ਇੱਕ ਘੁਲਾੜੀ ਚੱਲਦੀ ਵੇਖੀ,
ਮੈਂ ਸੀ ਸੜਕ ਕਿਨਾਰੇ।
ਤੱਤੇ ਤੱਤੇ ਗੁੜ ਦੀਆਂ ਮਹਿਕਾਂ,
ਆਉਂਦੀਆਂ ਪਾਸੇ ਚਾਰੇ।
***
ਅੱਗੇ ਵੇਖਿਆ ਵਿੱਚ ਕੜਾਹੇ
ਰਹੁ ਨੂੰ ਜਾਣ ਉਬਾਲੀ।
ਪੁਣ ਪੁਣ ਕੇ ਰਹੁ ਸੀ ਆਉਂਦਾ,
ਲੱਗੀ ਬਰੀਕ ਇੱਕ ਜਾਲੀ।
***
ਕੋਲ ਘੁਲਾੜੀ ਬੈਠੇ ਬੰਦੇ,
ਗੰਨੇ ਸੀ ਵਿੱਚ ਲਾਉਂਦੇ।
ਕਈ ਗੰਨੇ ਦੀ ਫੋਕ ਨੂੰ ਚੁੱਕ ਕੇ
ਕੜਾਹੇ ਥੱਲੇ ਡਾਹੁੰਦੇ।
***
ਰਹੁ ਨੂੰ ਠੰਡਾ ਕਰਨ ਲਈ ਸੀ,
ਗੰਡ ਵਿੱਚ ਜਾਂਦੇ ਪਾਈ।
ਉੱਥੇ ਠੰਡਾ ਕਰ ਕਰਕੇ,
ਪੇਸੀਆਂ ਜਾਣ ਬਣਾਈ।
***
ਕਿਧਰੇ ਭਾਈ ਟਰਾਲੀਆਂ ਵਿੱਚੋਂ,
ਗੰਨੇ ਪਏ ਸੀ ਲਾਹੁੰਦੇ।
ਵੱਡੇ ਵੱਡੇ ਢੇਰ ਸੀ ਉਹ,
ਪਾਸੇ ਕਰ ਕਰ ਲਾਉਂਦੇ।
***
ਗੁੜ ਤੇ ਸ਼ੱਕਰ ਬਣਦੀ ਉੱਥੇ,
ਲੋਕ ਖ਼ਰੀਦੀ ਜਾਂਦੇ।
ਕੁੱਝ ਕੁ ਬੈਠੇ ਨਾਲ ਸੁਆਦ ਦੇ,
ਤੱਤਾ ਤੱਤਾ ਗੁੜ ਖਾਂਦੇ।
***
ਅਸੀਂ ਵੀ ਗੁੜ ਖ਼ਰੀਦਿਆ ‘ਪੱਤੋ’,
ਘੁੰਮੇ ਚਾਰ ਚੁਫੇਰੇ।
ਵੇਖ ਘੁਲਾੜੀ ਯਾਦ ਆ ਗਏ
ਵਕ਼ਤ ਪੁਰਾਣੇ ਮੇਰੇ।
***
ਹਰਪ੍ਰੀਤ ‘ਪੱਤੋ’
ਪਿੰਡ ਪੱਤੋ ਹੀਰਾ ਸਿੰਘ ( ਮੋਗਾ )
ਫੋਨ ਨੰਬਰ :-94658-21417

