ਰਿਤੇਸ਼ ਆਪਣੀ ਨਵ-ਵਿਆਹੀ ਵਹੁਟੀ ਨਾਲ ਘਰ ਦੇ ਦਰਵਾਜ਼ੇ ਤੇ ਖੜ੍ਹਾ ਸੀ। ਮਾਲਤੀ ਆਪਣੀ ਬਦਸ਼ਗਨੀ ਦਾ ਪਰਛਾਵਾਂ ਬਹੂ-ਬੇਟੇ ਤੇ ਨਹੀਂ ਪੈਣ ਦੇਣਾ ਚਾਹੁੰਦੀ ਸੀ। ਇਸਲਈ ਉਹ ਘਰ ਦੇ ਮੁੱਖ ਦਰਵਾਜ਼ੇ ਤੇ ਨਾ ਆਈ।
ਵਹੁਟੀ ਨੇ ਜਦੋਂ ਨਜ਼ਰ ਚੁੱਕ ਕੇ ਏਧਰ ਓਧਰ ਵੇਖਿਆ ਤਾਂ ਉਹਨੂੰ ਆਪਣੀ ਸੱਸ ਕਿਤੇ ਵਿਖਾਈ ਨਾ ਦਿੱਤੀ। ਉਹਨੇ ਝੱਟ ਆਪਣੇ ਪਤੀ ਰਿਤੇਸ਼ ਤੋਂ ਪੁੱਛਿਆ, “ਕੀ ਮਾਂ ਜੀ ਸਾਡੇ ਵਿਆਹ ਤੋਂ ਖੁਸ਼ ਨਹੀਂ? ਉਹ ਸਾਡਾ ਸਵਾਗਤ ਕਰਨ ਕਿਉਂ ਨਹੀਂ ਆਏ?” “ਓ… ਨਹੀਂ ਬਹੂ…ਤੇਰੀ ਸੱਸ ਤਾਂ ਬਹੁਤ ਖੁਸ਼ ਹੈ। ਤੈਨੂੰ ਤਾਂ ਪਤਾ ਹੀ ਹੈ ਬਹੂ, ਤੇਰੀ ਸੱਸ ਵਿਧਵਾ ਹੈ ਤੇ ਵਿਧਵਾ ਦਾ ਸ਼ੁਭ ਕੰਮ ਵਿੱਚ ਸ਼ਾਮਲ ਹੋਣਾ ਚੰਗਾ ਨਹੀਂ ਸਮਝਿਆ ਜਾਂਦਾ।” ਚਾਚੀ ਸੱਸ ਬੋਲੀ।
“ਇਹ ਕੀ ਗੱਲ ਹੋਈ? ਮਾਂ ਤਾਂ ਮਾਂ ਹੁੰਦੀ ਹੈ, ਵਿਧਵਾ ਜਾਂ ਸੁਹਾਗਣ ਨਹੀਂ। ਜਦੋਂ ਤੱਕ ਮਾਂ ਜੀ ਨਹੀਂ ਆਉਣਗੇ, ਅਸੀਂ ਘਰ-ਪ੍ਰਵੇਸ਼ ਨਹੀਂ ਕਰਾਂਗੇ।” ਬਹੂ ਆਪਣੀ ਗੱਲ ਤੇ ਅਡੋਲ ਜਾਪੀ। ਰਿਤੇਸ਼ ਜਿਵੇਂ ਨੀਂਦ ਤੋਂ ਜਾਗਿਆ ਹੋਵੇ, ਉਹ ਵੀ ਬੋਲਿਆ, “ਹਾਂ, ਤੂੰ ਠੀਕ ਕਹਿ ਰਹੀ ਹੈਂ। ਜਦੋਂ ਤੱਕ ਮਾਂ ਨਹੀਂ ਆਵੇਗੀ, ਅਸੀਂ ਦਰਵਾਜ਼ੇ ਤੇ ਹੀ ਖੜ੍ਹੇ ਰਹਾਂਗੇ।”
ਕੁਝ ਔਰਤਾਂ ਝੱਟ ਮਾਲਤੀ ਨੂੰ ਉਹਦੇ ਕਮਰੇ ‘ਚੋਂ ਲੈ ਆਈਆਂ। ਬਹੂ ਦੀ ਗੱਲ ਜਦੋਂ ਉਹਦੇ ਕੰਨੀਂ ਪਈ ਤਾਂ ਉਹਦੀਆਂ ਅੱਖਾਂ ਭਰ ਆਈਆਂ। ਘਰ ਦੇ ਪ੍ਰਵੇਸ਼-ਦਰਵਾਜ਼ੇ ਤੇ ਆ ਕੇ ਮਾਲਤੀ ਨੇ ਆਪਣੇ ਬਹੂ-ਬੇਟੇ ਨੂੰ ਗਲੇ ਲਾ ਕੇ ਸਵਾਗਤ ਕੀਤਾ। ਦੋਹਾਂ ਦੀ ਆਰਤੀ ਉਤਾਰੀ। ਉੱਥੇ ਖੜ੍ਹੇ ਲੋਕ ਵੀ ਭਾਵਕ ਹੋ ਗਏ। ਨਵੀਂ ਬਹੂ ਨੂੰ ਢੇਰ ਦੁਆਵਾਂ ਦਿੱਤੀਆਂ। ਮਾਲਤੀ ਨੂੰ ਆਪਣੀ ਬਹੂ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਸੀ। ਉਹ ਖ਼ੁਦ ਨੂੰ ਖ਼ੁਸ਼ਕਿਸਮਤ ਸਮਝ ਰਹੀ ਸੀ ਕਿ ਉਹਨੂੰ ਅਗਾਂਹਵਧੂ ਸੋਚ ਵਾਲੀ, ਪਰੰਪਰਾ ਨੂੰ ਤੋੜਨ ਵਾਲੀ ਬਹੂ ਮਿਲੀ ਹੈ।

# ਮੂਲ : ਸ਼ੀਲਾ ਸ਼੍ਰੀਵਾਸਤਵ, ਇੰਦੌਰ (ਮੱਧਪ੍ਰਦੇਸ਼)
# ਅਨੁ : ਪ੍ਰੋ. ਨਵ ਸੰਗੀਤ ਸਿੰਘ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.