
ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਫਾਰ ਵੂਮੇਨ, ਗੁਰਦਾਸਪੁਰ ਦੇ ਐਨਐਸਐਸ ਯੂਨਿਟ ਵੱਲੋਂ ਪਿੰਡ ਰਾਵਲ ਗਾਦੜੀਆ ਵਿੱਚ ਕਾਲਜ ਪ੍ਰਿੰਸੀਪਲ ਡਾ. ਨੀਰੂ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਲਗਾਇਆ ਗਿਆ ,ਸੱਤ ਰੋਜ਼ਾ ਕੈਂਪ ਬੜੇ ਉਤਸ਼ਾਹ, ਅਨੁਸ਼ਾਸਨ ਅਤੇ ਸਮਾਜਿਕ ਸੇਵਾ ਦੀ ਭਾਵਨਾ ਨਾਲ ਸਫ਼ਲਤਾਪੂਰਵਕ ਸੰਪੰਨ ਹੋਇਆ। ਪ੍ਰਿੰਸੀਪਲ ਮੈਡਮ ਨੇ ਕਿਹਾ ਕਿ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥਣਾਂ ਵਿੱਚ ਸਮਾਜਿਕ ਜ਼ਿੰਮੇਵਾਰੀ, ਸੇਵਾ ਭਾਵਨਾ ਅਤੇ ਅਗਵਾਈ ਕਰਤਾ ਦੇ ਗੁਣਾਂ ਦਾ ਵਿਕਾਸ ਕਰਨਾ ਸੀ। ਕੈਂਪ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਲੇਖਕ ਅਤੇ ਪੱਤਰਕਾਰ ਸ. ਬਲਵਿੰਦਰ ਬਾਲਮ ਜੀ ਨੇ ਸ਼ਿਰਕਤ ਕੀਤੀ। ਸਮਾਰੋਹ ਦੀ ਸ਼ੁਰੂਆਤ ਵਿੱਚ ਮੁੱਖ ਮਹਿਮਾਨ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆ ਕਿਹਾ ਗਿਆ ਅਤੇ ਉਸ ਤੋਂ ਬਾਅਦ ਜੋਤੀ ਪ੍ਰਜਵਲਿਤ ਕੀਤੀ ਗਈ, ਜੋ ਗਿਆਨ, ਜਾਗਰੂਕਤਾ ਅਤੇ ਰਾਸ਼ਟਰੀ ਚੇਤਨਾ ਦੀ ਪ੍ਰਤੀਕ ਹੈ। ਇਸ ਉਪਰੰਤ ਐਨਐਸਐਸ ਪ੍ਰੋਗਰਾਮ ਅਫ਼ਸਰ ਡਾ. ਸੁਖਵਿੰਦਰ ਕੌਰ ਵੱਲੋਂ ਮੁੱਖ ਮਹਿਮਾਨ ਸ. ਬਲਵਿੰਦਰ ਬਾਲਮ ਜੀ ਦੀਆਂ ਅਕਾਦਮਿਕ, ਸਾਹਿਤਕ ਅਤੇ ਪੱਤਰਕਾਰਤਾ ਖੇਤਰ ਨਾਲ ਸੰਬੰਧਿਤ ਵਿਸ਼ਾਲ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਸ. ਬਲਵਿੰਦਰ ਬਾਲਮ ਜੀ ਨੇ ਲੇਖਨ ਅਤੇ ਪੱਤਰਕਾਰਤਾ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਅਤੇ ਉਹ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਸਰੋਤ ਹਨ। ਇਸ ਤੋਂ ਬਾਅਦ ਐਨਐਸਐਸ ਪ੍ਰੋਗਰਾਮ ਅਫ਼ਸਰ ਮਿਸਿਜ਼ ਸਮਿਤਾ ਖਜੂਰੀਆ ਵੱਲੋਂ ਪੀਪੀਟੀ ਰਾਹੀਂ ਸੱਤ ਰੋਜ਼ਾ ਕੈਂਪ ਦੌਰਾਨ ਕੀਤੀਆਂ ਗਈਆਂ ਵੱਖ-ਵੱਖ ਗਤੀਵਿਧੀਆਂ ਦੀ ਵਿਸਤ੍ਰਿਤ ਝਲਕ ਪੇਸ਼ ਕੀਤੀ ਗਈ। ਇਸ ਪ੍ਰਜ਼ੇਨਟੇਸ਼ਨ ਵਿੱਚ ਸਫ਼ਾਈ ਅਭਿਆਨ, ਵਾਤਾਵਰਣ ਸੁਰੱਖਿਅਤ, ਪੌਦਾ ਰੋਪਣ, ਸਮਾਜਿਕ ਜਾਗਰੂਕਤਾ ਸੰਬੰਧੀ ਰੈਲੀ,ਚੇਜ ਮੇਕਰ ਈਵੈਂਟ’,ਈਚ ਵਨ ਟੀਚ ਵਨ ਪ੍ਰੋਗਰਾਮ, ਪੌਦਾ ਤਿਆਰੀ ਸਬੰਧੀ ਵਰਕਸ਼ਾਪ, ਲੈਕਚਰ ਸੀਰੀਜ਼ ਵਿੱਚ ਪਹਿਲਾਂ ਲੈਕਚਰ ਸਾਇਬਰ ਅਪਰਾਧ ਜਾਗਰੂਕਤਾ ਅਤੇ ਸੁਰੱਖਿਅਤ ਇੰਟਰਨੈੱਟ ਪ੍ਰਥਾਵਾਂ, ਦੂਸਰਾ ਲੈਕਚਰ ਸੀਜ਼ਨ ਅਨੁਸਾਰ ਨਰਸਰੀ ਇਨੋਵੇਸ਼ਨ ਅਤੇ ਤੀਸਰਾ ਲੈਕਚਰ ਐਕਸਪ੍ਰੈਸ ਡਿਬੇਟ ਅਤੇ ਇਸ ਤੋਂ ਇਲਾਵਾ ਵਲੰਟੀਅਰਜ਼ ਵੱਲੋਂ ਕੀਤੇ ਗਏ ਸਮਾਜ ਸੇਵਾ ਕਾਰਜ ਦਰਸਾਏ ਗਏ। ਆਪਣੇ ਪ੍ਰੇਰਕ ਸੰਬੋਧਨ ਦੌਰਾਨ ਮੁੱਖ ਮਹਿਮਾਨ ਸ. ਬਲਵਿੰਦਰ ਬਾਲਮ ਜੀ ਨੇ ਵਲੰਟੀਅਰਜ਼ ਨੂੰ ਆਪਣੇ ਚਰਿੱਤਰ ਨੂੰ ਸੰਵਾਰਨ, ਲਗਨ ਅਤੇ ਮਿਹਨਤ ਨਾਲ ਅਧਿਐਨ ਕਰਨ ਅਤੇ ਜੀਵਨ ਵਿੱਚ ਆਪਣੀ ਮਿੱਥੀ ਮੰਜ਼ਿਲ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਆਪਣੇ ਮਾਪਿਆਂ ਦੇ ਆਗਿਆਕਾਰ ਬਣਨ, ਕਿਸੇ ਦੀ ਸ਼ੋਹਰਤ ਦੇ ਪਿੱਛੇ ਅੰਨ੍ਹੇ ਹੋ ਕੇ ਆਪਣਾ ਕੀਮਤੀ ਕਰੀਅਰ ਖ਼ਰਾਬ ਨਾ ਕਰਨ ਅਤੇ ਸਹੀ ਮਾਰਗ ਦੀ ਚੋਣ ਕਰਨ ਦੀ ਸਲਾਹ ਦਿੱਤੀ। ਇਸ ਮੌਕੇ ਪ੍ਰਿੰਸੀਪਲ ਡਾ. ਨੀਰੂ ਸ਼ਰਮਾ ਜੀ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਐਨਐਸਐਸ ਸੱਤ ਰੋਜ਼ਾ ਕੈਂਪ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਲਾਭਕਾਰੀ ਸਾਬਤ ਹੁੰਦਾ ਹੈ। ਉਨ੍ਹਾਂ ਨੇ ਵਲੰਟੀਅਰਜ਼ ਅਤੇ ਪ੍ਰੋਗਰਾਮ ਅਫ਼ਸਰਾਂ ਵੱਲੋਂ ਕੀਤੀ ਗਈ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਵਿਦਿਆਰਥਣਾਂ ਨੂੰ ਸਮਾਜ ਸੇਵਾ ਦੇ ਕੰਮਾਂ ਵਿੱਚ ਹਮੇਸ਼ਾਂ ਅੱਗੇ ਰਹਿਣ ਲਈ ਪ੍ਰੇਰਿਤ ਕੀਤਾ। ਸਮਾਪਤੀ ਸਮਾਰੋਹ ਦੀ ਸਫ਼ਲਤਾ ਵਿੱਚ ਐਨਐਸਐਸ ਪ੍ਰੋਗਰਾਮ ਅਫ਼ਸਰ ਡਾ. ਸੁਖਵਿੰਦਰ ਕੌਰ, ਮਿਸਿਜ਼ ਸਮਿਤਾ ਖਜੂਰੀਆ ਅਤੇ ਮਿਸਿਜ਼ ਸਾਕਸ਼ੀ ਸੈਣੀ ਦੀ ਸੁਚੱਜੀ ਯੋਜਨਾ, ਲਗਾਤਾਰ ਮਾਰਗਦਰਸ਼ਨ ਅਤੇ ਸਮਰਪਿਤ ਸੇਵਾ ਨੇ ਮਹੱਤਵਪੂਰਣ ਭੂਮਿਕਾ ਨਿਭਾਈ। ਸਮਾਰੋਹ ਦੇ ਅੰਤ ਵਿੱਚ ਮੁੱਖ ਮਹਿਮਾਨ ਸ. ਬਲਵਿੰਦਰ ਬਾਲਮ ਜੀ ਨੂੰ ਕਾਲਜ ਵਲੋਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਆਭਾਰ ਜਿਤਾਇਆ ਅਤੇ ਧੰਨਵਾਦ ਕਰਦਿਆਂ ਕੈਂਪ ਦੀ ਸਫ਼ਲ ਸਮਾਪਤੀ ਦੀ ਘੋਸ਼ਣਾ ਕੀਤੀ ਗਈ।
ਬਲਵਿੰਦਰ ਬਾਲਮ ਗੁਰਦਾਸਪੁਰ
