ਵੰਡ ਦੇਸ਼ ਦੀ ਹੋਈ ਵੰਡਿਆਂ ਤਾਂ ਗਿਆ ਪੰਜਾਬ
ਲਾਸ਼ਾਂ ਕਿੰਨੀਆਂ ਡਿੱਗੀਆਂ ਨਾ ਗਿਣਤੀ ਨਾ ਹਿਸਾਬ।
ਕਦੇ ਮਰਗਾਂ ਦੇ ਵੀ ਕਿਤੇ ਜਸ਼ਨ ਜਾਂਦੇ ਨੇ ਮਨਾਏ
ਦੋ ਤਿੰਨ ਨੂੰ ਕਰ ਯਾਦ ਲੱਖਾਂ ਜਾਂਦੇ ਕਿਵੇਂ ਭੁਲਾਏ।।
ਵੰਡ ਦੇਸ਼ਾਂ ਦੀ ਕੀਤੀ ਸਰਹੱਦਾਂ ਦਿਲਾਂ ਤੇ ਲਾਈਆਂ
ਭੋਲੇ ਭਾਲਿਆਂ ਦੇ ਮੰਨੀਂ ਨਫ਼ਰਤਾਂ ਘੋਲ ਚੜ੍ਹਾਈਆਂ।
ਛੱਡ ਮਾਲ ਅਸਬਾਬ,ਡੰਗਰ, ਜ਼ਮੀਨਾਂ ਤੇ ਹਵੇਲੀਆਂ
ਸਾਕਾ ਸ਼ਹਾਦਤਾਂ ਦਾ ਕਰ ਯਾਦ ਆਉਣ ਤਰੇਲੀਆਂ।।
ਕਿਸ ਕਸੂਰ ਦੀ ਮਿਲੀ ਇੰਨੀ ਡੂੰਘੀ ਤੇ ਮਾਰੂ ਸਜ਼ਾ
ਸਭ ਕੁਝ ਖੋਹਾਂ ਭਾਣਾ ਮੰਨ ਖੁੱਸ਼ ਹਾਂ ਆਖ ਤੇਰੀ ਰਜ਼ਾ।
ਦਿਲ ਨੂੰ ਪੰਜਾਬ ਦੇ ਹਲਾਤਾਂ ਨੂੰ ਤੱਕ ਡੋਲ੍ਹ ਜਿਹੇ ਪੈਂਦੇ
ਜੜ੍ਹਾਂ ਨਾਲੋਂ ਟੁੱਟਕੇ ਹੋਂਦ ਬਚਾਉਣ ਲਈ ਕਹਿੰਦੇ।।
ਲਹੂ ਦਾ ਕੱਤਰਾ ਕੱਤਰਾ ਕੁਰਬਾਨ ਕਰ ਆਜ਼ਾਦੀ ਪਾਈ
ਭੰਡਦੇ ਸਾਨੂੰ ਜਦ ਹੱਕਾਂ ਖਾਤਰ ਪਾਉਂਦੇ ਅਸੀਂ ਦੁਹਾਈ।
ਸਾਨੂੰ ਚੜ੍ਹਦੀ ਕਲਾ ਦੀ ਗੁੜ੍ਹਤੀ ਵਿੱਚ ਮਿਲੀ ਦਾਤ
ਚਰਖ਼ੇ ਨਹੀਂ, ਚੜ੍ਹਖੜੀਆਂ ਚੜ੍ਹ ਮਿਲੀ ਆਜ਼ਾਦੀ ਸੌਗਾਤ ।।
ਸੁਰਿੰਦਰਪਾਲ ਸਿੰਘ
ਵਿਗਿਆਨ ਅਧਿਆਪਕ
ਸ੍ਰੀ ਅੰਮ੍ਰਿਤਸਰ ਸਾਹਿਬ।
