ਫਰੀਦਕੋਟ , 24 ਅਪੈ੍ਰਲ (ਵਰਲਡ ਪੰਜਾਬੀ ਟਾਈਮਜ਼)
ਕਾਂਗਰਸ ਪਾਰਟੀ ਵਲੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਅਮਰਜੀਤ ਕੌਰ ਸਾਹੋਕੇ ਨੂੰ ਉਮੀਦਵਾਰ ਐਲਾਨਣ ਨਾਲ ਇਸ ਹਲਕੇ ਤੋਂ ਮੁਕਾਬਲਾ ਚਹੁਕੌਨਾ ਜਾਂ ਬਹੁਕੋਨਾ ਮੰਨਿਆ ਜਾ ਸਕਦਾ ਹੈ। ਕਿਉਂਕਿ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਕਰਮਜੀਤ ਅਨਮੋਲ, ਭਾਜਪਾ ਵਲੋਂ ਹੰਸ ਰਾਜ ਹੰਸ ਅਕਾਲੀ ਦਲ ਬਾਦਲ ਵਲੋਂ ਰਾਜਵਿੰਦਰ ਸਿੰਘ, ਬਸਪਾ ਵਲੋਂ ਗੁਰਬਖਸ਼ ਸਿੰਘ ਚੌਹਾਨ ਅਤੇ ਅਕਾਲੀ ਦਲ ਮਾਨ ਵਲੋਂ ਜਥੇਦਾਰ ਬਲਦੇਵ ਸਿੰਘ ਗਗੜਾ ਦੇ ਨਾਵਾਂ ਦਾ ਐਲਾਨ ਹੋ ਚੁੱਕਾ ਹੈ, ਜਦਕਿ ਜਸਟਿਸ ਜੋਰਾ ਸਿੰਘ, ਸਰਬਜੀਤ ਸਿੰਘ ਖਾਲਸਾ, ਪ੍ਰੋ ਭੋਲਾ ਯਮਲਾ, ਅਵਤਾਰ ਸਿੰਘ ਸਹੋਤਾ ਆਦਿਕ ਨੇ ਇਸ ਹਲਕੇ ਤੋਂ ਆਜਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰਨ ਦਾ ਦਾਅਵਾ ਕੀਤਾ ਹੈ। ਇਸ ਹਲਕੇ ਤੋਂ ਅਮਰਜੀਤ ਕੌਰ ਸਾਹੋਕੇ ਇਕੱਲੀ ਔਰਤ ਉਮੀਦਵਾਰ ਹੋਵੇਗੀ। ਜਿਕਰਯੋਗ ਹੈ ਕਿ ਅਮਰਜੀਤ ਕੌਰ ਸਾਹੋਕੇ ਸਾਲ 2017 ਵਿੱਚ ਅਕਾਲੀ ਦਲ ਬਾਦਲ ਦੀ ਟਿਕਟ ’ਤੇ ਵਿਧਾਨ ਸਭਾ ਹਲਕਾ ਜਗਰਾਉਂ ਤੋਂ ਚੋਣ ਲੜ ਚੁੱਕੀ ਹੈ ਪਰ ਹਾਰ ਜਾਣ ਤੋਂ ਬਾਅਦ ਉਸ ਨੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਦਾ ਪੱਲਾ ਫੜ ਲਿਆ ਸੀ। ਇਕ ਪਾਸੇ ਟਕਸਾਲੀ ਕਾਂਗਰਸੀਆਂ ’ਚ ਸ਼ਾਮਲ ਸੁਖਵਿੰਦਰ ਸਿੰਘ ਡੈਨੀ, ਪਰਮਿੰਦਰ ਸਿੰਘ ਡਿੰਪਲ ਅਤੇ ਇਸ ਹਲਕੇ ਤੋਂ ਹੋਰ ਦਾਅਵੇਦਾਰਾਂ ਨੇ ਅਮਰਜੀਤ ਕੋਰ ਸਾਹੋਕੇ ਦੀ ਟਿਕਟ ਦਾ ਵਿਰੋਧ ਕੀਤਾ ਹੈ ਅਤੇ ਮੌਜੂਦਾ ਸਾਂਸਦ ਮੁਹੰਮਦ ਸਦੀਕ ਦੇ ਸਮਰਥਕ ਵੀ ਉਕਤ ਟਿਕਟ ਤੋਂ ਨਾਖੁਸ਼ ਹਨ ਪਰ ਅਮਰਜੀਤ ਕੌਰ ਸਾਹੋਕੇ ਦੇ ਮੈਦਾਨ ਵਿੱਚ ਆਉਣ ਨਾਲ ਅਕਾਲੀ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਦਾ ਨੁਕਸਾਨ ਹੋਣਾ ਸੁਭਾਵਿਕ ਹੈ, ਕਿਉਂਕਿ ਅਮਰਜੀਤ ਕੌਰ ਦੇ ਪਰਿਵਾਰ ਦਾ ਮੋਗਾ ਜਿਲੇ ਵਿੱਚ ਅੱਜ ਵੀ ਵੋਟ ਬੈਂਕ ਹੈ ਅਤੇ ਰਾਜਵਿੰਦਰ ਸਿੰਘ ਵੀ ਮੋਗਾ ਜਿਲੇ ਨਾਲ ਸਬੰਧਤ ਹਨ।