪ੍ਰੋਡਕਸ਼ਨ ਕੰਪਨੀ ਵੀ ਬਣਾਈ ਸੀ। ਉਸਨੇ ਦੋ ਫ਼ਿਲਮਾਂ ਬੇਤਾਬ 1983 ਅਤੇੇ ਬਰਸਾਤ ਬਣਾਈਆਂ। ਧਰਮੇਂਦਰ 2004 ਵਿੱਚ ਰਾਜਸਥਾਨ ਦੇ ਬੀਕਾਨੇਰ ਲੋਕ ਸਭਾ ਹਲਕੇ ਤੋਂ ਲੋਕ ਸਭਾ ਦੇ ਮੈਂਬਰ ਚੁਣੇ ਗਏ ਸਨ। ਉਹ 2009 ਤੱਕ ਬੀਕਾਨੇਰ ਹਲਕੇ ਦੀ ਪ੍ਰੀਨਿਧਤਾ ਕਰਦੇ ਰਹੇ ਹਨ।
ਧਰਮੇਂਦਰ ਨੂੰ ਉਸਦੀਆਂ ਫ਼ਿਲਮਾਂ ਵਿੱਚ ਬਿਹਤਰੀਨ ਅਦਾਕਾਰੀ ਕਰਕੇ ਬਹੁਤ ਸਾਰੇ ਮਾਨ ਸਨਮਾਨ ਮਿਲੇ, ਜਿਨ੍ਹਾਂ ਵਿੱਚ ਰਾਸ਼ਟਰੀ ਫ਼ਿਲਮ ਪੁਰਸਕਾਰ ਵਿਸ਼ੇਸ਼ ਤੌਰ ‘ਤੇ ਵਰਣਨਯੋਗ ਹੈ। ਇਸ ਤੋਂ ਇਲਾਵਾ ਲੜੀਵਾਰ 1991 ਵਿੱਚ ‘ਘਾਇਲ’ (ਨਿਰਮਾਤਾ) ਫ਼ਿਲਮ ਲਈ ਫ਼ਿਲਮ ਫ਼ੇਅਰ ਅਵਾਰਡ, ਉਸਨੂੰ ਹਿੰਦੀ ਫ਼ਿਲਮਾ ਵਿੱਚ ਯੋਗਦਾਨ ਲਈ 1997 ਵਿੱਚ ਫ਼ਿਲਮ ਫੇਅਰ ਲਾਈਫ ਟਾਈਮ ਅਚੀਵਮੈਂਟ ਅਵਾਰਡ ਮਿਲਿਆ, 1965 ‘ਆਈ ਮਿਲਨ ਕੀ ਬੇਲਾ’ ਬੈਸਟ ਸਪੋਰਟਿੰਗ ਐਕਟਰ ਅਵਾਰਡ, 1967 ‘ਫੂਲ ਔਰ ਪੱਥਰ’ ਲਈ ਸਰਵੋਤਮ ਐਕਟਰ ਲਈ ਫ਼ਿਲਮ ਫ਼ੇਅਰ ਅਵਾਰਡ, 1972 ‘ਮੇਰਾ ਗਾਉਂ ਮੇਰਾ ਦੇਸ਼’ ਲਈ ਸਰਵੋਤਮ ਐਕਟਰ ਦਾ ਫ਼ਿਲਮ ਫ਼ੇਅਰ ਅਵਾਰਡ, 1974 ‘ਯਾਰੋਂ ਕੀ ਬਰਾਤ’ ਲਈ ਸਰਵੋਤਮ ਐਕਟਰ ਦਾ ਫ਼ਿਲਮ ਫ਼ੇਅਰ ਅਵਾਰਡ, 1975 ‘ਰੇਸ਼ਮ ਕੀ ਡੋਰੀ’ ਲਈ ਬੈਸਟ ਐਕਟਰ, 1984 ‘ਨੌਕਰ ਬੀਵੀ ਕਾ’ ਲਈ ਫ਼ਿਲਮ ਫ਼ੇਅਰ ਬੈਸਟ ਕਾਮੇਡੀਅਨ ਅਵਾਰਡ। ਇਸੇ ਤਰ੍ਹਾਂ 1970 ਦੇ ਦਹਾਕੇ ਦੇ ਅਖੀਰ ਵਿੱਚ ਧਰਮੇਂਦਰ ਨੂੰ ਦੁਨੀਆਂ ਦੇ ਸਭ ਤੋਂ ਖ਼ੂਬਸੂਰਤ ਵਿਅਕਤੀਆਂ ਵਿੱਚੋਂ ਇੱਕ ਵੋਟ ਮਿਲੀ ਸੀ, ਜੋ ਭਾਰਤ ਵਿੱਚ ਸਿਰਫ਼ ਸਲਮਾਨ ਖ਼ਾਨ (ਬਾਲੀਵੁੱਡ) ਨੂੰ 2004 ਵਿੱਚ ਨੂੰ ਦੁਬਾਰਾ ਮਿਲੀ ਸੀ। ਧਰਮੇਂਦਰ ਨੂੰ ਵਿਸ਼ਵ ਦਾ ਆਇਰਨ ਮੈਨ ਅਵਾਰਡ ਵੀ ਮਿਲਿਆ ਸੀ। 2012 ਵਿੱਚ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਲਾਲਚੀ ਬਿਲਕੁਲ ਨਹੀਂ ਸੀ ਅਤੇ ਨਾ ਹੀ ਗਰੂਰ ਕਰਦਾ ਸੀ। ਨਮਰਤਾ ਉਸਦਾ ਗਹਿਣਾ ਸੀ, ਪ੍ਰੰਤੂ ਆਪਣੇ ਸਵੈਮਾਣ ਨੂੰ ਠੇਸ ਨਹੀਂ ਲੱਗਣ ਦਿੰਦਾ ਸੀ। ਧਰਮਿੰਦਰ ਉਰਦੂ ਵਿੱਚ ਕਵਿਤਾਵਾਂ ਵੀ ਲਿਖਦਾ ਸੀ। ਆਪਣੀ ਸਫਲਤਾ ਬਾਰੇ ਉਹ ਗੁਣਗੁਣਾਂਦਾ ਸੀ:
ਮੌਕਾ ਦੀਆ ਮੁਕੱਦਰ ਨੇ, ਦਿਲ ਦਿਮਾਗ ਏਕ ਹੂਏ।
ਨੇਕੀ ਭੀ ਸਾਥ ਹੂਈ, ਮਿਹਨਤ ਔਰ ਮੁਸ਼ੱਕਤ ਕੇ।
ਮੰਜ਼ਲੇਂ ਤਹਿ ਹੋਤੀ ਗਈ, ਔਰ ਹਮ ਸੁਰਖ਼ੁਰੂ ਹੋਏ।
ਧਰਮ ਸਿੰਘ ਦਿਓਲ ਦਾ 1954 ਵਿੱਚ ਮਹਿਜ 19 ਸਾਲ ਦੀ ਉਮਰ ਵਿੱਚ ਵਿਆਹ ਬਨਬੌਰੇ ਪਿੰਡ ਦੀ ਪਰਕਾਸ਼ ਕੌਰ ਨਾਲ ਹੋ ਗਿਆ। ਧਰਮੇਂਦਰ ਦੇ ਦੋ ਲੜਕੇ ਸਨੀ ਦਿਓਲ (ਅਜੈ ਸਿੰਘ ਦਿਓਲ) ਅਤੇ ਬੌਬੀ ਦਿਓਲ (ਵਿਜੈ ਸਿੰਘ ਦਿਓਲ) ਅਤੇ ਦੋ ਲੜਕੀਆਂ ਵਿਜੇਤਾ ਦਿਓਲ ਅਤੇ ਅਜੀਤਾ ਦਿਓਲ ਹਨ। ਹੇਮਾਂ ਮਾਲਿਨੀ ਦੀਆਂ ਵੀ ਧਰਮੇਂਦਰ ਦੀਆਂ ਦੋ ਲੜਕੀਆਂ ਈਸ਼ਾ ਦਿਓਲ ਅਤੇ ਅਹਾਨਾ ਦਿਓਲ ਹਨ।
ਤਸਵੀਰਾਂ : ਧਰਮੇਂਦਰ
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ੁਜੳਗੳਰਸਨਿਗਹ48ੑੇੳਹੋੋ.ਚੋਮ

