ਸਚਮੁਚ ਇਹ ਸਾਬਤ ਕਰਨਾ ਬਹੁਤ ਮੁਸ਼ਕਲ ਹੈ ਕਿ ਮੁਹੱਬਤ ਕੀ ਹੁੰਦੀ ਹੈ ।ਇਕ ਲੜਕੇ ਲੜਕੀ ਦੇ ਆਪਸੀ ਪਿਆਰ ਨੂੰ ਅਸੀਂ ਮੁਹੱਬਤ ਕਹਿ ਦਿੰਦੇ ਹਾਂ , ਜਦ ਕਿ ਮੁਹੱਬਤ ਦੇ ਬਹੁਤ ਰਿਸ਼ਤੇ ਹੁੰਦੇ ਨੇ , ਮਾਂ ਪਿਉ , ਭੈਣ-ਭਰਾ , ਪਤੀ ਪਤਨੀ , ਸਹੇਲੀਆਂ , ਦੋਸਤ , ਅਧਿਆਪਕ ਤੇ ਵਿਦਿਆਰਥੀ ।ਹੋਰ ਵੀ ਬਹੁਤ ਰਿਸ਼ਤੇ ਨੇ ਮੁਹੱਬਤ ਦੇ , ਜਾਨਵਰਾਂ ਤੇ ਪਸ਼ੂ ਪੰਛੀਆਂ ਵਿੱਚ ਵੀ ਮੁਹੱਬਤ ਹੁੰਦੀ ਹੈ ।
“ਜੂਡਿਥ ਵਿਉਰਸਟ ਦੇ ਅਨੁਸਾਰ ਮੁਹੱਬਤ ਜ਼ਿੰਦਗੀ ਦਾ ਇਕ ਸੰਘਰਸ਼ ਹੈ । ਪਰ ਇਹ ਲੜਾਈ ਹੋਰ ਲੜਾਈਆਂ ਨਾਲ਼ੋਂ ਵਧੀਆ ਅਤੇ ਉਸਾਰੂ ਹੈ ।”
ਮੁਹੱਬਤ ਇਕ ਸ਼ਕਤੀ ਦਾ ਸੋਮਾ ਹੈ ।ਕਹਿੰਦੇ ਨੇ ਮੁਹੱਬਤ ਇਕ ਉਹ ਭਾਸ਼ਾ ਹੈ ਜਿਸ ਨੂੰ ਗੂੰਗੇ ਤੇ ਬੋਲੇ ਵੀ ਬਾਖੂਬੀ ਪੜ੍ਹ ਤੇ ਸਮਝ ਜਾਂਦੇ ਹਨ । ਪਸ਼ੂ ਪੰਛੀ ਤੇ ਜਾਨਵਰ ਵੀ ਮੁੱਹਬਤ ਦੀ ਭਾਸ਼ਾ ਸਮਝਦੇ ਹਨ ।
ਇਹ ਮੁਹੱਬਤ ਹੈ ਜੋ ਚੋਰਾਂ ਨੂੰ ਸਾਧ ਬਣਾ ਦਿੰਦੀ ਹੈ । ਇਹ ਮੁਹੱਬਤ ਸੀ ਜਿਸ ਦੀ ਖਾਤਿਰ ਰਾਂਝੇ ਨੂੰ ਮਹੀਂਵਾਲ ਬਨਣਾ ਪਿਆ ।ਸੱਸੀ ਪੁੰਨੂੰ ਨੂੰ ਪੁਕਾਰਦੀ ਹੋਈ ਥੱਲਾਂ ਵਿਚ ਉਸ ਪਿੱਛੇ ਗਈ ।ਸੋਹਣੀ ਕੱਚੇ ਘੜ੍ਹੇ ਤੇ ਤੈਰ ਕੇ ਅੱਧੀ ਰਾਤ ਨੂੰ ਮਹੀਂਵਾਲ ਨੂੰ ਮਿਲਣ ਲਈ ਜਾਂਦੀ ਹੈ ।ਸ਼ੀਰੀ ਦੀ ਖਾਤਿਰ ਫ਼ਰਿਆਦ ਨੂੰ ਨਹਿਰ ਪੁੱਟਣੀ ਪਈ ਤੇ ਹੀਰ ਨੂੰ ਵੀ ਆਖਿਰ ਜ਼ਹਿਰ ਦਾ ਪਿਆਲਾ ਪੀਣਾ ਪਿਆ ।
ਕਹਿੰਦੇ ਨੇ ਭਗਤ ਤੁਲਸੀ ਦਾਸ ਦਾ ਆਪਣੀ ਪਤਨੀ ਨਾਲ ਕਾਫ਼ੀ ਪਿਆਰ ਸੀ ।ਇਕ ਵਾਰ ਉਹ ਆਪਣੇ ਪੇਕੇ ਜਾਂਦੀ ਹੈ ਤੇ ਬਾਦ ਵਿੱਚ ਉਦਾਸ ਹੋ ਕੇ ਭਗਤ ਤੁਲਸੀ ਦਾਸ ਪਤਨੀ ਦੇ ਪਿਆਰ ਵਿੱਚ , ਉਸ ਦੀ ਯਾਦ ਵਿੱਚ , ਉਹ ਅੱਧੀ ਰਾਤ ਨੂੰ ਚੋਰੀ ਉਸ ਨੂੰ ਮਿਲਣ ਪਹੁੰਚ ਜਾਂਦਾ ਹੈ । ਅੱਗੋਂ ਉਸ ਦੀ ਪਤਨੀ ਉਸਨੂੰ ਬਹੁਤ ਫਿਟਕਾਰ ਲਾਉਂਦੀ ਹੈ ਤੇ ਕਹਿੰਦੀ ਹੈ ਕਿ ਅਗਰ ਤੂੰ ਐਨਾ ਪਿਆਰ ਪਰਮਾਤਮਾ ਨੂੰ ਕਰਦਾ ਤੇ ਤੈਨੂੰ ਉਸਦੀ ਪ੍ਰਾਪਤੀ ਹੋ ਜਾਣੀ ਸੀ । ਸਚਮੁਚ ਉਹ ਵੈਰਾਗ ਵਿੱਚ ਆ ਜਾਂਦਾ ਹੈ ਤੇ ਰੱਬ ਦੀ ਭਗਤੀ ਵਿੱਚ ਲੱਗ ਜਾਂਦਾ ਹੈ ਤੇ ਫਿਰ ਭਗਤ ਤੁਲਸੀ ਦਾਸ ਬਣ ਜਾਂਦਾ ਹੈ ।
ਅੱਜ ਕਲ ਸੱਚੀ ਮੁਹੱਬਤ ਨਹੀਂ ਰਹਿ ਗਈ , ਸਿਰਫ ਕਿਤਾਬਾਂ , ਕਿੱਸੇ ਕਹਾਣੀਆਂ ਤੇ ਫਿਲਮਾਂ ਵਿੱਚ ਹੀ ਰਹਿ ਗਈ ਹੈ । ਰੂਹਾਂ ਦੀ ਮੁੱਹਬਤ ਨਹੀਂ ਸਿਰਫ ਜਿਸਮਾਂ ਦੀ ਮੁੱਹਬਤ ਰਹਿ ਗਈ ਹੈ । ਅੱਜ-ਕੱਲ੍ਹ ਕਾਫ਼ੀ ਲੜਕੇ ਆਪਣੀ ਝੂਠੀ ਮੁੱਹਬਤ ਵਿੱਚ ਲੜਕੀਆਂ ਨੂੰ ਫਸਾ ਲੈਂਦੇ ਹਨ ਤੇ ਇਸਤੇਮਾਲ ਕਰਕੇ ਛੱਡ ਦਿੰਦੇ ਨੇ ਤੇ ਬਹੁਤ ਲੜਕੀਆਂ ਸਦਮੇ ਤੇ ਬਦਨਾਮੀ ਦੇ ਡਰ ਤੋਂ ਜਾਣ ਦੇ ਦਿੰਦੀਆਂ ਹਨ । ਉਹ ਮੁਹੱਬਤ ਨਹੀਂ ਕਰਦੇ , ਸਿਰਫ਼ ਫਲਰਟ ਕਰਦੇ ਹਨ । ਕੀ ਇਹ ਮੁਹੱਬਤ ਹੈ ? ਨਹੀਂ , ਇਹ ਮੁਹੱਬਤ ਨਹੀਂ ਹੈ ।ਤੁਸੀਂ ਲੜਕੀ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹੋ ।
ਮੁਹੱਬਤ ਅਹਿਸਾਸ ਦਾ ਨਾਮ ਹੈ , ਜੋ ਕਿ ਬਿਨਾਂ ਦੇਖੇ ਬਿਨਾਂ ਮਿਲੇ ਕਦੀ ਵੀ ਕਿਸੇ ਵੀ ਉਮਰ ਵਿੱਚ ਹੋ ਜਾਂਦੀ ਹੈ ।ਮੁਹੱਬਤ ਵਿੱਚ ਇਨਸਾਨ ਆਪਾ ਭੁੱਲ ਜਾਂਦਾ ਹੈ ।ਜਾਤ ਪਾਤ ਰੰਗ ਰੂਪ ਕੋਈ ਮਾਅਨੇ ਨਹੀਂ ਰੱਖਦੀ ।ਮੁਹੱਬਤ ਬੇਬਾਕ ਤੇ ਬੇਖੌਫ਼ ਹੁੰਦੀ ਹੈ । ਇਹ ਇੱਕ ਜੁਆਲਾਮੁਖੀ ਵਾਂਗ ਹੁੰਦੀ ਹੈ । ਮੁਹੱਬਤ ਇਨਸਾਨ ਨੂੰ , ਪਾਗਲ , ਝੱਲਾ ਤੇ ਰਮਲਾ ਕਮਲ਼ਾ ਬਣਾ ਦਿੰਦੀ ਹੈ । ਮੁਹੱਬਤ ਵਿੱਚ ਇਨਸਾਨ ਨੂੰ ਜ਼ਿੰਦਾ ਲਾਸ਼ ਬਣਕੇ ਰਹਿਣਾ ਪੈਂਦਾ ਹੈ ।
ਮੁੱਹਬਤ ਸਰਹੱਦਾਂ ਦੀਆਂ ਦੀਵਾਰਾਂ ਜਾਂ ਮਜ਼੍ਹਬਾਂ ਦੀਆਂ ਲਕੀਰਾਂ ਨਹੀਂ ਦੇਖਦੀ । ਮੁਹੱਬਤ ਪਾਉਣ ਦਾ ਨਾਮ ਨਹੀਂ ,
ਮੁੱਹਬਤ ਦੇਣ ਦਾ ਨਾਮ ਹੈ। ਮੁਹੱਬਤ ਵਿੱਚ ਕਦੀ ਕਿਸੇ ਲਈ ਨਫ਼ਰਤ ਨਹੀਂ ਹੁੰਦੀ। ਮੁਹੱਬਤ ਇਕ ਮਿੱਠਾ ਜ਼ਹਿਰ ਹੈ , ਜਿਸ ਵਿੱਚ ਇਨਸਾਨ ਆਪਣੇ ਪਿਆਰੇ ਦੀ ਯਾਦ ਵਿੱਚ ਹਰ ਪੱਲ , ਹਰ ਘੜੀ ਤਿਲ ਤਿਲ ਕਰ ਮਰਦਾ ਹੈ । ਮੁਹੱਬਤ ਵਿੱਚ ਦਰਦ , ਹੌਕੇ ਜੁਦਾਈ ,ਤੜਪ ,ਲਗਨ ,ਚਾਹਤ ,ਬੇਬਸੀ ,
ਇਹੀ ਸੱਭ ਸਹਿਣਾ ਪੈਂਦਾ ਹੈ । ਮੁਹੱਬਤ ਕਰਨੀ ਕੋਈ ਗੁਨਾਹ ਨਹੀਂ,ਕੋਈ ਪਾਪ ਨਹੀਂ ,ਬਸ਼ਰਤੇ ਮੁੱਹਬਤ ਰੂਹ ਤੋਂ ਹੋਵੇ ।ਮੁਹੱਬਤ ਤੇ ਪੂਜਾ ਹੈ , ਇਬਾਦਤ ਹੈ , ਇੱਕ ਸਾਧਨਾ ਹੈ ਤੇ ਅਰਾਧਨਾ ਹੈ । ਮੁਹੱਬਤ ਵਿੱਚ ਇਨਸਾਨ ਅਪਣੀ ਹੀ ਦੁਨੀਆਂ ਵਿੱਚ ਮਸਤ ਰਹਿੰਦਾ ਹੈ ।
ਮੁਹੱਬਤ ਤੇ ਹਰ ਸਾਹ,ਹਰ ਰੋਮ ਰੋਮ ,ਤੇ ਹਰ ਜ਼ਰੇ ਜ਼ਰੇ ਵਿੱਚ ਮਹਿਸੂਸ ਹੁੰਦੀ ਹੈ । ਮੁਹੱਬਤ ਵਿੱਚ ਕੋਈ ਪਰਦੇਦਾਰੀ ਨਹੀਂ ਹੁੰਦੀ ਮੁਹੱਬਤ ਕਸਮਾਂ ਵਾਦਿਆਂ ਦੀ
ਮੁਥਾਜ ਨਹੀਂ ਹੁੰਦੀ ।ਮੁਹੱਬਤ ਦੀ ਖੂਬਸੂਰਤੀ ਇਸ ਗੱਲ ਵਿੱਚ ਹੈ ਕਿ ਇਕ ਦੂਸਰੇ ਤੇ ਵਿਸ਼ਵਾਸ ਹੋਏ । ਮੁਹੱਬਤ ਨੂੰ ਸਬੂਤਾਂ ਦੀ ਲੋੜ ਨਹੀਂ ਹੁੰਦੀ ।ਬਿਨਾ ਬੋਲੇ ,ਬਿਨਾ ਕਹੇ ,
ਬਿਨਾ ਮੁਹੱਬਤ ਦਾ ਇਜ਼ਹਾਰ ਕੀਤੇ , ਇਕ ਦੂਸਰੇ ਨੂੰ ਸਮਝਣਾ , ਇਹੀ ਖ਼ੂਬਸੂਰਤੀ ਹੁੰਦੀ ਹੈ ਇਸ ਰਿਸ਼ਤੇ ਦੀ ।
ਮੁਹੱਬਤ ਵਿੱਚ ਇਕ ਦੂਸਰੇ ਲਈ ਪਿਆਰ ਸਤਿਕਾਰ ਹੋਣਾ
ਚਾਹੀਦਾ ਹੈ , ਕਿਸੇ ਤੀਸਰੇ ਦੇ ਦਖਲ ਨਾਲ ਦਰਾਰ ਨਹੀਂ
ਆਉਣੀ ਚਾਹੀਦੀ । ਮੁਹੱਬਤ ਉਹ ਜੋ ਆਪਣੇ ਪਿਆਰੇ ਦੀ ਕਦੀ ਕਿਸੇ ਤੋਂ ਬੁਰਾਈ ਨਾ ਸੁਣ ਸਕੇ । ਉਹ ਮੁਹੱਬਤ ਕੀ ਜਿੱਥੇ ਤੁਹਾਨੂੰ ਉਸਦੀ ਪ੍ਰੀਖਿਆ ਦੇਣੀ ਪਏ ।ਅਗਰ ਕਿਸੇ ਨੂੰ ਮੁਹੱਬਤ ਕਰਦੇ ਹੋ ਤਾਂ ਨਿਭਾਉਣ ਦਾ ਦਮ ਵੀ ਰੱਖੋ ।ਜੋ ਤੁਹਾਡੇ ਤੇ ਵਿਸ਼ਵਾਸ ਕਰਕੇ ਤੁਹਾਨੂੰ ਮੁਹੱਬਤ ਕਰਦੀ ਹਾਂ , ਉਸਦੀ ਚਾਹਤ ਦੀ ਕਦਰ ਕਰੋ । ਮੁਹੱਬਤ ਲਫ਼ਜ਼ਾਂ ਦੀ ਮੁਹਤਾਜ ਨਹੀਂ ਹੁੰਦੀ । ਖ਼ਾਮੋਸ਼ੀ ਦਾ ਵੀ ਆਪਣਾ ਰੁੱਤਬਾ ਹੁੰਦਾ ਹੈ । ਉਸ ਖ਼ਾਮੋਸ਼ੀ ਵਿੱਚ ਕਿੰਨੀ ਮੁਹੱਬਤ ਛਿਪੀ ਹੈ , ਕਦੀ ਤੁਸੀਂ ਉਸਨੂੰ ਪੜ੍ਹ ਕੇ ਦੇਖੋ । ਮੁਹੱਬਤ ਕੀ ਹੁੰਦੀ ਹੈ । ਹਾਂ ਇਹ ਮੁੱਹਬਤ ਹੈ , ਇਹ
ਸਰਦਾਰ ਗੁਰਬਖਸ਼ ਸਿੰਘ ਜੀ ਪ੍ਰੀਤਲੜੀ ਜੀ ਨੇ ਇਕ ਜਗ੍ਹਾ ਲਿਖਿਆ ਹੈ ਕਿ “ ਪਿਆਰ ਕਬਜ਼ਾ ਨਹੀਂ ਪਹਿਚਾਣ ਹੈ ।”
ਕਈ ਕਹਿੰਦੇ ਨੇ ਕਿ ਮੁਹੱਬਤ ਪਹਿਲੀ ਨਜ਼ਰ ਵਿੱਚ ਹੋ ਜਾਂਦੀ ਹੈ , ਨਹੀਂ ਇਹ ਜ਼ਰੂਰੀ ਨਹੀਂ ਹੈ । ਅੱਜ ਕਲ ਤੇ ਬਿਨਾ ਦੇਖੇ ਬਿਨਾ ਮਿਲੇ ਵੀ ਮੁੱਹਬਤ ਹੋ ਜਾਂਦੀ ਹੈ । ਕਿਸੇ ਨੂੰ ਆਪਣੀਆਂ ਯਾਦਾਂ ਵਿੱਚ ਮਹਿਸੂਸ ਕਰਨਾ , ਹਰ ਸਾਹ ਵਿੱਚ ਮਹਿਸੂਸ ਕਰਨਾ , ਮਿਲਣਾ ਚਾਅ ਕੇ ਵੀ ਮਿਲ ਨਹੀਂ ਸਕਣਾ । ਇਕ ਲਗਨ , ਇਕ ਦਰਦ , ਇਕ ਤੜਪ , ਇਹ ਰੂਹ ਦੇ ਰਿਸ਼ਤੇ ਹੁੰਦੇ ਨੇ ਬਹੁਤ ਪਾਕਿ ਤੇ ਪਵਿੱਤਰ । ਮੁਹੱਬਤ ਦੇਣ ਦਾ ਨਾਮ ਹੈ , ਕੁਰਬਾਨੀ ਦਾ ਨਾਮ ਹੈ । ਇਸੇ ਲਈ ਕਹਿੰਦੇ ਹਨ ਕਿ ਮੁਹੱਬਤ ਸਦੀਆਂ ਤੋਂ ਕੁਰਬਾਨੀ ਮੰਗਦੀ ਆਈ ਹੈ ।
ਮੁਹੱਬਤ ਤੇ ਕਦੀ ਵੀ ਕਿਸੇ ਨਾਲ , ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ । ਚਾਹੈ ਸ਼ਾਦੀ ਤੋਂ ਪਹਿਲਾਂ ਜਾਂ ਸ਼ਾਦੀ ਦੇ ਬਾਅਦ । ਇਸ ਵਿੱਚ ਉਮਰ ਦਾ ਕੋਈ ਬੰਧਨ ਨਹੀਂ ਹੁੰਦਾ । ਹਾਂ ਕਈ ਵਾਰ ਬੇਬਸੀ ਜ਼ਰੂਰ ਹੁੰਦੀ ਹੈ , ਜੱਦ ਇਨਸਾਨ ਕਿਸੇ ਨੂੰ ਮਿਲਣਾ ਚਾਅ ਕੇ ਵੀ ਮਿਲ ਨਾ ਸਕੇ । ਫਿਰ ਸਾਨੂੰ ਇਕਾਂਤ ਅੱਛਾ ਲੱਗਦਾ ਹੈ । ਫਿਰ ਸੰਗੀਤ ਤੇ ਕੀਰਤਨ ਸੁਨਣ ਨੂੰ ਮਨ ਕਰਦਾ ਹੈ । ਇਨਸਾਨ ਉਸ ਸੰਗੀਤ ਵਿੱਚ ਐਨਾ ਲੀਨ ਹੋ ਜਾਂਦਾ ਹੈ ਕਿ ਮਨ ਵੈਰਾਗ ਵਿੱਚ ਆ ਜਾਂਦਾ ਹੈ ਤੇ ਫਿਰ ਰੋਣ ਤੇ ਦਿਲ ਕਰਦਾ ਹੈ ।
ਸਾਨੂੰ ਸਿਲੇਬਸ ਵਿੱਚ ਹੀਰ ਰਾਂਝਾ , ਸੋਹਣੀ ਮਹੀਂਵਾਲ ਜਿਹੇ ਕਿੱਸੇ ਕਹਾਣੀਆਂ ਪੜ੍ਹਾਏ ਜਾਂਦੇ ਸੀ , ਕੀ ਅੱਜ ਕਲ ਕੋਈ ਲੜਕਾ ਲੜਕੀ ਸ਼ਾਦੀ ਦੇ ਬਾਦ ਇਸ ਤਰਾਂ ਕਰ ਸਕਦਾ ਹੈ । ਸ਼ਾਇਦ ਨਹੀਂ , ਅਗਰ ਕੋਈ ਐਸੀ ਹਰਕਤ ਕਰਦਾ ਹੈ ਜਾਂ ਕਿਸੇ ਨਾਲ ਗੱਲ ਵੀ ਕਰੇ ਤੇ ਬਦਚਲਣ ਅਵਾਰਾ ਕਹਿ ਕੇ ਘਰ ਤੋਂ ਬਾਹਰ ਨਿਕਾਲ ਦਿੱਤਾ ਜਾਂਦਾ ਹੈ । ਕਈ ਘੂਰਦੀਆਂ ਨਿਗਾਹਾਂ ਤੁਹਾਡਾ ਪਿੱਛਾ ਕਰਨਗੀਆਂ । ਕਈ ਤਰਾਂ ਦੇ ਤਾਹਨੇ ਮਿਹਨੇ ਸੁਨਣ ਨੂੰ ਮਿਲਦੇ ਹਨ ।
ਕਹਿੰਦੇ ਨੇ ਇਹ ਮੁਹੱਬਤ ਹੀ ਸੀ ਜਿਸ ਦੀ ਖਾਤਿਰ ਸ਼ਾਹ ਜਹਾਂ ਨੇ ਤਾਜ ਮੱਹਲ ਬਣਾਇਆ ਵਰਨਾ ਇਕ ਲਾਸ਼ ਦੀ ਖਾਤਿਰ ਕੋਈ ਇਸ ਤਰ੍ਹਾ ਨਹੀਂ ਕਰਦਾ ।
ਇਕ ਵਾਰ ਕ੍ਰਿਸ਼ਨ ਜੀ ਨੂੰ ਰਾਧਾ ਜੀ ਨੇ ਪੁੱਛਿਆ ਸੀ ਕਿ ਅਗਰ ਤੁਹਾਨੂੰ ਮੇਰੇ ਨਾਲ ਮੁਹੱਬਤ ਸੀ ਤੇ ਤੁਸੀਂ ਮੇਰੇ ਨਾਲ ਸ਼ਾਦੀ ਕਿਉਂ ਨਹੀਂ ਕੀਤੀ। ਕ੍ਰਿਸ਼ਨ ਜੀ ਨੇ ਹੱਸ ਕੇ ਕਿਹਾ ਸੀ ਕਿ ਅਸੀਂ ਦੋ ਨਹੀਂ ਹਾਂ , ਮੇਰਾ ਵਾਸ ਤੇਰੀ ਆਤਮਾ ਵਿੱਚ ਤੇ ਤੇਰਾ ਵਾਸ ਮੇਰੀ ਆਤਮਾ ਵਿੱਚ ਹੈ । ਅਸੀਂ ਅਲੱਗ ਨਹੀਂ ਇਕ ਹਾਂ । ਇਹ ਮੁਹੱਬਤ ਹੈ ।
ਕਈ ਲੋਕ ਸਵਾਲ ਕਰਦੇ ਨੇ ਕਿ ਮੁਹੱਬਤ ਤੇ ਪਸੰਦ ਵਿੱਚ ਕੀ ਫਰਕ ਹੈ । ਇਸ ਵਿੱਚ ਕੋਈ ਖ਼ਾਸ ਫਰਕ ਨਹੀਂ ਹੈ , ਪਸੰਦ ਵਿੱਚ ਸੰਬੰਧ ਰਸਮੀ ਹੁੰਦੇ ਨੇ ਤੇ ਮੁਹੱਬਤ ਵਿੱਚ ਗ਼ੈਰ ਰਸਮੀ ।
ਅਸਲੀ ਮੁਹੱਬਤ ਤੇ ਰੂਹ ਦਾ ਰਿਸ਼ਤਾ ਹੁੰਦਾ ਹੈ ਜੋ ਇਨਸਾਨ ਨੂੰ ਇਬਾਬਤ ਤੱਕ ਲੈ ਜਾਂਦਾ ਹੈ । ਮਹਿਸੂਸ ਕੀਤੀ ਜਾਂਦੀ ਹੈ ਮੁਹੱਬਤ । ਇਸ ਵਿੱਚ ਪਾਕੀਜ਼ਦੀ ਹੈ , ਸਮਝਣ ਵਾਲੀ ਪਾਰਖੂ ਨਜ਼ਰ ਹੋਣੀ ਚਾਹੀਦੀ ਹੈ । ਮੁਹੱਬਤ ਕਰਨੀ ਕੋਈ ਪਾਪ ਜਾਂ ਗੁਨਾਹ ਨਹੀਂ ਹੈ , ਬਸ਼ਰਤੇ ਕਿ ਇਹ ਰੂਹ ਤੋਂ ਹੋਣੀ ਚਾਹੀਦੀ ਹੈ ।
( ਜਿਨ ਪ੍ਰੇਮ ਕੀਓ ਤਿਨਿ ਹੀ ਪ੍ਰਭਿ ਪਾਇਓ )
ਇਹ ਮੁੱਹਬਤ ਕੀ ਹੈ , ਕਿਸੇ ਨੂੰ ਸੋਚਣਾ , ਫਿਰ ਮੁਸਕਰਾਉਣਾ , ਤੇ ਫਿਰ ਹੰਝੂ ਬਹਾਉਣੇ ਤੇ ਫਿਰ ਉਸਦੀ ਯਾਦ ਵਿੱਚ ਸੌ ਜਾਣਾ । ਉਸ ਮੁਹੱਬਤ ਵਿੱਚ ਕਿੰਨੀਬੇਬਸੀ , ਲਾਚਾਰੀ , ਤੜਪ ਤੇ ਬਿਰਹੋਂ ਹੁੰਦਾ ਹੈ । ਇਹੀ ਤੇ ਮੁਹੱਬਤਹੁੰਦੀਹੈ ।
ਮੁਹੱਬਤ ਤੇ ਰੱਬ ਨਾਲ ਵੀ ਇਨਸਾਨ ਦੀ ਅਥਾਹ ਹੁੰਦੀ ਹੈ । ਮੁਹੱਬਤ ਦੀ ਇੰਤਹਾ ਕੋਈ ਨਹੀਂ ਪਾ ਸਕਦਾ ।ਗੁਰਬਾਣੀ ਵਿੱਚ ਵੀ ਦਰਜ ਹੈ ..
( ਜਿਸ ਪਿਆਰੇ ਸਿਉ ਨੇਹੁ
ਤਿਸ ਆਗੈ ਮਰਿ ਚਲੀਐ ।
ਧ੍ਰਿਗੁ ਜੀਵਣੁ ਸੰਸਾਰਿ
ਤਾ ਕੈ ਪਾਛੈ ਜੀਵਣਾ )

( ਰਮਿੰਦਰ ਰੰਮੀ )