ਦੁਧਾਰੂ ਪਸ਼ੂਆਂ ਵਿੱਚ ਸੈਕਸਡ ਸੀਮਨ ਵਰਤਣਾ ਫਾਇਦੇਮੰਦ ਤੇ ਬਿਲਕੁਲ ਸੁਰੱਖਿਅਤ –ਸੀਨੀਅਰ ਵੈਟਸ ਐਸੋਸੀਏਸ਼ਨ
ਬਲਵਿੰਦਰ ਔਲਖ ਨੂੰ ਅਪਣੇ ਦਾਅਵਿਆਂ ਨੂੰ ਸਹੀ ਸਿੱਧ ਕਰਨ ਦੀ ਦਿੱਤੀ ਚੁਣੌਤੀ ਕੇਸ ਦਰਜ ਕਰਨ ਦੀ ਕੀਤੀ ਮੰਗ
ਮੋਹਾਲੀ 29 ਮਈ (ਵਰਲਡ ਪੰਜਾਬੀ ਟਾਈਮਜ਼)
ਸੀਨੀਅਰ ਵੈਟਸ ਐਸੋਸੀਏਸ਼ਨ ਨੇ ਅਖੌਤੀ ਵਿਗਿਆਨੀ ਡਾ. ਬਲਵਿੰਦਰ ਸਿੰਘ ਔਲਖ ਵੱਲੋਂ ਪਸ਼ੂਆਂ ਵਿੱਚ ਵਰਤੇ ਜਾਂਦੇ ਸੈਕਸਡ ਸੀਮਨ ਵਿਰੁੱਧ ਪਿਛਲੇ ਦਿਨੀਂ ਅਖ਼ਬਾਰਾਂ ਵਿੱਚ ਕੀਤੇ ਕੂੜ ਪ੍ਰਚਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਇਸ ਮਸਲੇ ‘ਤੇ ਪਸ਼ੂ ਪਾਲਕਾਂ ਨੂੰ ਗੁੰਮਰਾਹ ਕਰਨ ਅਤੇ ਅਫਵਾਹ ਫੈਲਾਉਣ ਵਿਰੁੱਧ ਮਹਿਕਮਾ ਪਸ਼ੂ ਪਾਲਣ ਤੋਂ ਇਸ ਤਥਾ ਕਥਿਤ ਪਸ਼ੂ ਵਿਗਿਆਨੀ ‘ਤੇ ਕੇਸ ਦਰਜ ਕਰਨ ਦੀ ਕੀਤੀ ਮੰਗ ਕੀਤੀ ਹੈ |
ਪੰਜਾਬ ਸੀਨੀਅਰ ਵੈਟਸ ਐਸੋਸੀਏਸ਼ਨ ਨੇ ਅੱਜ ਇੱਥੇ ਇਸ ਮਸਲੇ ਤੇ ਕੀਤੀ ਅਪਣੀ ਹੰਗਾਮੀ ਮੀਟਿੰਗ ਵਿੱਚ ਉਕਤ ਵਿਗਿਆਨੀ ਵੱਲੋਂ ਕੀਤੇ ਗਏ ਝੂਠੇ ਅਤੇ ਗੁੰਮਰਾਹਕੁੰਨ ਦਾਅਵਿਆਂ ਦਾ ਗੰਭੀਰ ਨੋਟਿਸ ਲਿਆ ਹੈ। ਪਸ਼ੂ ਪਾਲਣ ਵਿਭਾਗ ਪੰਜਾਬ ਦੇ ਸਾਬਕਾ ਸੰਯੁਕਤ ਨਿਰਦੇਸ਼ਕ ਅਤੇ ਮੈਂਬਰ ਪੰਜਾਬ ਸਟੇਟ ਵੈਟਰਨਰੀ ਕੌਂਸਲ ਡਾ: ਗੁਰਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਬਲਬੀਰ ਸਿੰਘ ਰਾਜੇਵਾਲ ਵਰਗਾ ਕਿਸਾਨ ਆਗੂ ਜੋ ਬਹੁਤ ਸੂਝਵਾਨ ਅਤੇ ਹਮੇਸ਼ਾ ਤਰਕ ਨਾਲ ਗੱਲ ਕਰਦਾ ਸੀ, ਨੂੰ ਕਿਵੇਂ ਬੇਵਕੂਫ਼ ਬਣਾਇਆ ਜਾ ਸਕਦਾ ਹੈ। ਜਿੰਮੇਵਾਰ ਕਿਸਾਨ ਆਗੂਆਂ ਨੂੰ ਇਸ ਅਖੌਤੀ ਵਿਗਿਆਨੀ ਦੇ ਪਿਛੋਕੜ ਅਤੇ ਇਸਦੀ ਝੂਠੀ ਪਹਿਚਾਣ ਦੀ ਜਾਂਚ ਕਰਨੀ ਚਾਹੀਦੀ ਸੀ। ਪੰਜਾਬ ਗਊ ਸੇਵਾ ਕਮਿਸ਼ਨ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਡਾ: ਨਿਤਿਨ ਕੁਮਾਰ ਗੁਪਤਾ ਅਤੇ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਸਾਬਕਾ ਨਿਰਦੇਸ਼ਕ ਡਾ: ਸੰਜੀਵ ਖੋਸਲਾ ਨੇ ਕਿਹਾ ਕਿ ਗਾਵਾਂ ਮੱਝਾਂ ਵਿੱਚ ਸੈਕਸਡ ਸੀਮਨ ਦੀ ਵਰਤੋਂ ਕਰਨ ਨਾਲ ਸਿਰਫ ਤੇ ਸਿਰਫ ਮਾਦਾ ਪਸ਼ੂ ਭਾਵ ਵੱਛੀਆਂ ਤੇ ਕੱਟੀਆਂ ਹੀ ਪੈਦਾ ਹੁੰਦੀਆਂ ਹਨ ਅਤੇ ਬੇਲੋੜੇ ਨਰ ਪਸ਼ੂ ਭਾਵ ਵੱਛਿਆਂ ਅਤੇ ਕੱਟਿਆ ਤੋਂ ਨਿਜਾਤ ਪਾਈ ਜਾ ਸਕਦੀ ਹੈ | ਜਿਸ ਨਾਲ ਦੁੱਧ ਉਤਪਾਦਨ ਅਤੇ ਕਿਸਾਨਾਂ ਦੀ ਆਰਥਿਕਤਾ ਵਿੱਚ ਵਾਧਾ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਦੁਨੀਆ ਦੇ ਕਈ ਹਿੱਸਿਆਂ ‘ਚ ਸੈਕਸਡ ਸੀਮਨ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ। ਭਾਰਤ ਵਿੱਚ ਇਸ ਦੀ ਵਧੇਰੇ ਮਹੱਤਤਾ ਹੈ ਕਿਉਂਕਿ ਗਊ ਹੱਤਿਆ ਰੋਕੂ ਐਕਟ ਦੇ ਤਹਿਤ ਨਰ ਵੱਛਿਆਂ ਨੂੰ ਮਾਰਨ ਦੀ ਇਜਾਜ਼ਤ ਨਹੀਂ ਹੈ, ਇਸ ਲਈ ਕਿਸਾਨਾਂ ਦੁਆਰਾ ਉਨ੍ਹਾਂ ਨੂੰ ਸੜਕਾਂ ‘ਤੇ ਘੁੰਮਣ ਲਈ ਛੱਡ ਦਿੱਤਾ ਜਾਂਦਾ ਹੈ ਜੋ ਕਈ ਵਾਰ ਗੰਭੀਰ ਹਾਦਸਿਆਂ ਦਾ ਕਾਰਨ ਬਣ ਜਾਂਦੇ ਹਨ। ਸਾਬਕਾ ਡਿਪਟੀ ਡਾਇਰੈਕਟਰ ਅੰਕੜਾ ਡਾ: ਦੇਸ਼ ਦੀਪਕ ਗੋਇਲ ਨੇ ਕਿਹਾ ਕਿ ਅੰਦਾਜ਼ਾ ਲਗਾਇਆ ਗਿਆ ਹੈ ਕਿ ਸੂਬੇ ਦੇ ਵੱਖ-ਵੱਖ ਕਸਬਿਆਂ ਅਤੇ ਪਿੰਡਾਂ ਵਿੱਚ 1.25 ਲੱਖ ਤੋਂ ਵੱਧ ਅਵਾਰਾ ਪਸ਼ੂ ਘੁੰਮ ਰਹੇ ਹਨ, ਜੋ ਨਾ ਸਿਰਫ਼ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਕਰਦੇ ਹਨ ਸਗੋਂ ਰੋਜ਼ਾਨਾ ਕਈ ਜਾਨਲੇਵਾ ਹਾਦਸੇ ਵੀ ਵਾਪਰਦੇ ਹਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਅਜਿਹੇ ਗੋਕੇ ਨਰ ਪਸੂ ਸਮਾਜ ਅਤੇ ਦੇਸ਼ ਉੱਪਰ ਬੇਲੋੜਾ ਬੋਝ ਬਣੇ ਹੋਏ ਹਨ | ਉਨ੍ਹਾਂ ਕਿਹਾ ਕਿ ਸੈਕਸ ਸੋਰਟਡ ਵੀਰਜ ਦੀ ਵਰਤੋਂ ਕਰਨ ਨਾਲ ਨਰ ਵੱਛਿਆਂ ਦੀ ਆਬਾਦੀ ਘਟੇਗੀ ਜਿਸ ਨਾਲ ਅਵਾਰਾ ਪਸ਼ੂਆਂ ਦੀ ਆਬਾਦੀ ਘਟਾਉਣ ਵਿਚ ਵੀ ਕੁਝ ਰਾਹਤ ਮਿਲੇਗੀ।