ਸੁਰਜੀਤ ਸਿੰਘ ਸਿਰੜੀ ਦੇ ਦੋ ਕਾਵਿ-ਸੰਗ੍ਰਹਿ ਇੱਕ ਪੰਜਾਬੀ ਅਤੇ ਇੱਕ ਹਿੰਦੀ ਵਿੱਚ ਪ੍ਰਕਾਸ਼ਤ ਹੋ ਚੁੱਕੇ ਹਨ। ‘ਮਿੱਟੀ ਕਰੇ ਸੁਆਲ’ ਤੀਜਾ ਤੇ ਪੰਜਾਬੀ ਦਾ ਦੂਜਾ ਕਾਵਿ-ਸੰਗ੍ਰਹਿ ਹੈ। ਉਹ ਸੰਵੇਦਨਸ਼ੀਲ ਕਵੀ ਹੈ। ਸਮਾਜ ਵਿੱਚ ਵਾਪਰ ਰਹੀ ਹਰ ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਘਟਨਾ ਜਦੋਂ ਉਸਦੀ ਮਾਨਸਿਕਤਾ ਨੂੰ ਕੁਰੇਦਦੀ ਹੈ ਤਾਂ ਫਿਰ ਉਹ ਆਪਣੀ ਕਲਮ ਦਾ ਸਹਾਰਾ ਲੈ ਕੇ ਕਵਿਤਾ ਲਿਖਕੇ ਆਪਣਾ ਮਨ ਹੌਲ਼ਾ ਕਰਦਾ ਹੈ। ਇਸ ਕਾਵਿ-ਸੰਗ੍ਰਹਿ ਵਿੱਚ ਉਸ ਦੀਆਂ 81 ਵੱਖ-ਵੱਖ ਵਿਸ਼ਿਆਂ ਵਾਲੀਆਂ ਰੰਗ-ਬਰੰਗੀਆਂ ਖੁਲ੍ਹੀਆਂ ਵਿਚਾਰ ਪ੍ਰਧਾਨ ਕਵਿਤਾਵਾਂ ਹਨ। ਸੁਰਜੀਤ ਸਿੰਘ ਸਿਰੜੀ ਕਿਸੇ ਇੱਕ ਧਾਰਾ ਨਾਲ ਜੁੜਿਆ ਹੋਇਆ ਕਵੀ ਨਹੀਂ ਹੈ, ਪ੍ਰੰਤੂ ਉਸ ਦੀਆਂ ਕਵਿਤਾਵਾਂ ਵੱਖੋ-ਵੱਖਰੇ ਰੰਗਾਂ ਦੀ ਦੀਆਂ ਮਹਿਕਾਂ ਖਿਲਾਰਦੀਆਂ ਹਨ। ਮੁੱਖ ਤੌਰ ‘ਤੇ ਮਨੁੱਖੀ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ। ਸ਼ੋਸ਼ਤ ਸਮਾਜ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੀਆਂ ਹੋਈਆਂ, ਉਨ੍ਹਾਂ ਨੂੰ ਲਾਮਬੰਦ ਹੋਣ ਲਈ ਪ੍ਰੇਰਦੀਆਂ ਹਨ। ਕਿਸਾਨ ਅੰਦੋਲਨ, ਕਰੋਨਾ, ਵਿਰਾਸਤ ਦਾ ਹੇਜ, ਮਸ਼ਨੀਕਰਨ, ਸਥਾਪਤੀ ਵਿਰੁੱਧ ਵਿਦ੍ਰੋਹ, ਵਹਿਮ-ਭਰਮ, ਜ਼ਾਤ-ਪਾਤ, ਮਿਹਨਤ-ਮਜ਼ਦੂਰੀ, ਸੰਘਰਸ਼-ਜਦੋਜਹਿਦ, ਪੀੜਾਂ-ਦਰਦਾਂ, ਦੁੱਖ-ਸੁੱਖ, ਸਚਾਈ-ਬੁਰਾਈ, ਬੇਰੋਜ਼ਗਾਰੀ, ਮੁਹੱਬਤ-ਨਫ਼ਰਤ, ਭੁੱਖਮਰੀ ਆਦਿ ਦੀ ਬਾਤ ਪਾਉਂਦੀਆਂ ਹਨ। ਪੰਜ ਕਵਿਤਾਵਾਂ ਰਾਹੀਂ ਜ਼ਿੰਦਗੀ ਦੀ ਤ੍ਰਾਸਦੀ ਨੂੰ ਕਵਿਤਾ ਦਾ ਰੂਪ ਦੇ ਕੇ ਦੱਸਿਆ ਹੈ। ਮਾਤਾ-ਪਿਤਾ ਵੱਲੋਂ ਬੱਚਿਆਂ ਦੇ ਪਾਲਣ ਪੋਸਣ ਲਈ ਕੀਤੀ ਜਾਂਦੀ ਜਦੋਜਹਿਦ ਬਾਰੇ ਕਵੀ ਨੇ 10 ਕਵਿਤਾਵਾਂ ਲਿਖੀਆਂ ਹਨ। ਮਾਂ ਨੂੰ ਕਵੀ ਰੱਬ ਦਾ ਰੂਪ ਕਹਿੰਦਾ ਹੈ ਕਿਉਂਕਿ ਹਰ ਦੁੱਖ-ਸੁੱਖ ਦੀ ਸਹਾਈ ਹੁੰਦੀ ਹੈ। ਪਿਤਾ ਬਾਰੇ ਕਵਿਤਾ ਵਿੱਚ ਦੱਸਿਆ ਹੈ ਕਿ ਉਹ ਆਪਣੇ ਬੱਚਿਆਂ ਦੀ ਸਫ਼ਲਤਾ ਲਈ ਹਰ ਕਿਸਮ ਦੀ ਕੁਰਬਾਨੀ ਕਰਨ ਲਈ ਤਿਆਰ ਰਹਿੰਦਾ ਹੈ। ਇਸੇ ਤਰ੍ਹਾਂ ਯੁੱਧ ਦੇ ਦੁਖਾਂਤ ਸੰਬੰਧੀ ਕਵਿਤਾਵਾਂ ਲਿਖਦਿਆਂ ਸ਼ਾਇਰ ਨੇ ਲਿਖਿਆ ਹੈ, ਯੁੱਧ ਤਬਾਹੀ ਦਾ ਕਾਰਨ ਤਾਂ ਬਣਦਾ ਹੀ ਹੈ, ਪ੍ਰੰਤੂ ਜਿਹੜੇ ਲੋਕ ਬਚ ਜਾਂਦੇ ਹਨ, ਉਹ ਅਪੰਗ ਹੋ ਜਾਂਦੇ ਹਨ ਤੇ ਸਾਰੀ ਉਮਰ ਦੁੱਖ ਭੋਗਦੇ ਹੋਏ ਜ਼ਿੰਦਗੀ ਬਸਰ ਕਰਦੇ ਹਨ। 1947 ਵਿੱਚ ਦੇਸ ਦੀ ਵੰਡ ਦੇ ਘਾਤਕ ਨਤੀਜਿਆਂ ਨੂੰ ਵੀ ਸੰਵੇਦਨਸ਼ੀਲ ਢੰਗ ਨਾਲ ਕਵਿਤਾ ਦਾ ਰੂਪ ਦਿੱਤਾ ਹੈ। ਕਿਸ ਤਰ੍ਹਾਂ ਬੱਚੇ ਯਤੀਮ, ਇਸਤਰੀਆਂ ਵਿਧਵਾ, ਲੋਕ ਘਰੋਂ ਬੇਘਰ ਹੋਏ ਤੇ ਮੌਤ ਦਾ ਤਾਂਡਵ ਹੋਇਆ, ਪਾਣੀ ਵਾਲੀਆਂ ਨਦੀਆਂ ਲਹੂ ਦੀਆਂ ਨਦੀਆਂ ਵਿੱਚ ਬਦਲ ਗਈਆਂ, ਪ੍ਰੰਤੂ ਬੇਪ੍ਰਵਾਹ ਸਿਆਸਤਦਾਨਾਂ ਨੇ ਆਪੋ ਆਪਣੇ ਸਿੰਘਾਸਨ ਲਈ ਲੋਕਾਂ ਦੀ ਬਲੀ ਦੇ ਦਿੱਤੀ। ਮਜ੍ਹਬੀ ਤੰਗਦਿਲੀ ਨੇ ਨਫ਼ਰਤਾਂ ਦੇ ਬੀਜ ਬੀਜੇ ਤੇ ਨਹੁੰ-ਮਾਸ ਦੇ ਰਿਸ਼ਤੇ ਤਾਰ-ਤਾਰ ਹੋ ਗਏ। ਸੁਰਜੀਤ ਸਿੰਘ ਸਿਰੜੀ ਨੇ ਦਿੱਲੀ ਦੀਆਂ ਸਰਹੱਦਾਂ ‘ਤੇ ਹੋਏ ਕਿਸਾਨ ਅੰਦੋਲਨ ਦੀ ਸਫ਼ਲਤਾ ਅਤੇ ਸਰਕਾਰਾਂ ਵੱਲੋਂ ਵਰਤੇ ਗਏ ਹੱਥ ਕੰਡਿਆਂ ਨੂੰ ਵੀ ਬਾਖ਼ੂਬੀ ਨਾਲ ਕਵਿਤਾਵਾਂ ਦਾ ਵਿਸ਼ਾ ਬਣਾਇਆ, ਜਿਸ ਵਿੱਚੋਂ ਪੰਜਾਬੀ ਕਿਸਾਨਾ, ਖੇਤ ਮਜ਼ਦੂਰਾਂ ਅਤੇ ਹਰ ਵਰਗ ਦੇ ਲੋਕਾਂ ਦੀ ਸ਼ਮੂਲੀਅਤ, ਏਕਤਾ ਅਤੇ ਬਹਾਦਰੀ ਦੀ ਝਲਕ ਪੈਂਦੀ ਹੈ। ਉਸਦੀ ਕਵਿਤਾ ਹੱਕੁ-ਸੱਚ ਲਈ ਖੜ੍ਹਨ ਵਾਸਤੇ ਵਿਰਾਸਤ ਤੋਂ ਮਿਲੀ ਅਗਵਾਈ ਮੁਕਾਬਲਾ ਕਰਕੇ ਇਨਸਫ਼ ਦੀ ਪ੍ਰਾਪਤੀ ਲਈ ਦ੍ਰਿੜ੍ਹਤਾ ਬਖ਼ਸ਼ਦੀ ਹੈ। ਆਪਣੇ ਅਸਤਿਤਵ ਨੂੰ ਬਰਕਰਾਰ ਰੱਖਣ ਲਈ ਜ਼ਾਤਾਂ-ਪਾਤਾਂ ਦੇ ਵਖਰੇਵਿਆਂ ਤੋਂ ਬਾਹਰ ਨਿਕਲਕੇ ਏਕਤਾ ਦਾ ਸਬੂਤ ਦੇਣ ਦੀ ਪ੍ਰੇਰਨਾ ਦਿੰਦੀ ਹੈ। ਉਹ ਇਹ ਵੀ ਮਹਿਸੂਸ ਕਰਦਾ ਹੈ ਕਿ ਜ਼ੋਰ-ਜ਼ਬਰਦਸਤੀ ਬਹੁਤੀ ਦੇਰ ਨਹੀ ਚਲਦੀ, ਮਾੜੇ ਸਮੇਂ ਤੋਂ ਬਾਅਦ ਹਮੇਸ਼ਾ ਚੰਗਾ ਸਮਾਂ ਆਉਂਦਾ ਹੈ, ਭਾਵ ਕਵੀ ਅਸ਼ਾਵਾਦੀ ਹੈ। ਕਾਵਿ-ਸੰਗ੍ਰਹਿ ਦੇ ਨਾਮ ‘ਮਿੱਟੀ ਕਰੇ ਸੁਆਲ’ ਸਿਰਲੇਖ ਵਾਲੀ ਕਵਿਤਾ ‘ਮਾਂ’ ਦੀ ਸੰਵੇਦਨਾ ਦਾ ਪ੍ਰਗਟਾਵਾ ਕਰਦੀ ਹੈ, ਭਾਵ ਮਾਂ ਸੁਆਲ ਕਰਦੀ ਹੈ ਕਿ ਇੱਕ ਪਾਸੇ ਤਾਂ ਉਸਨੂੰ ਸਿਰਜਣਹਾਰੀ ਦਾ ਖਿਤਾਬ ਦਿੱਤਾ ਜਾਂਦਾ ਹੈ ਤੇ ਦੂਜੇ ਪਾਸੇ ਉਸ ਉਪਰ ਜ਼ਿਆਦਤੀਆਂ ਦਾ ਅੰਬਾਰ ਮਰਦ ਸਮਾਜ ਖੜ੍ਹਾ ਕਰਦਾ ਹੈ। ਇਹ ਕਵਿਤਾ ਮਰਦਾਂ ਨੂੰ ਆਪਣੇ ਅੰਦਰ ਝਾਤੀ ਮਾਰਕੇ ਔਰਤ ਬਾਰੇ ਆਪਣਾ ਦ੍ਰਿਸ਼ਟੀਕੋਣ ਬਦਲਣ ਦੀ ਤਾਕੀਦ ਕਰਦੀ ਹੈ। ਕਰੋਨਾ ਕਾਲ ਦੌਰਾਨ ਥਾਲੀਆਂ ਵਜਾਉਣਾ ਤੇ ਮੋਮਬੱਤੀਆਂ ਲਗਾਉਣ ਦੇ ਪਖੰਡ ਦਾ ਪਰਦਾ ਫਾਸ਼ ਕਰਦਾ ਹੈ, ਕਿਉਂਕਿ ਲੋਕ ਤਾਂ ਭੁੱਖ ਪਿਆਸ ਨਾਲ ਤ੍ਰਾਹ-ਤ੍ਰਾਹ ਕਰ ਰਹੇ ਹਨ, ਸਰਕਾਰ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਪਖੰਡ ਕਰਕੇ ਲੋਕਾਂ ਦਾ ਧਿਆਨ ਮੁੱਖ ਮੁੱਦੇ ਤੋਂ ਬਦਲ ਰਹੀ ਹੈ। ਜ਼ਿਆਦਤੀਆਂ ਨੂੰ ਬਰਦਾਸ਼ਤ ਕਰਨ ਦੀ ਥਾਂ ਵਿਰੋਧ ਕਰਕੇ ਇਨਸਾਫ ਲੈਣ ਦੀ ਸਲਾਹ ਦਿੰਦਾ ਹੈ। ਮਿਹਨਤ ਜ਼ਿੰਦਗੀ ਬਦਲ ਸਕਦੀ ਹੈ। ਪਿੰਡਾਂ ਵਿੱਚੋਂ ਵੀ ਪੰਜਾਬੀ ਸਭਿਆਚਾਰ ਖ਼ਤਮ ਹੋ ਰਿਹਾ ਹੈ ਤੇ ਪਿੰਡ ਵੀ ਸ਼ਹਿਰ ਹੀ ਬਣ ਗਏ ਹਨ, ਗੰਦਗੀ ਦੇ ਢੇਰ ਲੱਗੇ ਹੋਏ ਹਨ, ਜ਼ਮੀਨਾ ਵਿਕ ਗਈਆਂ ਤੇ ਫੈਕਟਰੀਆਂ ਲੱਗ ਗਈਆਂ, ਮਾਲ ਬਣ ਗਏ, ਘਰਾਂ ਦੀ ਥਾਂ ਕਬੂਤਰਖਾਨੇ ਫਲੈਟ ਬਣ ਗਏ ਅਤੇ ਰੋਬਟਾਂ ਨੇ ਬੇਰੋਜ਼ਗਾਰੀ ਨੂੰ ਦਸਤਕ ਦੇ ਦਿੱਤੀ ਹੈ। ਵਿਕਾਸ ਦੀ ਥਾਂ ਵਿਨਾਸ਼ ਹੋ ਰਿਹਾ ਹੈ। ਇਨਸਾਨੀਅਤ ਪਰ ਲਾ ਕੇ ਉਡ ਗਈ, ਬੰਦਾ ਬੰਦੇ ਦਾ ਦੁਸ਼ਮਣ ਬਣ ਗਿਆ, ਜ਼ਿੰਦਗੀ ਰੰਗ ਤੋਂ ਬਦਰੰਗ ਹੋ ਕੇ ਰੇਤ ਦੀ ਤਰ੍ਹਾਂ ਕਿਰ ਰਹੀ ਹੈ। ਰੁੱਖਾਂ ਦੀ ਕਟਾਈ ਮਨੁੱਖਤਾ ਦੀ ਤਬਾਹੀ ਦਾ ਸੰਕੇਤ ਹੈ, ਸਫ਼ਲਤਾ ਲਈ ਮਿੱਟੀ ਨਾਲ ਮਿੱਟੀ ਹੋਣਾ ਤੇ ਨਿਸ਼ਾਨਾ ਨਿਸਚਤ ਕਰਨਾ ਪੈਂਦਾ ਹੈ, ਸਿੱਖੀ ਸਿਰੜ੍ਹ ਦਾ ਦੂਜਾ ਨਾਮ ਹੈ, ਪਰਵਾਸ ਰਿਸ਼ਤਿਆਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ।
ਸਮਾਜਿਕ ਸਰੋਕਾਰਾਂ ਤੋਂ ਇਲਾਵਾ ਸੁਰਜੀਤ ਸਿੰਘ ਸਿਰੜੀ ਨੇ ਲਗਪਗ 20 ਕਵਿਤਾਵਾਂ ਇਸ਼ਕ-ਮੁਸ਼ਕ ਤੇ ਪਿਆਰ-ਮੁਹੱਬਤ ਦੀਆਂ ਵੀ ਲਿਖੀਆਂ ਹਨ। ‘ਇੱਕ ਕੁੜੀ ਦੇ ਨਾਂ’ ਸਿਰਲੇਖ ਵਾਲੀ ਕਵਿਤਾ ਵਿੱਚ ਲਿਖਦਾ ਹੈ-
ਤੇਰਾ ਹਾਸਾ ਇਕ ਨਾਦ ਜੇਹਾ, ਛਾ ਜਾਵੇ ਜਿਵੇਂ ਵਿਸਮਾਦ ਜੇਹਾ।
ਹੁਲਾਰਾ ਦੇਵੇ ਪੌਣ ਪੁਰੀਏ ਨੀ, ਖਿੜ ਖਿੜ ਹਸਦੀ ਕੁੜੀਏ ਨੀ।
ਜੁਗ ਜੁਗ ਵਸਦੀ ਕੁੜੀਏ ਨੀ, ਪੌਣ ਤੱਤੀ ਨਾ ਕੋਈ ਛੋਹ ਜਾਵੇ।
ਸੁਰਜੀਤ ਸਿੰਘ ਸਿਰੜੀ ਦੀਆਂ ਕੁਝ ਕਵਿਤਾਵਾਂ ਸਿੰਬਾਲਿਕ ਹਨ। ਉਨ੍ਹਾਂ ਵਿੱਚੋਂ ‘ਬੁੱਢਾ ਬਿਰਖ਼’ ਕਵਿਤਾ ਵਿੱਚ ਰੁੱਖਾਂ ਦੀ ਕਟਾਈ ਦੇ ਇਨਸਾਨੀਅਤ ਨੂੰ ਨੁਕਸਾਨ ਬਾਰੇ ਦਰਸਾਇਆ ਗਿਆ ਹੈ, ਪ੍ਰੰਤੂ ਰੁੱਖ ਨੂੰ ਸਿੰਬਾਲਿਕ ਬਣਾਕੇ ਵਰਤਮਾਨ ਹਾਲਾਤ ਵਿੱਚ ਬਜ਼ੁਰਗਾਂ ਨਾਲ ਉਨ੍ਹਾਂ ਦੀਆਂ ਔਲਾਦਾਂ ਵੱਲੋਂ ਕੀਤੀ ਜਾ ਰਹੀ ਅਣਵੇਖੀ ਵਿਖਾਈ ਗਈ ਹੈ, ਕਿਉਂਕਿ ਬਜ਼ੁਰਗ ਲੋਕਾਈ ਦੀ ਵਿਰਾਸਤ ਹੁੰਦੇ ਹਨ। ਸਮੁੱਚੇ ਤੌਰ ‘ਤੇ ਕਿਹਾ ਜਾ ਸਕਦਾ ਹੈ ਸੁਰਜੀਤ ਸਿੰਘ ਸਿਰੜੀ ਨੂੰ ਅਜੇ ਹੋਰ ਮਿਹਨਤ ਕਰਨ ਤੇ ਕਾਵਿਮਈ ਕਵਿਤਾ ਲਿਖਣ ਦੀ ਲੋੜ ਹੈ।
128 ਪੰਨਿਆਂ, 160 ਰੁਪਏ ਕਮੀਤ ਵਾਲੀ ਇਹ ਕਾਵਿ ਸੰਗ੍ਰਹਿ ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤਾ ਹੈ।
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com
