ਪੋਹ ਦੇ ਮਹੀਨੇ ਦਾ, ਵੱਖਰਾ ਇਤਿਹਾਸ ਏ
ਸਿੱਖੀ ਨਾਲ ਜੁੜਿਆ ਸਾਡਾ, ਹਰ ਇੱਕ ਸਵਾਸ ਏ।
ਗੱਲ ਹੁੰਦੀ ਦਸ਼ਮੇਸ਼ ਪਿਤਾ ਦੇ,ਪੂਰੇ ਪਰਿਵਾਰ ਦੀ
ਕਿਲ੍ਹੇ ਵਿੱਚ ਬੈਠੀ ਦਾਦੀ,ਪੋਤਿਆਂ ਨੂੰ ਨਿਹਾਰਦੀ।
ਅਜੀਤ ਤੇ ਜੁਝਾਰ ਦੋਵੇਂ, ਵੱਡੇ ਸਾਹਿਬਜ਼ਾਦੇ ਨੇ
ਜੋਰਾਵਰ ਤੇ ਫਤਿਹ ਸਿੰਘ,ਦਲੇਰ ਬੇ ਹਿਸਾਬੇ ਨੇ।
ਹੱਸਦਾ ਵਸਦਾ ਸੀ ਪਰਿਵਾਰ ਸਾਰਾ, ਅਨੰਦਪੁਰ ਵਾਸ ਸੀ
ਗੁਰਾਂ ਦੀ ਸੱਚੀ ਸੋਭਾ, ਨਾ ਆਈ ਮੁਗਲਾਂ ਨੂੰ ਰਾਸ ਸੀ।
ਖਾਲੀ ਕਿਲ੍ਹੇ ਨੂੰ ਕਰਾਉਣ ਲਈ,ਝੂਠੀਆਂ ਕਸਮਾਂ ਉਹਨਾਂ ਖਾ ਲਈਆਂ
ਸਿੰਘਾਂ ਦੀ ਫਰਿਆਦ ਸੁਣ, ਗੁਰਾਂ ਤਲਵਾਰਾਂ ਮਿਆਨ ਵਿੱਚ ਪਾ ਲਈਆਂ।
ਸਾਰੀ ਸੋਚ ਵਿਚਾਰ ਪਿੱਛੋਂ, ਕਿਲ੍ਹਾ ਛੱਡ ਦਿੱਤਾ ਦਸ਼ਮੇਸ਼ ਨੇ
ਸਰਸਾ ਦੇ ਵੱਲ ਆ ਗਏ, ਬਾਦਸ਼ਾਹ ਦਰਵੇਸ਼ ਨੇ।
ਸਰਸਾ ਦਾ ਪਾਣੀ ਅੱਜ,ਸੀ ਨੱਕੋ ਨੱਕ ਚੜ੍ਹਿਆ
ਪਰਿਵਾਰ ਵਿਛੋੜੇ ਦਾ ਇਹ ਸਮਾਂ, ਜਾਂਦਾ ਸੌਖਾ ਨਹੀਂਓ ਪੜ੍ਹਿਆ।
ਚਮਕੌਰ ਦੀ ਗੜ੍ਹੀ ਆ ਕੇ,ਘੇਰਾ ਮੁਗਲਾਂ ਨੇ ਪਾ ਲਿਆ
ਗਹਿਗੱਚ ਲੜਾਈ ਵਿੱਚ, ਉਹਨਾਂ ਜ਼ੋਰ ਸਾਰਾ ਲਾ ਲਿਆ।
ਅਜੀਤ ਦੇ ਜੁਝਾਰ ਦੋਵੇਂ,ਭਾਰੀ ਮੁਗਲਾਂ ਤੇ ਪਏ ਨੇ
ਜ਼ੁਲਮ ਦੇ ਖਿਲਾਫ਼ ਲੜਨ ਲਈ, ਲੈ ਆਸ਼ੀਰਵਾਦ ਗਏ ਨੇ।
ਮੁਗਲਾਂ ਨਾਲ ਲੜਦੇ ਹੋਏ, ਸ਼ਹੀਦੀ ਦੋਵੇਂ ਪਾ ਚੱਲੇ
ਪਿਤਾ ਦਾ ਲੈ ਆਸ਼ੀਰਵਾਦ, ਦਾਦੇ ਵਾਲੇ ਰਾਹ ਚੱਲੇ।
ਛੋਟੇ ਸਾਹਿਬਜ਼ਾਦੇ ਦੋਵੇਂ,ਮਾਤਾ ਗੁਜਰੀ ਦੇ ਨਾਲ ਨੇ
ਕਰਵਾ ਦਿੱਤਾ ਗ੍ਰਿਫ਼ਤਾਰ ਉਹਨਾਂ ਨੂੰ,ਗੰਗੂ ਬੇਈਮਾਨ ਨੇ।
ਨਿੱਕੀਆਂ ਨੇ ਜਿੰਦਾਂ ਭਾਵੇਂ,ਪਰ ਹੌਂਸਲੇ ਬੁਲੰਦ ਨੇ
ਖੜੇ ਕੀਤੇ ਕਚਹਿਰੀ ਵਿੱਚ,ਸੂਬਾ ਸਰਹੰਦ ਨੇ।
ਪੇਸ਼ ਨਾ ਕੋਈ ਚੱਲੇ, ਸੂਬੇ ਦੇ ਵਜ਼ੀਰ ਦੀ
ਪਰ ਮੇਟ ਨਾ ਸਕੇ ਕੋਈ,ਲਿਖੀ ਹੋਣੀ ਤਕਦੀਰ ਦੀ।
ਕਾਜ਼ੀ ਨੇ ਵੀ ਲਿਖ,ਫਤਵਾ ਸੁਣਾ ਦਿੱਤਾ
ਛੋਟੇ ਸਾਹਿਬਜ਼ਾਦਿਆਂ ਨੂੰ ਉਹਨਾਂ, ਨੀਹਾਂ ਵਿੱਚ ਚਿਣਵਾ ਦਿੱਤਾ।
ਸਾਕਾ ਸੁਣ ਕੇ ਸ਼ਹੀਦੀ ਵਾਲਾ, ਪੂਰੇ ਪਰਿਵਾਰ ਦਾ
ਅੱਖ ਭਰ ਆਉਂਦੀ ਧਰਮਿੰਦਰਾ,ਸਾਕਾ ਜੋ ਵੀ ਵਿਚਾਰ ਦਾ।
ਲੈਕਚਰਾਰ ਧਰਮਿੰਦਰ ਸਿੰਘ ਮੰਨਵੀ, (ਮਲੇਰਕੋਟਲਾ )
ਮੋਬ: 9592802122

