ਕੋਟਕਪੂਰਾ, 25 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਦਸਮੇਸ਼ ਪਬਲਿਕ ਸਕੂਲ ਦੇ ਬੱਚੇ ਜਿੱਥੇ ਪੜਾਈ ਵਿੱਚ ਆਪਣਾ ਸਿਰਮੌਰ ਸਥਾਨ ਰੱਖਦੇ ਹਨ, ਉੱਥੇ ਉਹ ਖੇਡਾਂ ਦੇ ਖੇਤਰ ਵਿੱਚ ਵੀ ਪਿੱਛੇ ਨਹੀਂ। ਬੀਤੇ ਬੁੱਧਵਾਰ ਵਾਲੇ ਦਿਨ ਬੱਚਿਆਂ ਨੇ ਵਿਰਾਸਤੀ ਖੇਡਾਂ ਖੇਡ ਕੇ ਸਭ ਦਾ ਦਿਲ ਜਿੱਤ ਲਿਆ। ਉਹਨਾਂ ਨੇ ਬਾਂਦਰ ਕਿੱਲਾ, ਅੰਨਾ ਝੋਟਾ, ਲੰਗੜਾ ਸ਼ੇਰ ਤੇ ਕੋਟਲਾ ਛਪਾਕੀ ਵਰਗੀਆਂ ਅਨੇਕਾਂ ਖੇਡਾਂ ਖੇਡ ਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਖੇਡ-ਸਮਾਗਮ ਦੇ ਅੰਤ ਵਿੱਚ ਸਕੂਲ ਮੁਖੀ ਅਜੇ ਕੁਮਾਰ ਸ਼ਰਮਾ ਨੇ ਆਪਣੇ ਕੀਮਤੀ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਵਿਰਾਸਤੀ ਖੇਡਾਂ ਸਾਡੇ ਸੱਭਿਆਚਾਰ ਦਾ ਅਮੁੱਲ ਸਰਮਾਇਆ ਹਨ। ਇਹਨਾਂ ਖੇਡਾਂ ਨੂੰ ਖੇਡ ਕੇ ਜਿੱਥੇ ਬੱਚਿਆਂ ਵਿੱਚ ਅਨੁਸ਼ਾਸਨ ਦੀ ਭਾਵਨਾ ਪੈਦਾ ਹੁੰਦੀ ਹੈ, ਉੱਥੇ ਜਿੱਤ-ਹਾਰ ਨੂੰ ਕਬੂਲਣ ਦੀ ਸਮਰੱਥਾ ਵੀ ਪੈਦਾ ਹੁੰਦੀ ਹੈ। ਉਹਨਾਂ ਅੱਗੇ ਕਿਹਾ ਕਿ ਇਹ ਸਭ ਪ੍ਰਾਇਮਰੀ ਵਿੰਗ ਦੇ ਮੁੱਖ ਕੋਆਰਡੀਨੇਟਰ ਸ਼੍ਰੀਮਤੀ ਹਰਬਿੰਦਰ ਕੌਰ ਬਰਾੜ ਦੀ ਯੋਗ ਅਗਵਾਈ ਤੇ ਸਰੀਰਕ ਸਿੱਖਿਆ ਅਧਿਆਪਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੋਇਆ ਹੈ। ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਡਾਇਰੈਕਟਰ ਜਸਬੀਰ ਸਿੰਘ ਸੰਧੂ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਦਸਮੇਸ਼ ਸਕੂਲ ਦੀਆਂ ਪ੍ਰਾਪਤੀਆਂ ਹੁਣ ਨਿੱਜ ਤੱਕ ਸੀਮਤ ਨਹੀਂ ਰਹੀਆਂ, ਇਹ ਪੂਰੇ ਇਲਾਕੇ ਦਾ ਮਾਣ ਬਣ ਚੁੱਕੀਆਂ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਕੂਲ ਦਾ ਸਮੁੱਚਾ ਸਟਾਫ ਅਤੇ ਵਿਦਿਆਰਥੀ ਵੀ ਹਾਜਰ ਸਨ।