ਕੁਦਰਤ ਨੇ ਕਹਿਰ ਕਮਾਇਆ
ਗਰੀਬ ਦਾ ਕੋਠਾ ਢਾਇਆ
ਸਿਰ ਤੋਂ ਸਾਡੇ ਛੱਤ ਤੂੰ ਖੋਹ ਲਈ
ਰੱਬਾ ਤੈਨੂੰ ਤਰਸ ਨਾ ਆਇਆ
ਇੱਕ ਗੱਲ ਤੂੰ ਸਮ੍ਹਝਾਦੇ ਮੈਨੂੰ
ਤਰਸ ਕਿਉਂ ਨੀ ਆਉਂਦਾ ਤੈਨੂੰ
ਸੀਨੇਂ ਵਿੱਚ ਸਾਡੇ ਸਾਹ ਸੁਕਾਇਆ
ਰੱਬਾ ਤੈਨੂੰ ਤਰਸ ਨਾ ਆਇਆ
ਵੇਹੜੇ ਵਿੱਚ ਪੈ ਗਿਆ ਟੋਇਆ
ਭੁੱਬਾਂ ਮਾਰਕੇ ਬਾਪੂ ਰੋਇਆ
ਜਾਵੇ ਨਾ ਚੁੱਪ ਕਰਾਇਆ
ਰੱਬਾ ਤੈਨੂੰ ਤਰਸ ਨਾ ਆਇਆ
ਬਹਿ ਅੱਖੀਆਂ ਚੋਂ ਅੱਥਰੂ ਕੇਰੇ
ਬੈਠੀ ਬੇਬੇ ਸਾਡੀ ਮਾਲ਼ਾ ਫੇਰੇ
ਗਲ਼ੀ ਵਿੱਚ ਸੀ ਮੰਜਾ ਡਾਇਆ
ਰੱਬਾ ਤੈਨੂੰ ਤਰਸ ਨਾ ਆਇਆ
ਵਿਲਕਣ ਪਏ ਬਾਲ਼ ਨਿਆਣੇਂ
ਮੀਤੇ ਰੋਂਦੇ ਸੀ ਭੁੱਖਣ ਭਾਣੇਂ
ਨਾ ਆਕੇ ਕਿਸੇ ਗਲ ਨਾਲ ਲਾਇਆ
ਰੱਬਾ ਤੈਨੂੰ ਤਰਸ ਨਾ ਆਇਆ
ਕਿਸਮਤ ਸਾਡੀ ਹੋ ਗਈ ਖੋਟੀ
ਸਿੱਧੂ ਪੱਕੀ ਨਾ ਘਰ ਵਿੱਚ ਰੋਟੀ
ਗੜਿਆਂ ਦਾ ਮੀਂਹ ਵਰ੍ਹਾਇਆ
ਰੱਬਾ ਤੈਨੂੰ ਤਰਸ ਨਾ ਆਇਆ

ਅਮਰਜੀਤ ਸਿੰਘ ਸਿੱਧੂ ਬਠਿੰਡਾ
9464073505

