ਇਹਨਾਂ ਦਿਨਾਂ ਵਿਚ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸਾਰੀ ਦੁਨੀਆ ਵਿਚ ਸਿੱਖ ਸੰਗਤਾਂ ਵਲੋਂ ਬਹੁਤ ਹੀ ਪਿਆਰ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਬਾਕੀ ਗੁਰਦੁਆਰਾ ਸਾਹਿਬਾਨ ਦੀ ਤਰ੍ਹਾਂ ਇੰਡੀਆ ਕਲਚਰਲ ਸੈੰਟਰ ਆਫ ਕੈਨੇਡਾ ਗੁਰਦੁਆਰਾ ਨਾਨਕ ਨਿਵਾਸ, 8600 #5 ਰੋਡ, ਰਿਚਮੰਡ ਵਿਖੇ ਵੀ 3 ਜਨਵਰੀ ਸ਼ਾਮ 5 ਵਜੇ ਸ਼੍ਰੀ ਆਖੰਡ ਪਾਠ ਸਾਹਿਬ ਆਂਰੰਭ ਕੀਤੇ ਜਾਣਗੇ ਜਿਸਦੇ ਭੋਗ 5 ਜਨਵਰੀ ਦਿਨ ਸੋਮਵਾਰ 5 ਵਜੇ ਪਾਏ ਜਾਣਗੇ। ਸੰਗਤ ਨੂੰ ਤਿੰਨੇ ਦਿਨ ਗੁਰੂ ਘਰ ਦੀ ਰੌਣਕ ਵਿਚ ਚਾਰ ਚੰਦ ਲਾਉਣ ਲਈ ਸੱਦਾ ਦਿੱਤਾ ਜਾਂਦਾ ਹੈ।
ਦੇਖਿਆ ਜਾਵੇ ਤਾਂ ਗੁਰੂ ਜੀ ਨੇ ਸਿਰਫ 42 ਸਾਲ ਦੀ ਉਮਰ ਵਿਚ ਬਹੁਤ ਕੁਝ ਕਰ ਦਿਖਾਇਆ। ਨੌਂ ਸਾਲ ਦੀ ਉਮਰ ਵਿਚ ਹੀ ੳਹਨਾਂ ਆਪਣੇ ਪਿਤਾ ਜੀ ਗੁਰੂ ਤੇਗ ਬਹਾਦਰ ਜੀ ਨੂੰ ਇਨਸਾਨੀਅਤ ਦੇ ਹੱਕਾਂ ਲਈ ਕੁਰਬਾਨੀ ਦੇਣ ਲਈ ਪ੍ਰਰੇਨਾਂ ਦਿੱਤੀ। ਇਸ ਦੇ ਨਾਲ ਹੀ ਉਹਨਾਂ ਨੇ ਪਹਾੜੀ ਰਾਜਿਆਂ ਅਤੇ ਮੁਗਲ ਸਲਤਨਤ ਨਾਲ ਟਾਕਰਾ ਕਰਨ ਲਈ ਇਕ ਜਬਰਦਸਤ ਫੌਜ ਦੀ ਤਿਆਰੀ ਸ਼ੁਰੂ ਕਰ ਦਿੱਤੀ। ਗੁਰੂ ਜੀ ਦਾ ਫੌਜ ਤਿਆਰ ਕਰਨ ਦਾ ਮਕਸਦ ਇਲਾਕੇ ਜਿੱਤਣਾ ਨਹੀਂ ਸਗੋਂ ਜੁਲਮ ਅਤੇ ਨਿਸਾਫ ਲਈ ਸੰਘਰਸ਼ ਕਰਨਾ ਸੀ।ਉਹਨਾਂ ਨੇ 16 ਲੜਾਈਆਂ ਲੜੀਆਂ ਪਰ ਇਕ ਵੀ ਇੰਚ ਇਲਾਕੇ ਉਪਰ ਕਬਜ਼ਾ ਨਹੀਂ ਕੀਤਾ। ਇੱਥੋਂ ਤਕ ਕਿ ਗੁਰੂ ਜੀ ਨੇ ਲੜਾਈਆਂ ਵਿਚ ਜ਼ਖ਼ਮੀ ਹੋਏ ਫੌਜੀ ਜੋ ੳਹਨਾਂ ਦੇ ਵਿਰੋਧੀ ਸਨ ਉਹਨਾਂ ਲਈ ਭੀ ਭਾਈ ਘਨੈਈਆ ਜੀ ਨੂੰ ਮਲ੍ਹਮ ਪੱਟੀ ਕਰਨ ਲਈ ਆਗਿਆ ਦਿੱਤੀ। ਗੁਰੂ ਜੀ ਦਾ ਇਹ ਫੈਸਲਾ ਅੱਜ ਦੇ ਰੈਡ ਕਰਾਸ ਦਾ ਆਰੰਭ ਸੀ।
ਗੁਰੂ ਗੋਬਿੰਦ ਸਿੰਘ ਜੀ ਚੋਟੀ ਦੇ ਵਿਦਵਾਨ,ਦੂਰਦਰਿਸ਼ਟੀ ਵਾਲੇ, ਕਵੀ ,ਸੰਤ ਅਤੇ ਸਿਪਾਹੀ ਸਨ। ਗੁਰੂ ਜੀ ਕਈ ਬੋਲੀਆਂ- ਗੁਰਮੁਖੀ, ਸੰਸਕਰਿਤ, ਫਾਰਸੀ, ਅਰਬੀ, ਬ੍ਰਿਜ ਭਾਸ਼ਾ, ਹਿੰਦੀ ਅਤੇ ਉਰਦੂ ਆਦਿ ਵਿਚ ਮਾਹਰ ਸਨ। ਉਹਨਾਂ ਨੇ ਲੋਕਾਂ ਨੂੰ ਇਕੱਠੇ ਕਰ ਕੇ ਅੱਤਿਆਚਾਰ, ਬੇਇਨਸਾਫੀ ਅਤੇ ਮਨੁੱਖੀ ਹੁੱਕਾਂ ਲਈ ਲੜਨ ਲਈ ਹੌਸਲਾ ਦਿੱਤਾ। 1684-85 ਵਿਚ ਉਹਨਾਂ ਨੇ ਭੰਗਾਣੀ ਦੀ ਪਹਿਲੀ ਜੰਗ ਵਿਚ ਪਹਾੜੀ ਰਾਜਿਆਂ ਨੂੰ ਆਪਣੀ ਵਧ ਰਹੀ ਸ਼ਕਤੀ ਦਾ ਅਹਿਸਾਸ ਕਰਵਾਇਆ। 1699 ਦੀ ਵਿਸਾਖੀ ਵਾਲੇ ਦਿਨ ਲਈ ਗੁਰੂ ਜੀ ਨੇ ਕਾਫੀ ਦੇਰ ਤੋਂ ਤਿਆਰੀਆਂ ਸ਼ੁਰੂ ਕੀਤੀਆਂ ਹੋਈਆਂ ਸਨ। ਦੱਸਿਆ ਜਾਂਦਾ ਹੈ ਕਿ ਇਸ ਖਾਸ ਮੌਕੇ ਉਪਰ 80,000 ਦੇ ਕਰੀਬ ਸ਼ਰਧਾਲੂ ਆਨੰਦਪੁਰ ਸਾਹਿਬ ਇਕੱਠੇ ਹੋਏ ਅਤੇ ਖਾਲਸੇ ਦੀ ਸਿਰਜਣਾ ਵਿਚ ਭਾਗ ਲਿਆ। ਖਾਲਸੇ ਦੀ ਸਿਰਜਣਾ ਇਕ ਬਹੁਤ ਹੀ ਮਹੱਤਵ ਪੂਰਣ ਅਤੇ ਇਤਿਹਾਸਕ ਮੋੜ ਸੀ।
ਗੁਰੂ ਗੋਬਿੰਦ ਸਿੰਘ ਜੀ ਇਕ ਬਹੁਪੱਖੀ ਅਤੇ ਵਿਲੱਖਣ ਸ਼ਕਸੀਅਤ ਦੇ ਮਾਲਕ ਸਨ। ਉਹਨਾਂ ਦਾ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਣਾ ਅਤੇ ਬਾਅਦ ਵਿਚ ਉਹਨਾਂ ਤੋਂ ਆਪ ਅੰਮ੍ਰਿਤ ਛਕਣਾ ਦੁਨੀਆ ਵਿਚ ਇਕ ਮਿਸਾਲ ਹੈ। ਗੁਰੂ ਜੀ ਨੇ ਸੰਗਤ ਨੂੰ ਬਹੁਤ ਉੱਚਾ ਦਰਜਾ ਦਿੱਤਾ ਹੈ। ਜੋ ਮੁਹਿੰਮ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਪੂਰਾ ਕਰ ਦਿੱਤਾ। ਉਹਨਾਂ ਦੀਆਂ ਕੁਰਬਾਨੀਆਂ ਸਦਕਾ ਅੱਜ ਸਿੱਖ ਧਰਮ ਦੁਨੀਆ ਦੇ ਕੋਨੇ ਕੋਨੇ ਵਿਚ ਪ੍ਰਫੁਲੱਤ ਹੋ ਰਿਹਾ ਹੈ। ਉਨਾਂ ਦੀਆਂ ਕੁਰਬਾਨੀਆਂ ਸਦਕਾ, ਸਿੱਖ ਅੱਜ ਸਾਰੀ ਦੁਨੀਆਂ ਵਿਚ ਨਾਮਣਾ ਖੱਟ ਰਹੇ ਹਨ।
ਗੁਰੂ ਜੀ ਆਰਟ ਅਤੇ ਸੰਗੀਤ ਦੇ ਬਹੁਤ ਪ੍ਰੇਮੀ ਸਨ। ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਦਿਲਰੁਬਾ ਅਤੇ ਟਾਊਸ ਵਰਗੇ ਸੰਗੀਤ ਦੇ ਯੰਤਰਾਂ ਦੀ ਕਾਢ ਕੱਢੀ। ਗੁਰੂ ਜੀ ਨੂੰ ਤੀਰ ਅੰਦਾਜ਼ੀ ਅਤੇ ਹਥਿਆਰਾਂ ਦਾ ਵੀ ਬਹੁਤ ਸ਼ੌਕ ਸੀ। ਦੱਸਿਆ ਜਾਂਦਾ ਹੈ ਕਿ ਗੁਰੂ ਜੀ ਨੌਂ ਮਹੀਨੇ ਤਲਵੰਡੀ ਸਾਹਬੋ ਰਹੇ ਅਤੇ ਇੱਥੇ ਉਹਨਾਂ ਨੇ ਆਦਿ ਗ੍ਰੰਥ ਸੰਪੂਰਨ ਕੀਤਾ। 1708 ਵਿਚ ਨੰਦੇੜ (ਮਹਾਂਰਾਸ਼ਟਰ) ਵਿਖੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਜੀ ਨੇ ਸਿੱਖ ਸੰਗਤਾਂ ਲਈ ਇਹ ਸੰਦੇਸ਼ ਦਿੱਤਾ ਕਿ ਉਨਾਂ ਤੋਂ ਬਾਅਦ ਆਦਿ ਗ੍ਰੰਥ (ਸ੍ਰੀ ਗੁਰੂ ਗਰੰਥ ਸਾਹਿਬ) ਹੀ ਸਿੱਖ ਕੌਮ ਦੇ ਗੁਰੂ ਹੋਣਗੇ। ਸਮੁੱਚੀ ਸਿਖ ਕੌਮ ਗੁਰੂ ਸਾਹਿਬ ਦੀਆਂ ਕੁਰਬਾਨੀਆਂ, ਦੂਰਅੰਦੇਸ਼ੀ ਅਤੇ ਦੇਣ ਲਈ ੳਹਨਾਂ ਦੀ ਸਦਾ ਹੀ ਰਿਣੀ ਰਹੇਗੀ। ਗੁਰੂ ਜੀ ਦੇ ਪ੍ਰਕਾਸ਼ ਪੁਰਬ ਉੱਪਰ ਸਭ ਨੂੰ ਲੱਖ ਲੱਖ ਵਧਾਈ।

ਜਨਰਲ ਸਕੱਤਰ
ਬਲਵੰਤ ਸਿੰਘ ਸੰਘੇੜਾ
ਗੁਰਦੁਆਰਾ ਨਾਨਕ ਨਿਵਾਸ, ਰਿਚਮੰਡ।
ਈਮੇਲ: b_sanghera@yahoo.com