ਕੀਤੀ ਮਿਹਨਤ ਨੂੰ ਤਾਹੀਓਂ ਹੈ ਬੂਰ ਪੈਂਦਾ,
ਜੇਕਰ ਜਿੱਤਣ ਦਾ ਸਾਨੂੰ ਜਨੂੰਨ ਹੋਵੇ।
ਸਾਰੇ ਧਰਮਾਂ ਦਾ ਏਥੇ ਸਤਿਕਾਰ ਹੋਵੇ,
ਸਾਰੇ ਦੇਸ਼ ਵਿੱਚ ਇੱਕੋ ਕਾਨੂੰਨ ਹੋਵੇ।
ਓਹੀ ਲੋਕ ਨੇ ਜੀਵਨ ਵਿੱਚ ਸਫ਼ਲ ਹੁੰਦੇ,
ਜਿਨ੍ਹਾਂ ਕੀਤੀਆਂ ਮਿਹਨਤਾਂ ਭਾਰੀਆਂ ਨੇ।
ਬੇਰ ਟੀਸੀ ਦਾ ਤੋੜਨਾ ਚਾਹੁਣ ਜਿਹੜੇ,
ਉਨ੍ਹਾਂ ਲੋਕਾਂ ਨੇ ਮੰਜ਼ਿਲਾਂ ਮਾਰੀਆਂ ਨੇ।
ਇਹ ਜ਼ਿੰਦਗੀ ਫੁੱਲਾਂ ਦੀ ਸੇਜ ਨਾਹੀਂ,
ਰਾਹ ਜੀਵਨ ਦੇ ਬੜੇ ਹੀ ਬਿਖੜੇ ਨੇ।
ਸੋਚ-ਸਮਝ ਕੇ ਧਰੀਂ ਤੂੰ ਕਦਮ ਏਥੇ,
ਕੰਡੇ ਰਸਤਿਆਂ ‘ਚ ਫੈਲੇ ਤਿਖੜੇ ਨੇ।
ਝੱਖੜ ਝਾਗ ਕੇ ਮਿਲੇਗੀ ਜਦੋਂ ਮੰਜ਼ਿਲ,
ਓਦੋਂ ਹੱਸ ਕੇ ਮਿਲੂ ਬਹਾਰ ਤੈਨੂੰ।
ਤਗ਼ਮੇ ਮਿਲਣਗੇ, ਸਿਰਾਂ ਤੇ ਤਾਜ ਸਜਣੇ,
ਗਲੇ ਫੁੱਲਾਂ ਦੇ ਪੈਣਗੇ ਹਾਰ ਤੈਨੂੰ।
ਮਿਹਨਤ ਵਾਲਿਆਂ ਦੀ ਸਾਰੇ ਕਦਰ ਕਰਦੇ,
ਗਲੇ ਹੱਸ ਕੇ ਮਿਲਦੇ ਨੇ ਯਾਰ ਬੇਲੀ।
ਰੱਖ ਹੱਥ ਤੇ ਹੱਥ ਜੋ ਧਰੀ ਬੈਠਣ,
ਪੁੱਛੇ ਕੋਈ ਨਾ ਵਿੱਚ ਸੰਸਾਰ ਬੇਲੀ।

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.
