ਮਨਮੋਹਨ ਸਿੰਘ ਦਾਊਂ ਪੁਆਧ ਦਾ ਸਨਮਾਨਯੋਗ ਲੇਖਕ ਤਾਂ ਹੈ ਹੀ, ਉਹ ਭਾਰਤੀ ਸਾਹਿਤ ਅਕਾਦਮੀ ਵੱਲੋਂ ਬਾਲ ਸਾਹਿਤ ਪੁਰਸਕਾਰ (2011) ਨਾਲ ਵੀ ਸਨਮਾਨਿਤ ਹੋ ਚੁੱਕਾ ਹੈ। ਉਹਨੇ ਪੁਆਧ ਬਾਰੇ ਬਹੁਤ ਵੱਡਾ ਸੰਪਾਦਿਤ ਖੋਜ-ਕਾਰਜ ਕੀਤਾ ਹੈ, ਜਿਸ ਵਿੱਚ ਪੁਆਧ ਦਰਪਣ, ਮੇਰਾ ਪੁਆਧ, ਕਥਾ ਪੁਰਾਤਨ ਪੁਆਧ ਕੀ, ਧਰਤ ਪੁਆਧ, ਨਿਰਾਲੀ ਚਮਕ, ਨੂਰੀ ਦਰ ਦਾ ਰਹੱਸ, ਨਵਤੇਜ ਪੁਆਧੀ ਦੀਆਂ ਕੁੱਲ ਕਹਾਣੀਆਂ, ਕਹਾਣੀਕਾਰ ਨਵਤੇਜ ਪੁਆਧੀ : ਜੀਵਨ ਤੇ ਰਚਨਾ, ਚੰਡੀਗੜ੍ਹ- ਲੋਪ ਕੀਤੇ ਪੁਆਧੀ ਪਿੰਡ, ਸੱਤ ਸਾਦਿਕ, ਪੁਆਧ ਦੇ ਜੰਮੇ ਜਾਏ, ਪੁਆਧ ਤੇ ਪੁਆਧ ਦੇ ਲੇਖਕਾਂ ਤੇ ਖੋਜ ਕਾਰਜ, ਪੁਆਧ ਕੀਆਂ ਝਲਕਾਂ, ਆਦਿ ਜੁਗਾਦਿ ਪੁਆਧ, ਕਮਿੰਗ ਅੱਪ ਆਫ਼ ਚੰਡੀਗੜ੍ਹ ਲਾਸਟ ਪੁਆਧ ਵਲੇਜਿਜ਼, ਪੰਜਾਬ ਦਾ ਗੌਰਵ ਪੁਆਧ ਨਾਂ ਦੀਆਂ 16 ਕਿਤਾਬਾਂ ਸ਼ਾਮਲ ਹਨ। ਇਸਤੋਂ ਇਲਾਵਾ ਉਸਦੇ ਮੌਲਿਕ 12 ਕਾਵਿ ਸੰਗ੍ਰਹਿ ਅਤੇ ਬਾਲ ਸਾਹਿਤ ਦੀਆਂ ਵੱਖ ਵੱਖ ਵੰਨਗੀਆਂ ਵਿੱਚ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
‘ਪੁਆਧੀ ਪੰਜਾਬੀ ਸੱਥ’ ਪੰਜਾਬੀ ਸੱਥ ਲਾਂਬੜਾ ਦੀ ਇੱਕ ਇਕਾਈ ਹੈ, ਜਿਸਨੇ ਵਿਭਿੰਨ ਖੇਤਰਾਂ ਵਿੱਚ ਵਿਲੱਖਣ ਕਾਰਜ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਦੀ ਪਿਰਤ 2004 ਤੋਂ ਸ਼ੁਰੂ ਕੀਤੀ। ‘ਪੁਆਧੀ ਸਨਮਾਨਿਤ ਸ਼ਖ਼ਸੀਅਤਾਂ’ (ਮੁੱਖ ਸੰਪਾਦਕ : ਮਨਮੋਹਨ ਸਿੰਘ ਦਾਊਂ; ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ; ਪੰਨੇ : 208; ਮੁੱਲ : 400/-) ਅਜਿਹੀ ਪੁਸਤਕ ਹੈ, ਜਿਸ ਵਿੱਚ ਇਹ ਵੇਰਵਾ ਸ਼ਾਮਲ ਹੈ। ਇਸ ਕਿਤਾਬ ਦੇ ਦੋ ਭਾਗ ਬਣਾਏ ਗਏ ਹਨ- ਪਹਿਲੇ ਦੇ ਅੰਤਰਗਤ ਸਨਮਾਨਿਤ ਸ਼ਖ਼ਸੀਅਤਾਂ ਬਾਰੇ ਸੰਖੇਪ ਜਾਣਕਾਰੀ ਹੈ, ਦੂਜੇ ਵਿੱਚ ਉਨ੍ਹਾਂ 22 ਵਿਅਕਤੀਆਂ ਦਾ ਵੇਰਵਾ ਹੈ, ਜਿਨ੍ਹਾਂ ਦੇ ਪਰਿਵਾਰਾਂ ਵੱਲੋਂ ਆਪਣੇ ਵਡੇਰਿਆਂ ਦੀ ਯਾਦ ਵਿੱਚ ਇਹ ਸਨਮਾਨ ਦਿੱਤੇ ਜਾਂਦੇ ਹਨ। ਪੁਸਤਕ ਦੇ ਆਰੰਭ ਵਿੱਚ ਇਸ ਕਿਤਾਬ ਦਾ ਪ੍ਰਯੋਜਨ ਸਪਸ਼ਟ ਕੀਤਾ ਗਿਆ ਹੈ।
ਇਸ ਸੱਥ ਵੱਲੋਂ ਹੁਣ (2023) ਤੱਕ ਕਰਵਾਏ 20 ਸਮਾਗਮਾਂ ਵਿੱਚ ਕੁੱਲ 113 ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ, ਜਿਸ ਵਿੱਚ ਵੱਖ-ਵੱਖ ਖੇਤਰਾਂ ਦੇ ਲੋਕ ਸ਼ਾਮਲ ਹਨ, ਜਿਵੇਂ ਕਿ ਲੇਖਕ, ਗਾਇਕ, ਗੀਤਕਾਰ, ਵਿਦਵਾਨ, ਚਿੱਤਰਕਾਰ, ਕਿਸਾਨ, ਸੰਪਾਦਕ, ਪੁਲੀਸ ਅਧਿਕਾਰੀ, ਖਿਡਾਰੀ ਆਦਿ। ਇਨ੍ਹਾਂ ਵਿੱਚ 22 ਔਰਤਾਂ ਨੂੰ ਵੀ ਇਹ ਸ਼ਰਫ਼ ਹਾਸਲ ਹੋਇਆ ਹੈ।
ਸੱਥ ਵੱਲੋਂ ਇਹ ਸਮਾਗਮ ਨਵੰਬਰ-ਦਸੰਬਰ ਦੇ ਮਹੀਨੇ ਵਧੇਰੇ ਕਰਕੇ ਮੋਹਾਲੀ ਵਿਖੇ ਆਯੋਜਿਤ ਕਰਵਾਏ ਜਾਂਦੇ ਹਨ। ਲੱਗਭੱਗ ਸਾਰੇ ਹੀ ਸਮਾਗਮ ਕਿਸੇ ਨਾ ਕਿਸੇ ਪ੍ਰਸਿੱਧ ਸ਼ਖ਼ਸੀਅਤ ਨੂੰ ਸਮਰਪਿਤ ਰਹੇ। 2004 ਤੋਂ ਹੁਣ ਤੱਕ ਹਰ ਸਾਲ ਕਰਵਾਏ ਗਏ ਇਨ੍ਹਾਂ ਸਮਾਗਮਾਂ ਵਿੱਚ ਕ੍ਰਮਵਾਰ 3, 4, 4, 5, 5, 5, 6, 4, 5, 5, 7, 7, 6, 6, 6, 8, 5, 7, 7, 8 (ਕੁੱਲ 113) ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਹ ਸ਼ਖ਼ਸੀਅਤਾਂ ਵਧੇਰੇ ਕਰਕੇ ਪੁਆਧ ਖੇਤਰ ਨਾਲ ਹੀ ਸੰਬੰਧਿਤ ਹਨ,, ਪਰ ਕੁਝ ਇੱਕ ਬਾਹਰਲੇ ਵੀ ਹਨ, ਜਿਨ੍ਹਾਂ ਵਿੱਚ ਸ਼੍ਰੀਮਤੀ ਐੱਨ. ਮਰਫ਼ੀ (ਯੂਬੀਸੀ ਵਿੱਚ ਪੰਜਾਬੀ ਪ੍ਰੋਫ਼ੈਸਰ) ਅਤੇ ਡਾ. ਜਸਪਾਲ ਸਿੰਘ (ਸਾਬਕਾ ਉਪਕੁਲਪਤੀ) ਦੇ ਨਾਂ ਉਲੇਖਯੋਗ ਹਨ।
ਇਸ ਸਨਮਾਨ-ਪੁਸਤਕ ਦੀ ਦਿੱਖ ਤੇ ਆਭਾ ਕਲਾਤਮਕ ਹੈ, ਜਿਸ ‘ਚੋਂ ਸੰਪਾਦਕੀ ਮੰਡਲ (ਮੁੱਖ ਸੰਪਾਦਕ ਤੇ 12 ਹੋਰ) ਦਾ ਅਕਸ ਝਲਕਦਾ ਹੈ। ਇਸ ਪੁਸਤਕ ਵਿੱਚੋਂ ਵਿਭਿੰਨ ਖੇਤਰਾਂ ਦੀਆਂ ਮਾਣਯੋਗ ਹਸਤੀਆਂ ਦਾ ਉਨ੍ਹਾਂ ਵੱਲੋਂ ਕੀਤੇ ਨਿਵੇਕਲੇ ਕਾਰਜਾਂ ਦਾ ਗੌਰਵ ਮੂਰਤੀਮਾਨ ਹੁੰਦਾ ਹੈ। ਪੰਜਾਬੀ ਸੱਥ ਦੀਆਂ ਹੋਰਨਾਂ ਇਕਾਈਆਂ ਵੱਲੋਂ ਵੀ ਅਜਿਹੇ ਪ੍ਰਯਾਸ ਕੀਤੇ ਜਾਣੇ ਚਾਹੀਦੇ ਹਨ, ਤਾਂ ਜੋ ਉਸ ਖੇਤਰ ਦੇ ਬਾਸ਼ਿੰਦਿਆਂ ਦੀਆਂ ਪ੍ਰਾਪਤੀਆਂ ਬਾਰੇ ਵੀ ਪਾਠਕਾਂ ਨੂੰ ਜਾਣਕਾਰੀ ਮਿਲ ਸਕੇ।
ਪੁਆਧੀ ਪੰਜਾਬੀ ਸੱਥ ਦਾ ਇਹ ਪੈਗ਼ਾਮ :
“ਆਪਣੀ ਬੋਲੀ, ਆਪਣਾ ਵਿਰਸਾ, ਮਿੱਟੀ ਕਰੇ ਪੁਕਾਰ।
ਸੋਚੋ, ਸਮਝੋ ਅਤੇ ਸੰਭਾਲੋ ਆਪਣਾ ਸਭਿਆਚਾਰ।”
ਪੰਜਾਬ ਦੇ ਦੂਜੇ ਖੇਤਰਾਂ ਨੂੰ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਜਾਣਨ, ਪਹਿਚਾਣਨ ਅਤੇ ਸੰਭਾਲਣ ਲਈ ਜਾਗਰੂਕ ਕਰਦਾ ਹੈ। ਪੁਆਧੀ ਪੰਜਾਬੀ ਸੱਥ ਵੱਲੋਂ ਕੀਤੀਆਂ ਜਾ ਰਹੀਆਂ ਅਜਿਹੀਆਂ ਗਤੀਵਿਧੀਆਂ ਦਾ ਹਾਰਦਿਕ ਅਭਿਨੰਦਨ!

* ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.