ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਵਿਖੇ ਪੈਥੋਲੋਜੀ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਰਹੇ ਡਾਕਟਰ ਨਵਤੇਜ ਸਿੰਘ ਐਮ ਡੀ (ਪੈਥੋਲਜੀ) ਜੀ ਅਨੁਸਾਰ ਲਸਣ ਦੇ ਗੁਣ
ਲਸਣ, (Garlic) ਜਿਸਦਾ ਵਿਗਿਆਨਕ ਨਾਮ Allium sativum ਹੈ, ਰਸੋਈ ਵਿੱਚ ਵਰਤੇ ਜਾਣ ਵਾਲੇ ਸਭ ਤੋਂ ਮਹੱਤਵਪੂਰਨ ਖਾਧ ਪਦਾਰਥਾਂ ਵਿੱਚੋਂ ਇੱਕ ਹੈ। ਲਸਣ ਦੀ ਵਰਤੋਂ ਹਜ਼ਾਰਾਂ ਸਾਲਾਂ ਤੋਂ ਹੋ ਰਹੀ ਹੈ। ਵੱਖ-ਵੱਖ ਪ੍ਰਾਚੀਨ ਸਭਿਆਚਾਰਾਂ ਵਿੱਚ ਲਸਣ ਨੂੰ ਰਸੋਈ ਵਿਚਲੇ ਮਸਾਲੇ ਤੋਂ ਵੱਧ ਇਸਨੂੰ ਇੱਕ ਔਸ਼ਧੀ (medicine) ਵਜੋਂ ਵਰਤਿਆ ਜਾਂਦਾ ਸੀ।
- ਕਰੀਬ 5000 ਸਾਲ ਪਹਿਲਾਂ ਮਿਸਰ ਦੇ ਲੋਕ ਲਸਣ ਨੂੰ ਸ਼ਕਤੀ ਤੇ ਸਿਹਤ ਦਾ ਪ੍ਰਤੀਕ ਮੰਨਦੇ ਸਨ।
- ਯੂਨਾਨੀ ਅਤੇ ਰੋਮਨ ਖਿਡਾਰੀ, ਲਸਣ ਖਾ ਕੇ ਆਪਣੇ ਆਪ ਨੂੰ ਮਜ਼ਬੂਤ ਤੇ ਤੰਦਰੁਸਤ ਰੱਖਦੇ ਸਨ। ਲਸਣ ਨੂੰ ਇੱਕ ‘ਸ਼ਕਤੀਵਰਧਕ ਭੋਜਨ’ ਮੰਨਿਆ ਜਾਂਦਾ ਸੀ। ਇੱਥੇ ਹੀ ਬੱਸ ਨਹੀਂ, ਰੋਮਨ ਸਿਪਾਹੀ ਜੰਗ ਤੇ ਜਾਣ ਤੋਂ ਪਹਿਲਾਂ ਲਸਣ ਖਾਂਦੇ ਸਨ
- ਮੈਡੀਸਿਨ ਦੇ ਪਿਤਾਮਾ ਹਿਪੋਕ੍ਰੇਟਸ ਮੁਤਾਬਿਕ ਲਸਣ ਪੇਟ ਸਾਫ਼ ਕਰਦਾ ਅਤੇ ਸਰੀਰ ਦੀ ਰੋਗ-ਰੋਧਕ ਸ਼ਕਤੀ (immunity) ਵਧਾਉਂਦਾ ਹੈ।
- ਦੂਜੀ ਵਿਸ਼ਵ ਯੁੱਧ ਦੌਰਾਨ ਲਸਣ ਨੂੰ “Russian Penicillin” ਵੀ ਆਖਿਆ ਜਾਂਦਾ ਸੀ ਕਿਉਂਕਿ ਰੂਸੀ ਫੌਜੀ ਇਸਨੂੰ ਜ਼ਖ਼ਮਾਂ ਤੇ ਐਂਟੀਬਾਇਓਟਿਕ ਦੀ ਤਰ੍ਹਾਂ ਲਗਾਉਂਦੇ ਸਨ।
ਲਸਣ ਦੇ ਮੁੱਖ ਰਸਾਇਣਕ ਤੱਤ:
ਲਸਣ ਵਿੱਚ ਸੈਂਕੜੇ ਫਾਈਟੋਕੈਮੀਕਲਜ਼ (phytochemicals) ਹੁੰਦੇ ਹਨ। ਫਾਈਟੋਕੈਮੀਕਲਜ਼ ਉਹ ਰਸਾਇਣਕ ਪਦਾਰਥ ਹੁੰਦੇ ਹਨ ਜੋ ਪੌਦਿਆਂ ਤੋਂ ਕੁਦਰਤੀ ਰੂਪ ਵਿੱਚ ਮਿਲਦੇ ਹਨ ਅਤੇ ਮਨੁੱਖ ਸਰੀਰ ਲਈ ਬਹੁਤ ਲਾਭਦਾਇਕ ਹੁੰਦੇ ਹਨ। ਇਨ੍ਹਾਂ ਵਿਚੋਂ ਸਭ ਤੋਂ ਮਹੱਤਵਪੂਰਨ ਹਨ: - ਆਲੀਸਿਨ (Allicin) ਇਹ ਸਭ ਤੋਂ ਸਰਗਰਮ ਸਲਫਰ-ਅਧਾਰਿਤ ਤੱਤ ਹੈ ਜੋ ਲਸਣ ਦੀ ਮਹਿਕ ਦਾ ਮੁੱਖ ਕਾਰਨ ਹੈ ਅਤੇ ਇਸਦੇ 70-80 % ਸਾਰੇ ਵਧੀਆ ਗੁਣਕਾਰਕ ਤੱਤਾਂ ਲਈ ਜ਼ਿੰਮੇਵਾਰ ਹੈ।
- ਜਦ ਲਸਣ ਨੂੰ ਕੂੰਡੀ ਵਿੱਚ ਕੁੱਟਿਆ ਜਾਂ ਬਰੀਕ ਕੱਟਿਆ ਜਾਂਦਾ ਹੈ ਤਾਂ ਇੱਕ ਰਸਾਇਣਕ ਪ੍ਰਕਿਰਿਆ ਹੁੰਦੀ ਹੈ ਜਿਸ ਵਿੱਚ ਲਸਣ ਚ ਮੌਜੂਦ Alliin ਅਤੇ enzyme Alliinase ਮਿਲ ਕੇ Allicin ਬਣਾਉਂਦੇ ਹਨ।
- ਇੱਥੇ ਇਹ ਜਾਣਨਾ ਜ਼ਰੂਰੀ ਹੈ ਕਿ ਆਲੀਸਿਨ ਤਾਜ਼ੇ ਕੁੱਟੇ ਲਸਣ ਵਿੱਚ ਮੌਜੂਦ ਹੁੰਦਾ ਹੈ ਪਰ ਗਰਮ ਕਰਨ ਨਾਲ ਇਸਦੀ ਮਾਤਰਾ ਘਟਦੀ ਜਾਂਦੀ ਹੈ।
- ਉਪਰੋਕਤ ਤੱਤ ਆਲੀਸਿਨ ਜਲਦੀ ਖਤਮ ਹੋ ਜਾਂਦਾ ਹੈ ਪਰ ਇਹ ਤੋਂ ਹੋਰ ਗੁਣਕਾਰੀ ਸਲਫਰ ਯੋਗਿਕ ਬਣਦੇ ਹਨ।
- ਲਸਣ ਚ ਉਪਰੋਕਤ ਤੋਂ ਇਲਾਵਾ ਥੋੜ੍ਹੀ ਮਾਤਰਾ ਵਿੱਚ ਸੈਪੋਨਿਨਜ਼ (Saponins) ਅਤੇ ਫੀਨੋਲਿਕ ਯੋਗਿਕ (Phenolic Compounds) ਵੀ ਮਿਲਦੇ ਹਨ:
- ਥੋੜ੍ਹੀ ਮਾਤਰਾ ਵਿੱਚ ਲਸਣ ਵਿੱਚ ਕੈਲਸ਼ੀਅਮ, ਪੋਟਾਸ਼ੀਅਮ, ਸੋਡੀਅਮ, ਮੈਗਨੀਸ਼ੀਅਮ ਆਦਿ ਅਨਮੋਲ ਖਣਿਜ ਵੀ ਮਿਲਦੇ ਹਨ।
ਉਪਰੋਕਤ ਸਾਰੇ ਤੱਤ ਮਿਲ ਕੇ ਲਸਣ ਨੂੰ ਇੱਕ ਚਮਤਕਾਰੀ ਕੁਦਰਤੀ ਦਵਾਈ ਬਣਾਉਂਦੇ ਹਨ।
ਇੱਥੇ ਇਹ ਜਾਣਨਾ ਜ਼ਰੂਰੀ ਹੈ ਕਿ ਅੱਗ ਤੇ ਪਕਾਉਣ ਨਾਲ ਲਸਣ ਦਾ ਸਭ ਤੋਂ ਲਾਭਕਾਰੀ ਤੱਤ ਆਲੀਸਿਨ ਵੱਡੀ ਮਾਤਰਾ ਵਿੱਚ ਨਸ਼ਟ ਹੋ ਜਾਂਦਾ ਹੈ, ਯਾਨੀ ਇਸਦੇ ਗੁਣਕਾਰੀ ਤੱਤ ਘਟ ਜਾਂਦੇ ਹਨ।
ਲਸਣ ਦੇ ਮੁੱਖ ਸਿਹਤ ਲਾਭ
(ੳ) ਦਿਲ ਦੀ ਸਿਹਤ ਸੰਬੰਧੀ ਲਾਭ (Cardiovascular Benefits)
- ਬਲੱਡ-ਪ੍ਰੈਸ਼ਰ ਲਈ (Hypertension):
ਲਸਣ ਚ ਮੌਜੂਦ ਫਾਈਟੋਕੈਮੀਕਲਜ਼ ਨਾਈਟ੍ਰਿਕ ਆਕਸਾਈਡ ਅਤੇ ਹਾਈਡ੍ਰੋਜਨ ਸਲਫਾਈਡ ਬਣਾਉਂਦੇ ਹਨ ਜੋ ਦਿਲ ਤੋਂ ਸਰੀਰ ਨੂੰ ਖੂਨ ਸਪਲਾਈ ਕਰਨ ਵਾਲੀਆਂ ਨਾੜੀਆਂ (arteries) ਨੂੰ ਢਿੱਲੀਆਂ ਕਰਕੇ ਦੋਨੋਂ ਉਪਰਲੇ ਤੇ ਹੇਠਲੇ ਬਲੱਡਪ੍ਰੈਸ਼ਰ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਬਲੱਡ ਪ੍ਰੈਸ਼ਰ ਘਟਣ ਨਾਲ ਦਿਲ ਦੇ ਪੱਠਿਆਂ ਤੇ ਬੇਲੋੜੀਂਦਾ ਬੋਝ ਵੀ ਘੱਟ ਜਾਂਦਾ ਹੈ ਤੇ ਦਿਲ ਸਲਾਮਤੀ ਨਾਲ ਕੰਮ ਕਰਦਾ ਹੈ ।
(ਅ) ਖੂਨ ਵਿੱਚ ਬੇਲੋੜੀ ਚਰਬੀ (Dyslipidemia) - ਲਸਣ ਚ ਮੌਜੂਦ ਉਪਰੋਕਤ ਤੱਤ- ਆਲੀਸਿਨ, ਸਪੋਨਿਨਜ਼ ਤੇ ਫੀਨੋਲਿਕ ਯੋਗਿਕ ਖੂਨ ਚ ਮੌਜੂਦ ਚਰਬੀ ਯਾਨੀ ਕੋਲੇਸਟਰੋਲ (Cholesterol) ਅਤੇ ਟ੍ਰਾਈਗਲਿਸਰਾਈਡਜ਼ (Triglycerides) ਘਟਾਉਂਦੇ ਹਨ।
- ਲਸਣ ਚ ਮੌਜੂਦ ਉਪਰੋਕਤ ਤੱਤ ਜਿਗਰ ਵਿੱਚ ਕੋਲੈਸਟ੍ਰੋਲ ਬਣਨ ਦੀ ਪ੍ਰਕਿਰਿਆ ਰੋਕਦੇ ਹਨ।
- ਉਪ੍ਰੋਕਤ ਤੱਤ ਬੁਰੇ ਕੋਲੈਸਟ੍ਰੋਲ ਵਜੋਂ ਜਾਣੇ ਜਾਂਦੇ LDL ਦੀ ਆਕਸੀਡੇਸ਼ਨ ਰੋਕਦੇ ਹਨ। ਇੱਥੇ ਇਹ ਜਾਣਨਾ ਜ਼ਰੂਰੀ ਹੈ ਕਿ LDL ਦੀ ਆਕਸੀਡੇਸ਼ਨ ਹੋ ਕੇ ਹੀ ਇਹ ਜ਼ਿਆਦਾ ਖਰਾਬ ਜੋ ਜਾਂਦਾ ਹੈ ਤੇ ਦਿਲ ਅਤੇ ਦਿਮਾਗ਼ ਦੀਆਂ ਅਤੇ ਹੋਰ ਖੂਨ ਧਮਨੀਆਂ ਵਿੱਚ ਜੰਮ ਕੇ ਅਤੇ ਉਨ੍ਹਾਂ ਨੂੰ ਸਖਤ ਕਰਕੇ ਖੂਨ ਸਪਲਾਈ ਰੋਕਦਾ ਹੈ ਜਾਂ ਫਿਰ ਇਹ ਟੁੱਟ ਕੇ ਜ਼ਖਮ ਵਾਂਗ ਬਣ ਜਾਂਦਾ ਹੈ ਤੇ ਖੂਨ ਦਾ ਧੱਬਾ (blood clot) ਬਣ ਕੇ ਦਿਲ ਯਾਂ ਦਿਮਾਗ ਦੇ ਦੌਰੇ ਦਾ ਕਾਰਨ ਬਣਦਾ ਹੈ।
(ੲ) ਖ਼ੂਨ ਜੰਮਣ ਤੋਂ ਰੋਕਣਾ ਤੇ ਖੂਨ ਪਤਲਾ ਕਰਨਾ
(Anti-thrombotic and Anticoagulant Effects) - ਲਸਣ ਖੂਨ ਦੇ ਜੰਮਣ ਨੂੰ ਰੋਕ ਕੇ ਦਿਲ ਦੇ ਦੌਰੇ ਜਾਂ ਦਿਮਾਗ ਦੇ ਸਟ੍ਰੋਕ ਤੋਂ ਬਚਾਅ ਕਰਦਾ ਹੈ।
- ਲਸਣ ਚ ਮੌਜੂਦ ਐਲੀਸਿਨ ਤੇ ਹੋਰ ਸਲਫਰ ਯੋਗਿਕ ਅਤੇ ਸੈਪੋਨਿਨਜ਼ (saponins) ਮਿਲ ਕੇ ਬਲੱਡ ਪਲੇਟਲੈੱਟਸ (platelets) ਨੂੰ ਸਰਗਰਮ ਹੋ ਕੇ ਇਕੱਠੇ ਹੋਣ ਤੋਂ ਰੋਕਦੇ ਹਨ ਅਤੇ ਖੂਨ ਦੇ ਜੰਮਣ ਦੇ ਸਮੇਂ ਨੂੰ ਵਧਾ ਦਿੰਦੇ ਹਨ, ਜਿਸ ਨਾਲ ਖ਼ੂਨ ਦੇ ਥੱਕੇ ਬਣਨ (Thrombosis) ਤੋਂ ਬਚਾਅ ਹੋ ਜਾਂਦਾ ਹੈ। ਇੱਥੇ ਇਹ ਜਾਣਨਾ ਜ਼ਰੂਰੀ ਹੈ ਕਿ ਖੂਨ ਦੇ ਜੰਮਣ ਲਈ ਪਲੇਟਲੈੱਟਸ ਦੀ ਸਰਗਰਮੀ ਜ਼ਰੂਰੀ ਹੁੰਦੀ ਹੈ।
(ਸ) ਕੈਂਸਰ ਵਿਰੋਧੀ ਗੁਣ (Anti-Cancer Properties) - ਲਸਣ ਦੇ ਗੰਧਕ ਵਾਲੇ ਤੱਤ ਖ਼ਾਸ ਕਰਕੇ Allicin, Z-Ajoene ਅਤੇ ਕੁਝ ਸੈਪੋਨਿਨਜ਼ ਤੇ ਫੀਨੋਲਿਕ ਯੋਗਿਕ ਆਦਿ ਕੈਂਸਰ ਦੇ ਸੈੱਲਾਂ ਨੂੰ ਵਧਣ ਤੋਂ ਰੋਕਦੇ ਹਨ। ਇਸ ਦੇ ਨਾਲ ਹੀ ਕੁਝ ਫੀਨੋਲਿਕ ਯੋਗਿਕ ਕੈਂਸਰ ਦੇ ਸੈੱਲਾਂ ਨੂੰ ਮਾਰਨ ਦੀ ਸਮਰੱਥਾ ਵੀ ਰੱਖਦੇ ਹਨ।
- ਇਹ ਤੱਤ ਨਵੀਆਂ ਖੂਨ ਦੀਆਂ ਰਗਾਂ ਦਾ ਬਣਨਾ (angiogenesis) ਰੋਕਦੇ ਹਨ। ਕੈਂਸਰ ਦੇ ਫੈਲਣ ਲਈ ਵਾਧੂ ਖੂਨ ਸਪਲਾਈ ਦੇਣ ਲਈ ਇਹ ਖੂਨ ਦੀਆਂ ਨਵੀਆਂ ਰਗਾਂ ਜ਼ਰੂਰੀ ਹੁੰਦੀਆਂ ਹਨ।
- ਕਈ ਅਧਿਐਨ ਦੱਸਦੇ ਹਨ ਕਿ ਲਸਣ ਦੀ ਲੰਬੇ ਸਮੇਂ ਤਕ ਵਰਤੋਂ ਨਾਲ ਫੇਫੜਿਆਂ, ਪੇਟ, ਅੰਤੜੀ, ਛਾਤੀ ਅਤੇ ਪ੍ਰੋਸਟੇਟ ਕੈਂਸਰ ਦੇ ਖ਼ਤਰੇ ਵਿੱਚ ਕਮੀ ਆਉਂਦੀ ਹੈ।
(ਹ) ਸੋਜ-ਵਿਰੋਧੀ ਅਸਰ (Anti-inflammatory Properties): - ਲਸਣ ਵਿੱਚ ਅਜਿਹੇ ਤੱਤ ਹੁੰਦੇ ਹਨ ਜੋ ਸੋਜ ਪੈਦਾ ਕਰਨ ਵਾਲੇ ਰਸਾਇਣਾਂ ਨੂੰ ਘਟਾਉਂਦੇ ਹਨ।
- ਸੋਜ ਘਟਾਉਣ ਵਾਲੇ ਇਸ ਗੁਣ ਕਰਕੇ ਗਠੀਆ (arthritis) ਆਦਿ ਵਿੱਚ ਵੀ ਲਸਣ ਲਾਭਦਾਇਕ ਹੈ।
(ਕ) ਬੈਕਟੀਰੀਆ, ਫੰਗਸ ਅਤੇ ਵਾਇਰਸ ਖਿਲਾਫ਼ ਅਸਰ (Antibacterial, Antifungal and antiviral effect) - ਬੈਕਟੀਰੀਆ ਵਿਰੋਧੀ (Antibacterial)-
- ਆਲੀਸਿਨ ਕਈ ਤਰ੍ਹਾਂ ਦੇ ਬੈਕਟੀਰੀਆ ਖ਼ਿਲਾਫ਼ ਕਾਰਗਰ ਹੈ, ਜਿਸ ਕਰਕੇ ਲਸਣ ਇੱਕ ਕੁਦਰਤੀ ਐਂਟੀਬਾਇਓਟਿਕ ਸਿੱਧ ਹੁੰਦਾ ਹੈ ਜੋ ਸਰੀਰ ਦੇ ਕੁਦਰਤੀ ਪ੍ਰਬੰਧ ਨੂੰ ਨੁਕਸਾਨ ਨਹੀ ਪਹੁੰਚਾਉਂਦਾ।
- ਉੱਲੀ ਵਿਰੋਧੀ (Antifungal)-
- ਲਸਣ ਚ ਮੌਜੂਦ ਉਪਰੋਕਤ ਤੱਤ ਕਈ ਤਰ੍ਹਾਂ ਦੀਆਂ ਉੱਲੀਆਂ ਖ਼ਿਲਾਫ਼ ਵੀ ਸੰਕਰਮਣ ਰੋਕਦਾ ਹੈ। ਇਹ ਉਨ੍ਹਾਂ ਦੇ ਸੈੱਲਾਂ ਦੇ ਢਾਂਚੇ ਨੂੰ ਨੁਕਸਾਨ ਪਹੁੰਚਾ ਕੇ ਉਸਨੂੰ ਮਾਰਦਾ ਹੈ।
- ਵਾਇਰਸ ਵਿਰੋਧੀ (Antiviral)-
- ਵਾਇਰਸ ਇਨਫੈਕਸ਼ਨ ਤੋਂ ਹੋਈ ਸਧਾਰਨ ਠੰਢ-ਜ਼ੁਕਾਮ ਤੋਂ ਲੈ ਕੇ ਵਾਇਰਲ ਬੁਖਾਰ, ਇਨਫਲੂਐਂਜ਼ਾ ਤੱਕ ਦੇ ਮਰੀਜਾਂ ਨੂੰ ਜਲਦੀ ਠੀਕ ਹੋਣ ਵਿੱਚ ਮਦਦ ਕਰਦਾ ਹੈ।
ਸਾਵਧਾਨੀਆਂ ਅਤੇ ਮਾੜੇ ਪ੍ਰਭਾਵ (Side Effects) : - ਲਸਣ ਦਾ ਪ੍ਰਯੋਗ ਆਮ ਤੌਰ ਤੇ ਸੁਰੱਖਿਅਤ ਹੈ, ਪਰ ਕੁਝ ਲੋਕਾਂ ਨੂੰ ਅਲਰਜੀ, ਗੈਸ, ਉਲਟੀ, ਦਸਤ, ਸੀਨੇ ਵਿੱਚ ਜਲਨ ਜਾਂ ਸਿਰ ਦਰਦ ਹੋ ਸਕਦਾ ਹੈ, ਖਾਸ ਕਰਕੇ ਜੇ ਵੱਧ ਮਾਤਰਾ ਵਿੱਚ ਲਿਆ ਜਾਵੇ।
- ਅਗਰ ਤੁਸੀਂ ਖੂਨ ਪਤਲਾ ਕਰਨ ਵਾਲੀਆਂ ਜਾਂ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਲੈ ਰਹੇ ਹੋ ਤਾਂ ਡਾਕਟਰ ਦੀ ਰਾਇ ਜ਼ਰੂਰ ਲੈ ਲਵੋ।
ਲਸਣ ਤੋਂ ਵਧ ਲਾਭ ਲੈਣ ਦਾ ਢੰਗ:
ਜਿਵੇਂ ਕਿ ਇਸ ਲੇਖ ਵਿੱਚ ਪਹਿਲਾਂ ਦੱਸਿਆ ਗਿਆ ਹੈ ਕਿ ਲਸਣ ਨੂੰ ਕੁੱਟਣ ਨਾਲ ਜਦ ਇਸਦੇ ਸੈੱਲ ਟੁਟਦੇ ਹਨ ਤਾਂ ਉਨ੍ਹਾਂ ਵਿਚੋਂ ਨਿਕਲਣ ਵਾਲੇ ਐਨਜਾਈਮ ਦੀ ਕ੍ਰਿਆ ਨਾਲ ਆਲੀਸਿਨ (Allicin) ਨਾਂ ਦਾ ਬਹੁਤ ਗੁਣਕਾਰੀ ਪਦਾਰਥ ਬਣਦਾ ਹੈ। ਇਹ ਆਲੀਸਿਨ ਕੁਝ ਸਮੇਂ ਬਾਅਦ ਹੋਰ ਲਾਭਦਾਇਕ ਯੋਗਿਕ ਵੀ ਬਣਾਉਂਦਾ ਹੈ। ਸੋ ਜੇ ਇਸ ਨੂੰ ਕੁੱਟ ਕੇ 10 ਮਿੰਟ ਲਈ ਰੱਖ ਲਿਆ ਜਾਵੇ ਅਤੇ ਉਸੇ ਰੂਪ ਵਿੱਚ ਖਾ ਲਿਆ ਜਾਵੇ ਤਾਂ ਸਰੀਰ ਨੂੰ ਇਹ ਸਾਰੇ ਲਾਭਦਾਇਕ ਤੱਤ ਪੂਰੀ ਮਾਤਰਾ ਵਿੱਚ ਮਿਲ ਜਾਂਦੇ ਹਨ।
ਇੱਕ ਹੋਰ ਜਰੂਰੀ ਗੱਲ ਕਿ ਆਲੀਸਿਨ ਚਰਬੀ ਚ ਘੁਲਣਸ਼ੀਲ ਹੈ ਸੋ ਇਸ ਨੂੰ ਬਿਲਕੁਲ ਖਾਲੀ ਪੇਟ ਖਾਣ ਦੀ ਬਜਾਏ ਜੇ ਇਸ ਨਾਲ ਮੇਵਾ ਗਿਰੀ (ਜਿਵੇਂ ਬਦਾਮ, ਅਖਰੋਟ ਆਦਿ) ਖਾਧੇ ਜਾਣ ਤਾਂ ਇਹ ਉਨ੍ਹਾਂ ਤੋਂ ਪ੍ਰਾਪਤ ਫੈਟ ਵਿੱਚ ਘੁਲ ਕੇ ਸਰੀਰ ਵਿੱਚ ਵੱਧ ਰਚਦਾ (absorb) ਹੈ।
ਇੱਕ ਵੱਡਾ ਸਵਾਲ ਅਕਸਰ ਇਹ ਕੀਤਾ ਜਾਂਦਾ ਹੈ ਕਿ ਲਸਣ ਦੀਆਂ ਤੁਰੀਆਂ ਨੂੰ ਸਾਬਤ ਲੰਘਾ ਲੈਣ ਜਾਂ ਸਬਜੀ ਵਿੱਚ ਪਾ ਕੇ ਖਾਣ ਨਾਲ ਕੀ ਲਸਣ ਦੇ ਲਾਭ ਬਰਕਰਾਰ ਰਹਿੰਦੇ ਹਨ। ਇਹ ਸਵਾਲ ਇਸ ਕਰਕੇ ਵਾਰ ਵਾਰ ਉਠਦਾ ਹੈ ਕਿ ਕੱਚਾ ਲਸਣ ਚੱਬ ਕੇ ਖਾਣ ਨਾਲ ਕਾਫੀ ਸਮਾਂ ਮੂੰਹ ਵਿਚੋਂ ਬੁਰੀ ਵਾਸ਼ਨਾ ਆਉਂਦੀ ਰਹਿੰਦੀ ਹੈ। ਕੁਝ ਲੋਕਾਂ ਨੂੰ ਇਸ ਤਰ੍ਹਾਂ ਖਾਣ ਨਾਲ ਪੇਟ ਵਿੱਚ ਜਲਨ ਦੀ ਸਮੱਸਿਆ ਵੀ ਹੋ ਜਾਂਦੀ ਹੈ। ਬਿਨਾਂ ਸ਼ੱਕ ਮੂੰਹ ਵਿਚੋਂ ਬੁਰੀ ਸਮੈੱਲ ਦੀ ਸਮੱਸਿਆ ਕਾਫੀ ਵੱਡੀ ਹੈ। ਪਰ ਜਿਵੇਂ ਕਹਿੰਦੇ ਹੁੰਦੇ ਹਨ ਕਿ ਕੁਝ ਪਾਉਣ ਲਈ ਕੁਝ ਗੁਆਉਣਾ ਵੀ ਪੈਂਦਾ ਹੈ। ਸੋ ਸਭ ਤੋਂ ਵੱਧ ਅਸਰਦਾਰ ਢੰਗ ਤਾਂ ਕੁੱਟ ਕੇ ਰੱਖੇ ਲਸਣ ਨੂੰ 10 ਮਿੰਟ ਬਾਅਦ ਕੱਚਾ ਖਾਣਾ ਹੀ ਹੈ। ਸਾਬਤ ਲੰਘਾਉਣ ਨਾਲ ਜਾਂ ਸਬਜੀ ਵਿੱਚ ਪਾਉਣ ਨਾਲ ਮੁੱਖ ਲਾਭਕਾਰੀ ਤੱਤ ਆਲੀਸਿਨ ਦੀ ਮਾਤਰਾ ਤਾਂ ਬਹੁਤ ਹੀ ਘੱਟ ਜਾਂਦੀ ਹੈ। ਪਰ ਲਸਣ ਵਿੱਚ ਮੌਜੂਦ ਕੁਝ ਕੁ ਹੋਰ ਤੱਤ ਅਤੇ ਖਣਿਜ ਪਦਾਰਥ ਸਰੀਰ ਨੂੰ ਜਰੂਰ ਮਿਲ ਜਾਂਦੇ ਹਨ। ਸੋ ਸਪਸ਼ਟ ਹੈ ਕਿ ਸਬਜੀ ਵਿੱਚ ਪਾ ਕੇ ਖਾਣ ਨਾਲ ਕੁਝ ਲਾਭ ਤਾਂ ਹੁੰਦਾ ਹੈ ਪਰ ਓਨਾ ਨਹੀਂ ਜਿੰਨਾ ਕੱਚੇ ਨੂੰ ਚਬਾ ਕੇ ਖਾਣ ਨਾਲ ਮਿਲਦਾ ਹੈ।
ਜਿਥੋਂ ਤੱਕ ਖਾਣ ਦੀ ਮਾਤਰਾ ਦਾ ਸਵਾਲ ਹੈ, ਲਸਣ ਦੀਆਂ ਦੋ ਜਾਂ ਤਿੰਨ ਤੁਰੀਆਂ (ਪੂਰੀਆਂ ਗੰਢੀਆਂ ਨਹੀਂ) ਬਹੁਤ ਹੁੰਦੀਆਂ ਹਨ।
ਮਾਸਟਰ ਪਰਮਵੇਦ
ਤਰਕਸ਼ੀਲ ਆਗੂ
ਤਰਕਸ਼ੀਲ ਸੁਸਾਇਟੀ ਪੰਜਾਬ
9417422349

