ਠੰਢਾ ਪੋਹ ਦਾ ਮਹੀਨਾ,ਵਗੇ ਠੰਢੀ ਠੰਢੀ ਪੌਣ,
ਕੈਦ ਕੀਤੀ ਬੁੱਢੀ ਮਾਤਾ, ਨਾਲ਼ ਬੱਚੇ ਛੋਟੇ ਕੌਣ,
ਕਿਹਨੇ ਕਹਿਰ ਕਮਾਇਆ , ਰਤਾ ਤਰਸ ਨਾ ਆਇਆ
ਪੁੱਛੇ ਗੰਗੂ ਨੂੰ ਸਵਾਲ,ਹਰ ਕੋਈ
ਧਾਹਾਂ ਮਾਰ ਕੰਧ ਰੋ ਪਈ,
ਜੋੜੀ ਲਾਲਾਂ ਜਾ ਨੀਂਹਾਂ ਚ ਖਲੋਈ,
ਨਾਜ਼ੁਕ ਸਰੀਰ ਜਿਵੇਂ ਕੋਮਲ ਨੇ ਫ਼ੁੱਲਾਂ ਤੋਂ,
ਚੜ੍ਹਦੀ ਕਲਾ ਦੇ ਬੋਲ ਗੂੰਜਦੇ ਨੇ ਬੁੱਲ੍ਹਾਂ ਤੋਂ,
ਫੈਲੀ ਚਾਰੇ ਪਾਸੇ ਚੁੱਪ, ਰੱਬ ਡਾਢਾ ਰੱਖੇ ਸੁੱਖ,
ਲੱਗੇ ਨਜ਼ਰ ਨਾ ਹੋਜੇ ਅਣਹੋਈ,
ਭੁੱਬਾਂ ਮਾਰ ਕੰਧ ਰੋ ਪਈ,
ਜੋੜੀ ਲਾਲਾਂ ਦੀ ਜਾ ਨੀਂਹਾਂ ਚ ਖਲੋਈ
ਲਾਲਚ ਤੇ ਲਾਲਚ, ਡਰਾਵੇ ਦਿੱਤੇ ਵੱਖ ਨੇ
ਫਤਵੇ ਤੇ ਫਤਵਾ ਤਸੀਹੇ ਦਿੱਤੇ ਲੱਖ ਨੇ,
ਤਾਂ ਵੀ ਸਿਦਕੋਂ ਨਾ ਹਾਰੇ, ਮੁੱਖੋਂ ਗੂੰਜਦੇ ਜੈਕਾਰੇ
ਤੱਕ ਜ਼ੁਲਮਾਂ ਨੂੰ ਕੰਬ ਗਈ ਲੋਕਾਈ,
ਭੁੱਬਾਂ ਮਾਰ ਕੰਧ ਰੋ ਪਈ,
ਜੋੜੀ ਲਾਲਾਂ ਦੀ ਜਾ ਨੀਂਹਾਂ ਚ ਖਲੋਈ
ਇੱਟ ਉੱਤੇ ਇੱਟ ਸੀ, ਜ਼ਲਾਦ ਜਦੋਂ ਧਰਦੇ,
ਛਿੱਲ੍ਹ-ਛਿੱਲ੍ਹ ਗੋਡੇ,ਕੰਧ ਗੁਣੀਏ ਚ ਕਰਦੇ,
ਚਿਣੇ ਨੀਂਹਾਂ ਚ ਮਾਸੂਮ, ਪਾਣੀ ਹੋ ਗਿਆ ਏ ਖੂਨ
ਕਿਤੇ ਪਾਪੀਓ ਮਿਲੂ ਨਾ ਕੋਈ ਢੋਈ
ਧਾਹਾਂ ਮਾਰ ਕੰਧ ਰੋ ਪਈ,
ਜੋੜੀ ਲਾਲਾਂ ਦੀ ਜਾ ਨੀਂਹਾਂ ਚ ਖਲੋਈ,
ਖੇਡਣ ਦੀ ਉਮਰੇ ਤਸੀਹੇ ਹੱਸ ਝੱਲ ਗਏ,
ਜ਼ੁਲਮਾਂ ਦੀ ਵੱਗਦੀ ਹਨੇਰੀ ਪ੍ਰਿੰਸ ਠੱਲ੍ਹ ਗਏ,
ਨਿੱਕੇ-ਨਿੱਕੇ ਫਰਜ਼ੰਦ, (ਕਰ) ਕੀਤੀ ਫ਼ਤਿਹ ਸਰਹੰਦ,
ਫ਼ਤਿਹ ਦਾਦੀ ਤਾਈਂ ਆਖ਼ਰੀ ਬੁਲਾਈ,
ਧਾਹਾਂ ਮਾਰ ਕੰਧ ਰੋ ਪਈ,
ਜੋੜੀ ਲਾਲਾਂ ਦੀ ਜਾ ਨੀਂਹਾਂ ਚ ਖਲੋਈ,
ਭੁੱਬਾਂ ਮਾਰ ਕੰਧ ਰੋ ਪਈ।

ਰਣਬੀਰ ਸਿੰਘ ਪ੍ਰਿੰਸ
(ਸ਼ਾਹਪੁਰ ਕਲਾਂ )
ਆਫ਼ਿਸਰ ਕਾਲੋਨੀ ਸੰਗਰੂਰ
9872299613