24 ਦਸੰਬਰ 1705 ਦੀ ਚਾਨਣੀ ਅਤੇ ਠੰਡੀ ਰਾਤ ਨੂੰ ਸ਼ਹੀਦ ਬੀਬੀ ਸ਼ਰਨ ਕੌਰ ਜੀ ਨੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਦੋ ਸਾਹਿਬਜ਼ਾਦਾ ਸਾਹਿਬਾਨਾਂ ਤਿੰਨ ਪਿਆਰਿਆਂ ਅਤੇ ਸ਼ਹੀਦ ਹੋਏ ਸਿੰਘਾਂ ਦੀਆਂ ਮ੍ਰਿਤਕ ਦੇਹੀਆਂ ਦਾ ਸਸਕਾਰ ਕੀਤਾ।
ਗੁਰਦੀਪ ਸਿੰਘ ਜਗਬੀਰ ( ਡਾ.)
ਸਿੱਖ ਇਤਿਹਾਸ ਦੇ ਵਿੱਚ ਬੀਬੀ ਸ਼ਰਨ ਕੌਰ ਉਹ ਸੂਰਬੀਰ ਸ਼ਹੀਦ ਸਿੰਘਣੀ ਹੋਈ ਹੈ ਜਿਸ ਨੇ ਚਮਕੌਰ ਸਾਹਿਬ ਦੀ ਜੰਗ ਵਿੱਚ, ਸ਼ਹੀਦ ਹੋਏ ਵੱਡੇ ਸਾਹਿਬਜ਼ਾਦਾ ਸਾਹਿਬਾਨ, ਪੰਜ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਅਤੇ ਬਾਕੀ ਦੇ ਸਿੰਘਾਂ ਦਾ ਆਪਣੇ ਹੱਥੀ ਸਸਕਾਰ ਕੀਤਾ।
ਉਸ ਰਾਤ ਸੂਰਜ ਦੇ ਬੁਰਕਾ ਪਾ ਕੇ ਛੁੱਪ ਜਾਣ ਅਤੇ ਫਿਰ ਰਾਤ ਦੇ ਬਾਦਸ਼ਾਹ ਚੰਨ ਦੇ ਚੜ ਜਾਣ ਦਾ ਜ਼ਿਕਰ ਸਤਿਗੁਰਾਂ ਜੀ ਨੇ ਜਫਰਨਾਮੇ ਦੇ ਵਿੱਚ ਲਿਖੇ ਆਪਣੇ ਇਸ ਸ਼ੇਅਰ ਦੇ ਵਿੱਚ ਕੀਤਾ ਹੈ:
ਚਿਰਾਗਿ ਜਹਾਂ ਚੁ ਸ਼ੁੱਧ ਬੁਰਕਾ ਪੋਸ਼
ਸ਼ਾਹਿ ਸ਼ਬ ਬਰਾਮਦ ਹਮਾਂ ਜਲਵਾ ਜੋਸ਼।।
ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਲੋਂ ਜ਼ਫ਼ਰਨਮੇ ਵਿੱਚ ਲਿਖਿਆ ਇਹ ਮੁਬਾਰਕ ਸ਼ੇਰ ਉਸ ਰਾਤ ਦੀ ਦਾਸਤਾਂ ਸੁਣਾਉਂਦਾ ਹੈ ਜਦੋਂ 24 ਦਸੰਬਰ 1704 ਨੂੰ, ਰਾਤ ਪੈ ਗਈ ਅਤੇ ਦੋਨੋਂ ਹੀ ਵੱਡੇ ਸਾਹਿਬਜ਼ਾਦਾ ਸਾਹਿਬਾਨਾਂ ਦੇ ਨਾਲੋ ਨਾਲ ਗੜੀ ਦੇ ਵਿੱਚ ਮੌਜੂਦ 29 ਸ਼ਹੀਦ ਹੋ ਗਏ।
ਸਤਿਗੁਰੂ ਜੀ ਨੇ ਜੰਗ ਦੀ ਸਮਾਪਤੀ ਤੋਂ ਬਾਅਦ ਸੋਦਰ ਦੀ ਚੌਂਕੀ ਭਰੀ ਅਤੇ ਫੇਰ ਚਾਰ ਖ਼ਤ ਲਿਖੇ ਜੋ ਚਾਰ ਤੀਰਾਂ ਵਿੱਚ ਪਰੋਏ ਅਤੇ ਮੁਗਲ ਖ਼ੇਮੇ ਵੱਲ ਦਾਗੇ।ਪਹਿਲਾ ਤੀਰ ਖੁਆਜਾ ਮਰਦੂਦ ਮੁਹੰਮਦ ਅਲੀ ਵੱਲ ਦਾਗਿਆ ਜੋ ਉਸ ਦੀ ਪੇਟੀ ਵਿੱਚ ਲਗਾ। ਇਸ ਖ਼ਤ ਉੱਪਰ ਲਿਖਿਆ ਸੀ, ਕਸਮ ਉੱਠਾ ਕੇ ਉਸਤੋਂ ਫਿਰ ਜਾਣਾ, ਦੀਨ ਦੁਨੀਆਂ ਤੋਂ ਜਾਣਾ ਹੈ ਸੋ ਅੱਜ ਤੂੰ ਦੀਨ ਦੁਨੀਆਂ ਦੋਵੇਂ ਗਵਾ ਲਏ।ਦੂਜਾ ਤੀਰ ਵਜੀਦ ਖ਼ਾਨ ਦੇ ਘੋੜੇ ਕੌਲ ਡਿੱਗਾ, ਜਿਸ ਉਪਰ ਲਿਖਿਆ ਸੀ,ਕਸਮ ਚੁੱਕਣ ਤੋਂ ਬਾਅਦ ਜਿਹੜਾ ਬੇਇਮਾਨ ਹੁੰਦਾ ਹੈ ਉਹ ਦੋਜ਼ਖ਼ ਦੀ ਅੱਗ ਵਿੱਚ ਸੜਦਾ ਹੈ ਅਤੇ ਜੋ ਯਕੀਨ ਰੱਖਦਾ ਹੈ ਉਹ ਉੱਚਾ ਉਠ ਜਾਂਦਾ ਹੈ। ਤੀਜਾ ਖਤ ਲਾਹੌਰ ਦੇ ਸੂਬੇਦਾਰ ਜ਼ਬਰਦਸਤ ਖ਼ਾਨ ਵੱਲ ਘੱਲਿਆ,ਜਿਸ ਉਪਰ ਲਿਖਿਆ ਸੀ, ਪਾਕਿ ਕੁਰਾਨ ਦੀ ਸੌਂਹ ਚੁੱਕ ਕੇ ਮੁੱਕਰ ਜਾਣ ਵਾਲਾ ਦੋਜ਼ਖ਼ ਵਿੱਚ ਸੜਦਾ ਹੈ।ਚੌਥਾ ਅਤੇ ਆਖ਼ਰੀ ਤੀਰ ਸਤਿਗੁਰੂ ਜੀ ਨੇ ਅਜਮੇਰ ਚੰਦ ਦੇ ਵੱਲ ਮਾਰਿਆ ਜੋ ਉਸਦੀ ਲੱਤ ਵਿੱਚ ਲਗਿਆ, ਜਿਸ ਉਪਰ ਲਿਖਿਆ ਸੀ, ਜਿੰਦਗੀ ਵਿੱਚ ਤੈਨੂੰ ਕਦੇ ਵੀ ਚੈਨ ਨਹੀਂ ਪਵੇ ਗਾ।
ਇਸ ਤੋਂ ਬਾਅਦ ਸਤਿਗੁਰੂ ਜੀ ਨੇ ਬਚੇ ਹੋਏ ਬਾਕੀ ਦੇ ਦਸ ਸਿੰਘਾਂ ਨੂੰ ਪਾਸ ਬੁਲਾਇਆ ਅਤੇ ਇਹ ਫ਼ੈਸਲਾ ਸੁਣਾਇਆ ਕੇ ਕਲ 23 ਦਸੰਬਰ ਦੀ ਸਵੇਰ ਜੰਗ ਦਾ ਧੌਂਸਾ ਵਜਦੇ ਹੀ ਪਹਿਲਾ ਜੱਥਾ ਅਸੀ ਖੁਦ ਲੈਕੇ ਜਾਂਵਾ ਗੇ।
ਸਤਿਗੁਰੂ ਜੀ ਨੇ ਸਿੱਖਾਂ ਨੂੰ ਉਪਦੇਸ਼ ਦੇਂਦੇ ਹੋਏ ਕਿਹਾ ਕਿ ਚਾਰ ਔਟ ਆਸਰੇ ਜਿਸ ਦੇ ਨਾਲ ਹੁੰਦੇ ਹਨ ਉਹ ਆਪਣੇ ਇਮਾਨ ਅਤੇ ਦੀਨ’ਤੇ ਹਮੇਸ਼ਾਂ ਕਾਇਮ ਰਹਿੰਦਾ ਹੈ ਸੋ ਤੁਸੀ ਚਾਰ ਔਟ ਆਸਰਇਆਂ ਤੇ ਪੂਰਣ ਭਰੋਸਾ ਰੱਖਣਾ। ਪਹਿਲੀ ਔਟ ਇਕ ਅਕਾਲ ਪੁਰਖ ਦੀ ਹੈ।ਦੂਸਰੀ ਔਟ ਸਤਿਗੁਰੂ ਜੀ ਦੀ, ਤੀਜੀ ਔਟ ਸਾਧ ਸੰਗਤ ਦੀ ਹੈ ਅਤੇ ਚੌਥੀ ਔਟ ਆਪਣੇ ਸਵੈਮਾਣ ਦੀ ਹੈ।ਸੋ ਡਟੇ ਰਹਿਣ ਦਾ ਸੁਨੇਹਾ ਦੇ ਕੇ ਸਤਿਗੁਰੂ ਜੀ ਨੇ ਆਪਣੇ ਕੱਲ ਦੇ ਜਥੇ ਦੇ ਲਜਾਣ ਦੇ ਪੈਗ਼ਾਮ ਨੂੰ ਦੁਹਰਾ ਕੇ ਸਿੰਘਾਂ ਨੂੰ ਸਵੇਰੇ ਦੀਆਂ ਜੂਝਣ ਦੀਆਂ ਤਿਆਰੀਆਂ ਕਰਣ ਦਾ ਹੁਕਮ ਦੇ ਦਿੱਤਾ। ਸਤਿਗੁਰੂ ਜੀ ਦਾ ਇਹ ਹੁਕਮ ਅਟੱਲ ਸੀ।
ਸਿੰਘਾਂ ਨੇ ਸਤਿਗੁਰੂ ਜੀ ਨੂੰ ਗੜ੍ਹੀ ਛੱਡ ਜਾਣ ਦੀ ਬੇਨਤੀ ਕੀਤੀ। ਜੋ ਸਾਹਿਬੇ ਕਮਾਲ ਗੁਰੂ ਜੀ ਨੇ ਕਬੂਲ ਨਹੀਂ ਕੀਤੀ ਅਤੇ ਮੀਟਿੰਗ ਬਰਖਾਸਤ ਕਰ ਦਿੱਤੀ ਗਈ।
ਸਿੰਘਾਂ ਨੇ ਗੁਰਮਤਾ ਕੀਤਾ ਕੇ ਇਸ ਤੋਂ ਵੱਧ ਹੋਰ ਔਖੀ ਘਾਟੀ ਅਤੇ ਬਿਖੜਾ ਪੈਂਡਾ ਹੋਰ ਕੀ ਹੋਵੇ ਗਾ। ਇਹ ਔਖਾ ਪੈਂਡਾ ਅਸੀਂ ਹੁਣ ਕੌਮੀ ਭਾਵਨਾ ਦੇ ਨਾਲ ਤੈਅ ਕਰਣਾ ਹੈ ਅਤੇ ਇਸ ਵਕਤ ਸਤਿਗੁਰੂ ਜੀ ਦੀ ਸ਼ਹਾਦਤ ਬੇਸ਼ਕ ਬਹੁਤ ਮਹਾਨ ਹੋਵੇ ਗੀ ਪਰ ਇਹ ਬੇਵਕਤ ਸ਼ਾਹਦਤ ਕੌਮ ਦੇ ਲਈ ਸੱਟ ਵੀ ਸਾਬਤ ਹੋਵੇ ਗੀ । ਕੌਮ ਇਸ ਬਿਖੜੇ ਪੈਂਡੇ ਵਿੱਚ ਉਲਜ ਕੇ ਰਹਿ ਜਾਵੇ ਗੀ।ਅਤੇ ਜੇ ਇਸ ਵਕਤ ਸਤਿਗੁਰੂ ਜੀ ਦੀ ਜਿਸਮਾਨੀ ਹੌਂਦ ਬਰਕਰਾਰ ਰਹਿੰਦੀ ਹੈ ਤਾਂ ਕੌਮ ਨੂੰ ਅਗਲੀ ਮੁਬਾਰਕ ਸੇਧ ਮਿਲੇ ਗੀ।ਕੌਮ ਮੁੜ ਸੁਰਜੀਤ ਹੋ ਉੱਠੇ ਗੀ।
ਗੜ੍ਹੀ ਵਿੱਚ ਇਸ ਵਕਤ ਦਸ ਸਿੰਘ ਬਚੇ ਸਨ। ਇਨ੍ਹਾਂ ਦਸਾਂ ਨੇ ਆਪਣੇ ਵਿਚੋਂ ਪੰਜ ਸਿੰਘ, ਪੰਜ ਪਿਆਰਿਆਂ ਵਜੋਂ ਚੁਣ ਲਏ। ਭਾਈ ਦਿਆ ਸਿੰਘ ਜੀ ਦੀ ਅਗਵਾਹੀ ਹੇਠ ਇਹ ਫੈਸਲਾ ਹੋਇਆ ਕਿ ਸਾਡੀ ਕੌਮ ਵਿੱਚ ਪੰਜ ਪਿਆਰਿਆਂ ਦਾ ਰੁਤਬਾ ਬਹੁਤ ਮਹਾਨ ਹੈ ਅਤੇ ਇਹ ਮਹਾਨਤਾ ਇਸ ਲਈ ਹੈ ਕਿਉਂਕਿ ਇਨ੍ਹਾਂ ਪੰਜ ਪਿਆਰਿਆਂ ਪਾਸੋਂ ਸਤਿਗੁਰੂ ਜੀ ਨੇ ਖੁਦ ਅੰਮ੍ਰਿਤ ਦੀ ਦਾਤ ਮੰਗੀ ਸੀ।ਅਤੇ ਸਤਿਗੁਰੂ ਜੀ ਨੇ ਆਪੇ ਗੁਰੂ ਚੇਲਾ ਹੋਣ ਦਾ ਮਾਣ ਹਾਸਿਲ ਕੀਤਾ ਸੀ।
ਰਾਤ ਕਾਫੀ ਗਹਿਰੀ ਹੋ ਚਲੀ ਸੀ,ਪੰਜ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਪਾਸ ਪੁੱਜੇ ਅਤੇ ਫਤਹਿ ਬੁਲਾਈ।ਪਾਤਸ਼ਾਹ ਦੇ ਬਚਨ ਸਨ ਬਿਸ੍ਰਾਮ ਕਰੋ ਭਾਈ ਸਵੇਰੇ ਜੂਝਣ ਜਾਣਾ ਹੈ। ਅੱਗੋਂ ਸਿੰਘਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਗੜ੍ਹੀ ਛੱਡ ਜਾਣ ਦਾ ਹੁਕਮ ਸੁਣਾਉਣ ਆਏ ਹਾਂ। ਕੈਸਾ ਕਮਾਲ ਦਾ ਸਿਧਾਂਤਕ ਅਮਲ ਹੈ ਇਕੱਲੇ ਇਕੱਲੇ ਫਰਆਦੀ ਅੱਜ ਪੰਜ ਮਿਲ਼ ਕੇ ਗੁਰੂ ਨੂੰ ਹੁਕਮ ਦੇਣ ਦੇ ਕਾਬਲ ਹੋ ਗਏ ਸਨ।
ਸਤਿਗੁਰੂ ਜੀ ਨੇ ਪੰਜਾਂ ਦੇ ਅੱਗੇ ਸੀਸ ਝੁਕਾ ਦਿੱਤਾ ਅਤੇ ਗੜ੍ਹੀ ਛੱਡ ਜਾਣਾ ਪ੍ਰਵਾਨ ਕਰ ਲਿਆ। ਪਰ ਸਤਿਗੁਰੂ ਜੀ ਨੇ ਕਿਹਾ ਕੇ ਉਹ ਚੁੱਪ ਚਪੀਤੇ ਨਹੀਂ ਸਗੋਂ ਇੱਕ ਵਾਂਗਰ ਦੇ ਨਾਲ ਗੜ੍ਹੀ ਛੱਡਣ ਗੇ। ਫੈਸਲਾ ਇਹ ਹੋਇਆ ਕਿ ਤਿੰਨ ਸਿੰਘ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਸਤਿਗੁਰੂ ਜੀ ਦੇ ਨਾਲ ਗੜ੍ਹੀ ਵਿਚੋਂ ਨਿਕਲਣ ਗੇ ਅਤੇ ਬਾਕੀ ਦੇ ਦਸ ਸਿੰਘ ਗੜ੍ਹੀ ਵਿੱਚ ਹੀ ਰਹਿਣ ਗੇ।ਬਾਕੀ ਦੇ ਸੱਤ ਸਿੰਘਾਂ ਦੇ ਨਾਮ ਹਨ, ਭਾਈ ਸੰਗਤ ਸਿੰਘ, ਭਾਈ ਕਿਹਰ ਸਿੰਘ,ਭਾਈ ਸੰਤੋਖ ਸਿੰਘ, ਭਾਈ ਦੇਵਾ ਸਿੰਘ, ਭਾਈ ਰਾਮ ਸਿੰਘ, ਭਾਈ ਜੀਵਨ ਸਿੰਘ ਅਤੇ ਭਾਈ ਲਧਾ ਸਿੰਘ।
ਸਤਿਗੁਰੂ ਜੀ ਨੇ ਭਾਈ ਸੰਗਤ ਸਿੰਘ ਜੀ ਦੇ ਸੀਸ ਤੇ ਆਪਣੀ ਕਲਗੀ ਸਜਾ ਦਿੱਤੀ ਅਤੇ ਉਨ੍ਹਾਂ ਨੂੰ ਮਮਟੀ ਵਿੱਚ ਚਲੇ ਜਾਣ ਦੇ ਲਈ ਕਿਹਾ ਤਾਂਜੋ ਦੁਸ਼ਮਣ ਵਿੱਚ ਭੁਲੇਖਾ ਬਣਿਆ ਰਹੇ।
ਅੱਧੀ ਰਾਤ ਦਾ ਦੋ ਪਹਿਰ ਹੋ ਚਲਿਆ ਸੀ।ਸਤਿਗੁਰੂ ਜੀ ਨੇ ਬੁਰਜ ਉਪਰ ਖਲੋ ਕੇ ਨਰਸਿੰਘਾ ਵਜਾਇਆ ਇਸ ਦਾ ਮਤਲਬ ਸੀ ਕਿ ਗੜ੍ਹੀ ਦੇ ਵਿਚੋਂ ਹਮਲਾ ਹੋਣ ਵਾਲਾ ਹੈ।ਫੇਰ ਸਤਿਗੁਰੂ ਜੀ ਗੜ੍ਹੀ ਦੇ ਵਿਚੋਂ ਬਾਹਰ ਨਿਕਲੇ ਅਤੇ ਉੱਚੀ ਪੁਕਾਰ ਦੇ ਨਾਲ ਕਿਹਾ ” ਪੀਰ ਏ ਹਿੰਦ ਮੇ ਰਵਦ” ਭਾਵ ਹਿੰਦ ਦਾ ਪੀਰ ਰਵਾਨਾ ਹੋ ਰਿਹਾ ਹੈ। ਮੁਗ਼ਲ ਫੌਜਾਂ ਦੇ ਵਿਚਾਲੇ ਖਲਬਲੀ ਮਚ ਗਈ। ਸਤਿਗੁਰੂ ਜੀ ਰਾਤੋਂ ਰਾਤ ਚਲਦੇ ਕਾਫੀ ਦੂਰ ਨਿਕਲ ਗਏ ਅਤੇ ਇਸ ਵਕਤ ਤਿੰਨੇ ਸਿੰਘ ਵੀ ਅਲਗ ਹੋ ਗਏ।
ਉਧਰ ਵਜ਼ੀਰ ਖਾਨ ਨੇ ਥੋੜੀ ਦੇਰ ਬਾਅਦ ਦੇਖਿਆ ਕਿ ਗੜ੍ਹੀ ਦੇ ਵਿਚੋਂ ਹੁਣ ਕੋਈ ਹਲਚਲ ਨਹੀਂ ਹੋ ਰਹੀ ਸੋ ਉਸ ਨੇ ਸਵੇਰੇ ਤੱੜਕ ਸਾਰ ਹੀ ਹਮਲਾ ਕਰਣ ਦੇ ਲਈ ਆਪਣੀਆਂ ਫ਼ੌਜਾਂ ਨੂੰ ਹੁਕਮ ਦਿੱਤਾ।
24 ਦਸੰਬਰ 1704 ਵਾਲੇ ਦਿਨ ਸਵੇਰੇ ਤੱੜਕ ਸਾਰ ਗੜ੍ਹੀ ਉਪਰ ਹਮਲੇ ਦੇ ਦੌਰਾਨ ਭਾਈ ਸੰਗਤ ਸਿੰਘ ਜੀ ਦੀ ਅਗਵਾਹੀ ਹੇਠ ਸਤੋ ਸਿੰਘ ਬਾਹਰ ਨਿਕਲ ਆਏ ਅਤੇ ਜੂਝਦੇ ਹੋਏ ਸ਼ਹੀਦ ਹੋ ਗਏ।
ਹੁਣ ਗੱਲ ਕਰਦੇ ਹਾਂ ਬੀਬੀ ਸ਼ਰਨ ਕੌਰ ਦੀ, ਇਸ ਸ਼ਹੀਦ ਬੀਬੀ ਦੇ ਪਿਛੋਕੜ ਬਾਰੇ ਕੁਝ ਖਾਸ ਪਤਾ ਨਹੀਂ ਲਗਾਇਆ ਜਾ ਸਕਿਆ। ਚਮਕੌਰ ਸਾਹਿਬ ਵਿਚ ਸ਼ਹੀਦ ਹੋਏ ਸਿੰਘਾਂ ਦੇ ਵਿੱਚ ਇੱਕ ਭਾਈ ਪ੍ਰੀਤਮ ਸਿੰਘ ਜੀ ਸਨ ਇਹ ਬੀਬੀ ਸ਼ਰਨ ਕੌਰ ਉਨ੍ਹਾਂ ਦੀ ਪਤਨੀ ਸੀ।ਬੀਬੀ ਸ਼ਰਨ ਕੌਰ ਪਿੰਡ ਰਾਏਪੁਰ ਦੀ ਰਹਿਣ ਵਾਲੀ ਦਸੀ ਜਾਂਦੀ ਹੈ,ਜਿਥੇ ਸੈਣੀ ਆਬਾਦੀ ਬਹੁਤਾਤ ਵਿੱਚ ਹੈ ਅਤੇ ਇਕ ਸੈਣੀ ਪ੍ਰੀਵਾਰ ਦੇ ਪਾਬਲਾ ਪ੍ਰੀਵਾਰ ਵਿਚੋਂ ਦਸੀ ਜਾਂਦੀ ਹੈ। ਬੀਬੀ ਸ਼ਰਨ ਕੌਰ ਦਾ ਨਾਂ ਇਤਿਹਾਸ ਦੇ ਵਿੱਚ ਹਰਸ਼ਰਨ ਕੌਰ ਵੀ ਲਿਖਿਆ ਮਿਲਦਾ ਹੈ। ਇਸ ਬੀਬੀ ਦਾ ਸੰਬਧ ਫੂਲਕਿਆਂ ਦੇ ਸਰਦਾਰ ਨਾਨੂ ਸਿੰਘ ਸੈਣੀ, ਨਾਲ ਵੀ ਦੱਸਿਆ ਜਾਂਦਾ ਹੈ ਜੋਕਿ ਪਿੰਡ ਰਾਏਪੁਰ ਦੇ ਜਗੀਰਦਾਰ ਪ੍ਰੀਵਾਰ ਵਿਚੋਂ ਸੀ। ਇਸ ਪਿੰਡ ਵਿਚ ਸਿੱਖ ਸ਼ਹੀਦ, ਜੱਥੇਦਾਰ ਨੌਨਿਹਾਲ ਸਿੰਘ, ਸਰਦਾਰ ਮਸਤਾਨ ਸਿੰਘ, ਸਰਦਾਰ ਸੰਤੋਖ ਸਿੰਘ ਅਤੇ ਸਰਦਾਰ ਮਲਕੀਅਤ ਸਿੰਘ ਦੀਆਂ ਸਮਾਧਾਂ ਵੀ ਹਨ।ਸ਼ਹੀਦ ਬੀਬੀ ਸ਼ਰਨ ਕੌਰ ਪਾਬਲਾ ਦੀ ਯਾਦ ਵਿੱਚ 1945 ਵਿੱਚ ਪਿੰਡ ਰਾਏਪੁਰ ਵਿੱਖੇ ਇੱਕ ਗੁਰੂਦਵਾਰਾ ਸਾਹਿਬ ਵੀ ਉਸਾਰਿਆ ਗਿਆ ਹੈ।
ਐਸਾ ਮੰਨਿਆ ਜਾ ਸਕਦਾ ਹੈ ਕੇ ਜਿਸ ਵਕਤ ਸਿੰਘ ਸਤਿਗੁਰੂ, ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਗੜ੍ਹੀ ਛੱਡਣ ਬਾਰੇ ਵਿਚਾਰ ਕਰ ਰਹੇ ਹੋਣ ਗੇ। ਉਸ ਵਕਤ ਇਹ ਦਲੇਰ ਬੀਬੀ ਸ਼ਰਨ ਕੌਰ ਬਰਫੀਲੀ ਅੱਧੀ ਰਾਤ ਵੇਲੇ ਜੰਗ ਦੇ ਮੈਦਾਨ ਦੇ ਵਿੱਚ ਵਿਛੀਆਂ ਲਾਸ਼ਾਂ ਦੇ ਵਿਚਕਾਰ ਪੁੱਜੀ।
ਚਾਰੇ ਪਾਸੇ ਵਿਛੀਆਂ ਲੋਥਾਂ ਦੇ ਵਿੱਚੋਂ ਸਿੰਘਾਂ ਦੀਆਂ ਮਿਰਤਕ ਦੇਹੀਆਂ ਨੂੰ ਪਹਿਚਾਣਨਾ ਕੋਈ ਆਸਾਨ ਕੰਮ ਨਹੀਂ ਸੀ। ਇਹ ਦਲੇਰ ਬੀਬੀ ਸਾਰੀਆਂ ਹੀ ਲਾਸ਼ਾਂ ਨੂੰ ਉਲਟਾਅ ਪਲਟਾਅ ਕੇ ਸਿੰਘਾਂ ਦੀ ਪਹਿਚਾਣ ਕਰ ਰਹੀ ਸੀ। ਸਿੰਘਾਂ ਦੀਆਂ ਬਾਹਾਂ’ ਚ ਪਾਏ ਕੜਿਆਂ ਤੋ ਪਛਾਣ ਕਰਕੇ ਇਸ ਦਲੇਰ ਬੀਬੀ ਨੇ ਸਿੰਘਾਂ ਦੀਆਂ ਮਿਰਤਕ ਦਹੀਆਂ ਨੂੰ ਇੱਕ ਬਾੜੇ ਦੇ ਵਿੱਚ ਲਿਜਾ ਕੇ ਇਕੱਠਿਆਂ ਕੀਤਾ ਅਤੇ ਅਤੇ ਅਉਂਸ ਭਰੀ ਉਸ ਠੰਡੀ ਰਾਤ ਦੇ ਵਿੱਚ ਉਹ ਸੁੱਕੀਆਂ ਲੱਕੜਾਂ ਇਕੱਠੀਆਂ ਕਰਕੇ ਲਿਆਈ ਅਤੇ ਸਮੂਹਿਕ ਸਸਕਾਰ ਕੀਤਾ। ਆਖਰ, ਆਪਣੀ ਸੂਰਮਤਾ , ਨਿਰਭੈਅਤਾ ਤੇ ਜ਼ੁਰਅਤ ਦਾ ਆਦਰਸ਼ ਬਣ ਕੇ ਸੂਰਮਗਤੀ ਨੂੰ ਪ੍ਰਾਪਤ ਕੀਤਾ।
ਜਿਸ ਵਕਤ ਇਹ ਬੀਬੀ ਮੈਦਾਨੇ ਜੰਗ ਵਿੱਚ ਆਈ ਤਾਂ ਇਸ ਦੇ ਹੱਥ ਵਿੱਚ ਇੱਕ ਮਸ਼ਾਲ ਸੀ। ਇਸੇ ਬਲਦੀ ਹੋਈ ਮਸ਼ਾਲ ਦੀ ਰੌਸ਼ਨੀ ਦੇ ਵਿੱਚ, ਜਿੱਥੇ ਇਹ ਰਾਹ ਲੱਭ ਰਹੀ ਸੀ ਉਥੇ ਜੰਗ ਦੇ ਮੈਦਾਨ ਵਿੱਚ ਚਾਰੇ ਪਾਸੇ ਵਿਛੀਆਂ ਮਿਰਤਕ ਦੇਹੀਆਂ ਨੂੰ ਉਲਟ ਪਲਟ ਕੇ ਦੇਖ ਰਹੀ ਸੀ। ਕਿਉਂਕਿ ਥਾਂ ਥਾਂ ਪਈਆਂ ਮਿਰਤਕ ਦੇਹੀਆਂ ਵਿਚੋਂ ਇਹ ਬੀਬੀ ਸਿੱਖਾਂ ਦੀਆਂ ਮ੍ਰਿਤਕ ਦੇਹਾਂ ਪਛਾਣ ਰਹੀ ਸੀ।
ਮਸ਼ਾਲ ਲੈ ਕੇ ਜੰਗ ਦੇ ਮੈਦਾਨ ਦੇ ਵਿੱਚ ਘੁੰਮਦਿਆਂ ਇਸ ਬੀਬੀ ਨੂੰ ਦੇਖਣ ਤੋਂ ਬਾਅਦ ਕੁਝ ਮੁਗਲ ਸਿਪਾਹੀ ਡਰ ਗਏ ਸਨ ਜਾਂ ਘਬਰਾ ਗਏ ਸਨ।ਉਹਨਾਂ ਦੀ ਸੋਚ ਇਥੇ ਤੱਕ ਸੀਮਿਤ ਸੀ ਕਿ ਸ਼ਾਇਦ ਇਹ ਕੋਈ ਚੁੜੈਲ ਜਾਂ ਭੂਤਨੀ ਹੈ ਜਿਹੜੀ ਜੰਗ ਦੇ ਮੈਦਾਨ ਦੇ ਵਿੱਚ ਘੁੰਮ ਰਹੀ ਹੈ। ਮੁਗਲਾਂ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਸੀ ਲੱਗ ਰਹੀ ਕਿ ਕੋਈ ਐਸੀ ਵੀ ਦਲੇਰ ਬੀਬੀ ਹੋ ਸਕਦੀ ਹੈ ਜਿਹੜੀ ਇਹਨਾਂ ਵਿਛੀਆਂ ਹੋਈਆਂ ਲਾਸ਼ਾਂ ਦੇ ਵਿੱਚ ਸਿੰਘਾਂ ਦੀਆਂ ਲਾਸ਼ਾਂ ਨੂੰ ਪਹਿਚਾਣ ਰਹੀ ਹੋਵੇ। ਪਹਿਲਾਂ ਤਾਂ ਇਹਨਾਂ ਮੁਗਲ ਸਿਪਾਹੀਆਂ ਦੀ ਇਸ ਦਲੇਰ ਬੀਬੀ ਦੇ ਕੋਲ ਇਸ ਸੋਚ ਦੇ ਨਾਲ ਜਾਣ ਦੀ ਹਿੰਮਤ ਨਹੀਂ ਪਈ ਹੋਵੇਗੀ ਕਿ ਸ਼ਾਇਦ ਇਹ ਕੋਈ ਪਿਸ਼ਾਚਣੀ ਹੈ ਜਾਂ ਕੋਈ ਚੁੜੇਲ?
ਇਸ ਬੀਬੀ ਨੇ ਉਨਤੀ ਸਿੱਖਾਂ ਦੀਆਂ ਮਿਰਤਕ ਦੇਹਾਂ ਲਭੀਆਂ ਅਤੇ ਉਨ੍ਹਾਂ ਨੂੰ ਘਸੀਟ ਕੇ ਨੇੜੇ ਇਕ ਵੱਡੇ ਸਾਰੇ ਵਾੜੇ ਵਿਚ ਪਹੁੰਚਾਇਆ। ਫਿਰ ਇਹ ਦੋਨੋ ਵਡੇ ਸਾਹਿਬਜ਼ਾਦਾ ਸਾਹਿਬਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਲਭ ਕੇ ਵਾੜੇ ਤਕ ਲੈ ਕੇ ਗਈ। ਉਸ ਤੋਂ ਬਾਅਦ ਜਦੋਂ ਇਹ ਹੋਰ ਸਿੰਘਾਂ ਦੇ ਸ਼ਰੀਰਾਂ ਦੀ ਭਾਲ ਕਰ ਰਹੀ ਸੀ, ਤਾਂ ਆਪਣੇ ਪਤੀ ਭਾਈ ਪ੍ਰੀਤਮ ਸਿੰਘ ਦੀ ਦੇਹ ਵੀ ਉਸ ਨੂੰ ਮਿਲ ਗਈ। ਉਸ ਨੂੰ ਵੀ ਵਾੜੇ ਵਿਚ ਪਹੁੰਚਾ ਦਿੱਤਾ ਗਿਆ। ਇਕ ਪਾਸੇ ਜਿੱਥੇ ਸਤਿਗੁਰੂ ਜੀ ਨਰਸਿੰਘਾਂ ਵਜ੍ਹਾ ਰਹੇ ਹੋਣ ਗੇ ਤਾਂ ਦੂਜੇ ਪਾਸੇ ਇਹ ਬੀਬੀ ਇੱਕਲੀ ਮਸ਼ਾਲ ਲੈਕੇ ਜੰਗ ਦੇ ਮੈਦਾਨ ਵਿੱਚ ਘੁੰਮ ਰਹੀ ਹੋਵੇ ਗੀ। ਦੂਜੇ ਪਾਸੇ ਥਕੇ-ਟੁਟੇ ਸੁੱਤੇ ਪਏ ਮੁਗਲ ਫੌਜੀਆਂ ਵਿੱਚ ਖਲਬਲੀ ਮੱਚੀ ਹੋਈ ਸੀ। ਮੁਗਲਾਂ ਨੇ ਮੈਦਾਨੇ ਜੰਗ ਵਿਚ ਇਸ ਇਕਲੀ ਬੀਬੀ ਨੂੰ ਘੁੰਮਦਿਆਂ ਵੇਖਿਆ ਤਾਂ ਉਹ ਸੋਚ ਨਹੀਂ ਸਕੇ ਕਿ ਇਹ ਹੋ ਕੀ ਰਿਹਾ ਹੈ।ਉਨ੍ਹਾਂ ਨੂੰ ਲੱਗਾ, ਕੇ ਕੋਈ ਚੁੜੇਲ ਜਾਂ ਭੂਤਨੀ ਘੁੰਮ ਰਹੀ ਹੈ ਅਤੇ ਪਹਿਲਾਂ ਉਨ੍ਹਾਂ ਨੇ ਇਸ ਬੀਬੀ ਵਲ ਕੋਈ ਧਿਆਨ ਨਹੀ ਦਿੱਤਾ।
ਇਨ੍ਹੇ ਵਿੱਚ ਬੀਬੀ ਸ਼ਰਨ ਕੌਰ ਨੇ ਵਾੜੇ ਨੂੰ ਅੱਗ ਲਗਾ ਕੇ ਸੋਹਿਲੇ ਦਾ ਪਾਠ ਸ਼ੁਰੂ ਕੀਤਾ ਅਤੇ ਸ਼ਹੀਦ ਸਿੰਘਾਂ ਦੀਆਂ ਦੇਹਾਂ ਦਾ ਸਸਕਾਰ ਕਰਨਾ ਸ਼ੁਰੂ ਕਰ ਦਿੱਤਾ। ਵਾੜੇ ਨੂੰ ਲਗੀ ਅੱਗ ਜਦੋਂ ਭਾਂਬੜ ਵਿੱਚ ਤਬਦੀਲ ਹੋ ਗਈ ਤਾਂ ਇਸ ਭਾਂਬੜ ਨੂੰ ਵੇਖ ਕੇ ਕੁਝ ਮੁਗ਼ਲ ਫੋਜੀ ਉਥੇ ਪਹੁੰਚੇ। ਉਨ੍ਹਾਂ ਦੇ ਪੁਛਣ’ਤੇ ਦਲੇਰ ਬੀਬੀ ਸ਼ਰਣ ਕੌਰ ਨੇ ਕਿਹਾ ਕਿ ਉਹ ਸ਼ਹੀਦ ਭਾਈ ਪ੍ਰੀਤਮ ਸਿੰਘ ਦੀ ਸਿੰਘਣੀ ਹੈ। ਉਨ੍ਹਾਂ ਮੁਗਲਾਂ ਨੇ ਇਸ ਬੀਬੀ ਨੂੰ ਵੀ ਜਿਊਂਦਿਆਂ ਅੱਗ ਵਿਚ ਸੁਟ ਦਿੱਤਾ। ਇਹ ਦਲੇਰ ਬੀਬੀ ਵੀ ਉਥੇ ਸੜ ਕੇ ਸ਼ਹੀਦ ਹੋ ਗਈ, ਪਰ ਇਸ ਨੇ ਜਿਸ ਦਲੇਰੀ ਅਤੇ ਨਿਡਰਤਾ ਨਾਲ, ਦੋ ਸਾਹਿਬਜ਼ਾਦਾ ਸਾਹਿਬਾਨਾਂ, ਤਿੰਨ ਪਿਆਰਿਆਂ ਅਤੇ ਆਪਣੇ ਪਤੀ ਪ੍ਰੀਤਮ ਸਿੰਘ ਦੇ ਨਾਲ ਉਨਤੀ ਹੋਰ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ ਅਤੇ ਆਪ ਵੀ ਸ਼ਹੀਦ ਹੋਈ, ਉਹ ਸਿੱਖ ਇਤਿਹਾਸ ਦੀ ਆਪਣੇ ਆਪ ਵਿੱਚ ਇੱਕ ਮਹਾਨ ਅਮਰ ਗਾਥਾ ਹੈ।
ਬੀਬੀ ਸ਼ਰਨ ਕੌਰ ਜੀ ਦੇ ਪਿੰਡ ਰਾਏਪੁਰ (ਖਰੁੰਡ) ਵਿੱਖੇ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸਥਾਪਿਤ ਹੈ ਜਿੱਥੇ ਹਰ ਸਾਲ 24 ਦਸੰਬਰ ਨੂੰ ਬੀਬੀ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ।
ਭੁੱਲਾਂ ਦੀ ਖਿਮਾ:
ਗੁਰਦੀਪ ਸਿੰਘ ਜਗਬੀਰ ( ਡਾ.)
