ਇਹ ਦੁਨੀਆਂ ਨਹੀਂ ਕਮਦਿਲਿਆਂ ਦੀ, ਇਹ ਰਣ ਹੈ ਪੌਣ-ਸਵਾਰਾਂ ਦਾ।
ਜੇ ਨੀਂਹਾਂ ਦੇ ਵਿਚ ਸਿਰ ਹੋਵਣ,
ਮੁੱਲ ਪੈ ਜਾਂਦੈ ਦੀਵਾਰਾਂ ਦਾ।
ਜੋ ਸੂਲੀ ਚੜ੍ਹ ਮੁਸਕਾਉਂਦੇ ਨੇ,
ਉਹੀ ਉੱਚੇ ਰੁਤਬੇ ਪਾਉਂਦੇ ਨੇ।
ਇਤਿਹਾਸ ਗਵਾਹ ਬਹਿ ਤਵੀਆਂ ਤੇ, ਉਹ ਜਾਬਰ ਨੂੰ ਅਜ਼ਮਾਉਂਦੇ ਨੇ।
ਅਣਖ਼ਾਂ ਤੇ ਇੱਜ਼ਤਾਂ ਵਾਲਿਆਂ ਨੂੰ,
ਨਹੀਂ ਡਰ ਸ਼ਾਹੀ ਦਰਬਾਰਾਂ ਦਾ।
ਇਹ ਦੁਨੀਆਂ ਨਹੀਂ ਕਮਦਿਲਿਆਂ ਦੀ…।
ਜੋ ਦੀਨ ਦੁਨੀਆਂ ਕੇ ਹੇਤ ਲੜੇ,
ਉਸ ਦੀ ਹੀ ਬੇੜੀ ਤੋੜ ਚੜ੍ਹੇ।
ਜੋ ਰੋਕ ਪਿਆਂ ਤੋਂ ਰੁਕ ਜਾਵਣ,
ਬੁੱਸ ਜਾਂਦੇ ਪਾਣੀ ਖੜ੍ਹੇ ਖੜ੍ਹੇ।
ਤਪਦੇ ਥਲ ਵਿਚ ਦੀ ਪੈਂਡਾ ਕਰ,
ਜੇ ਚਾਹੁਨੈਂ ਸਾਥ ਬਹਾਰਾਂ ਦਾ।
ਇਹ ਦੁਨੀਆਂ ਨਹੀਂ ਕਮਦਿਲਿਆਂ ਦੀ…।
ਇਹ ਤਾਂ ਸਿਰਲੱਥਾਂ ਦੀ ਬਸਤੀ ਹੈ,
ਏਥੇ ਜ਼ਿੰਦਗੀ ਮੌਤੋਂ ਸਸਤੀ ਹੈ।
ਮਿੱਟੀ ਵਿਚ ਆਪਣਾ ਖ਼ੂਨ ਚੁਆ,
ਤਦ ਮਿਲਣੀ ਉੱਚੀ ਹਸਤੀ ਹੈ।
ਇਹ ਜੋ ਰੰਗਾਂ ਦਾ ਦਰਿਆ ਜਾਪੇ,
ਸਭ ਖੂਨ ਵਹੇ ਮੇਰੇ ਯਾਰਾਂ ਦਾ।
ਇਹ ਦੁਨੀਆਂ ਨਹੀਂ ਕਮਦਿਲਿਆਂ ਦੀ…।
ਪਈ ਰਾਤ ਹਨੇਰ ਚੁਫ਼ੇਰਾ ਹੈ,
ਧੂੰਏਂ ਦਾ ਘਿਰਿਆ ਘੇਰਾ ਹੈ।
ਅਸੀਂ ਬਾਤਾਂ ਸੁਣ ਸੁਣ ਅੱਕ ਗਏ ਆਂ, ਹਾਲੇ ਕਿੰਨੀ ਕੁ ਦੂਰ ਸਵੇਰਾ ਹੈ।
ਸੂਰਜ ਦੀ ਸੁਰਖ਼ ਸਵੇਰ ਬਿਨਾਂ,
ਮੂੰਹ ਦਿਸਣਾ ਨਹੀਂ ਦਿਲਦਾਰਾਂ ਦਾ। ਇਹ ਦੁਨੀਆਂ ਨਹੀਂ ਕਮਦਿਲਿਆਂ ਦੀ,..।

🔹ਗੁਰਭਜਨ ਗਿੱਲ