ਕਿਲ੍ਹਾ ਆਨੰਦਪੁਰ ਦਾ ਜਦ ਦਸਮ ਪਾਤਸ਼ਾਹ ਛੱਡਿਆ
ਪਹਾੜੀ ਰਾਜਿਆਂ ਨੇ ਖਾਧੀਆਂ ਸੋਹਾਂ ਦਾ ਗੱਲ ਵੱਢਿਆਂ।
ਮੁਗਲ ਫੌਜਾਂ ਟਿੱਡੀ ਦਲ ਵਾਂਗ ਆਉਣ ਚੜ੍ਹੀਆਂ
ਕੱਚੀ ਗੜ੍ਹੀ ਦੇ ਬਾਹਰ ਲੱਖਾਂ ਦੀ ਗਿਣਤੀ ਖੜ੍ਹੀਆਂ।।
ਅੰਦਰ ਸਿੰਘਾਂ ਦੀ ਗਿਣਤੀ ਸੀ ਆਟੇ ਵਿੱਚ ਲੂਣ
ਪਾਹੁਲ ਖੰਡੇ ਦੇ ਧਾਰੀਆਂ ਦਾ ਤੱਤਾਂ ਸੀ ਵੱਗਦਾ ਖੂਨ।
ਤਿੱਖੇ ਲੋਹ ਤੀਰਾਂ ਦਾ ਮੀਂਹ ਸੀ ਪਿਆ ਵਰ੍ਹਦਾ
ਢਾਲਾਂ ਪਿੱਛੇ ਹੋ ਗਿਆ ਹਰ ਕੋਈ ਯੋਧਾ ਡਰਦਾ।।
ਸੂਰਜ ਫਿੱਕਾ ਪਾਇਆ ਤੇਗਾਂ ਦੇ ਲਿਸ਼ਕਾਰਿਆਂ
ਅੰਬਰ ਤਕ ਗੂੰਜਾਂ ਦਿੱਤਾ ਸਿੰਘਾਂ ਦੇ ਜੈਕਾਰਿਆਂ।
ਅਨੰਤ ਗਿਣਤੀ ਵੈਰੀਆਂ ਨੂੰ ਸਵਾ ਸਵਾ ਲੱਖ ਟੱਕਰੇ
ਆਹੂ ਲਾਹੁੰਦੇ ਰਹੇ ਜਦ ਤਕ ਨਾ ਹੋਏ ਖ਼ੁਦ ਡੱਕਰੇ।।
ਰਣ ਤੱਤੇ ਵਿੱਚ ਰੱਤ ਦੇ ਸਿਰਜ ਦਿੱਤੇ ਨਵੇ ਤਾਲ
ਗੜ੍ਹੀ ਵਿੱਚੋਂ ਪੰਜ ਸਿੰਘਾਂ ਦਾ ਜੱਥਾ ਬਣਦਾ ਮਹਾਕਾਲ।
ਮੁਗਲ ਪਠਾਣਾਂ ਦੇ ਵੱਡੇ ਵੱਡੇ ਸੀ ਜੋ ਬਣਦੇ ਸਿਪਾਸਲਾਹਰ
ਬਾਬਾ ਅਜੀਤ ਸਿੰਘ ਜੀ ਦੀ ਤੇਗ ਨੇ ਦਿੱਤੇ ਖਲਾਰ।।
ਬਾਬਾ ਅਜੀਤ ਸਿੰਘ ਜੀ ਰਣ ਤੱਤੇ ਵਿੱਚ ਸ਼ਹੀਦੀ ਪਾਈ
ਤਕ ਵੱਡੇ ਵੀਰ ਦੀ ਸੂਰਮਗਤੀ ਛੋਟੇ ਭਰਾ ਨੇ ਪਿਤਾ ਜੀ ਨੂੰ ਫ਼ਤਹਿ ਬੁਲਾਈ।
ਬਾਬਾ ਜੁਝਾਰ ਸਿੰਘ ਜੀ ਨੇ ਦੁਸ਼ਮਣਾਂ ਦੇ ਰਣ ਵਿੱਚ ਸੱਥਰ ਵਿਛਾਏ
ਹੰਕਾਰੀ ਜ਼ਰਨੈਲ ਕਹਿੰਦੇ ਕਹਾਉਂਦੇ ਮਾਰ ਮੁਕਾਏ।।
ਕਿਰਪਾਨਾਂ ਨਾਲ ਕਿਰਪਾਨਾਂ ਬਿਜਲੀ ਵਾਂਗ ਟਕਰਾਈਆਂ
ਯੋਧੇ ਢਹਿੰਦੇ ਵੇਖ ਹੋਣੀ ਲੈਂਦੀ ਫਿਰੇ ਅੰਗੜਾਈਆਂ।
ਬਾਬਾ ਜੁਝਾਰ ਸਿੰਘ ਜੀ ਨੇ ਜੂਝਦੇ ਜੂਝਦੇ ਸ਼ਹਾਦਤ ਪਾਈ
ਕੌਮ ਨੂੰ ਸੁਰਜੀਤ ਕਰਨ ਲਈ ਦਸਮ ਪਿਤਾ ਲਾਲਾਂ ਦੀ ਜੋੜੀ ਚੜ੍ਹਾਈ।
ਚਮਕੌਰ ਦੀ ਗੜ੍ਹੀ ਨੇ ਸ਼ਹਾਦਤਾਂ ਦਾ ਜੋ ਅਧਿਆਏ ਲਿੱਖਿਆ
ਅੱਜ ਤਕ ਮਨੁੱਖਤਾ ਦੇ ਇਤਿਹਾਸ ਵਿੱਚ ਨਾ ਦਿੱਸਿਆ।।
ਸੁਰਿੰਦਰਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ।

