ਰਾਜਾ ਭੋਜ ਦੇ ਦਰਬਾਰ ਵਿੱਚ ਇੱਕ ਵਿਦਵਾਨ ਆਇਆ। ਉਹ ਬਹੁਤ ਸਾਰੀਆਂ ਭਾਸ਼ਾਵਾਂ ਬਿਨਾਂ ਰੁਕਿਆਂ ਬੋਲ ਸਕਦਾ ਸੀ। ਭੋਜ ਇਹ ਜਾਣਨਾ ਚਾਹੁੰਦਾ ਸੀ ਕਿ ਉਹਦੀ ਮਾਤਭਾਸ਼ਾ ਕਿਹੜੀ ਹੈ। ਪਰ ਸੰਕੋਚਵੱਸ ਪੁੱਛ ਨਾ ਸਕਿਆ।
ਵਿਦਵਾਨ ਦੇ ਜਾਣ ਪਿੱਛੋਂ ਰਾਜੇ ਨੇ ਆਪਣੀ ਸ਼ੰਕਾ ਦਰਬਾਰੀਆਂ ਨੂੰ ਦੱਸੀ ਅਤੇ ਪੁੱਛਿਆ – “ਕੀ ਤੁਹਾਡੇ ‘ਚੋਂ ਕੋਈ ਦੱਸ ਸਕਦਾ ਹੈ ਕਿ ਵਿਦਵਾਨ ਦੀ ਮਾਤਭਾਸ਼ਾ ਕਿਹੜੀ ਹੈ।”
ਵਿਦੂਸ਼ਕ ਨੇ ਕਿਹਾ – “ਅੱਜ ਨਹੀਂ ਤਾਂ ਕੱਲ੍ਹ ਮੈਂ ਪਤਾ ਲਾ ਕੇ ਦੱਸ ਦਿਆਂਗਾ ਕਿ ਉਹਦੀ ਮਾਤਭਾਸ਼ਾ ਕੀ ਹੈ।” ਅਗਲੇ ਦਿਨ ਨਿਸ਼ਚਿਤ ਸਮੇਂ ਤੇ ਵਿਦਵਾਨ ਪੰਡਤ ਆਇਆ ਅਤੇ ਦਰਬਾਰ ਖਤਮ ਹੋਣ ਤੇ ਜਾਣ ਲੱਗਿਆ ਤਾਂ ਵਿਦੂਸ਼ਕ ਨੇ ਉਹਨੂੰ ਪੌੜੀਆਂ ਤੋਂ ਧੱਕਾ ਦੇ ਦਿੱਤਾ। ਜਿਸ ਭਾਸ਼ਾ ਵਿੱਚ ਉਹ ਵਿਦੂਸ਼ਕ ਨੂੰ ਗਾਲਾਂ ਕੱਢ ਰਿਹਾ ਸੀ, ਉਹਨੂੰ ਹੀ ਉਹਦੀ ਮਾਤਭਾਸ਼ਾ ਮੰਨ ਲਿਆ ਗਿਆ।
ਪ੍ਰਤੀਕਰਮ ਵਜੋਂ ਰਾਜੇ ਨੇ ਵੀ ਵਿਦੂਸ਼ਕ ਨੂੰ ਬੁਰਾ-ਭਲਾ ਕਿਹਾ ਅਤੇ ਮਨ ਹੀ ਮਨ ਉਹਦੀ ਸੂਝ ਦੀ ਪ੍ਰਸ਼ੰਸਾ ਕੀਤੀ। ਵਿਦਵਾਨ ਦੇ ਜਾਣ ਪਿੱਛੋਂ ਵਿਦੂਸ਼ਕ ਬੋਲਿਆ – “ਤੋਤਾ ਉਦੋਂ ਤੱਕ ਹੀ ਰਾਮ ਰਾਮ ਕਹਿੰਦਾ ਹੈ, ਜਦੋਂ ਤੱਕ ਕਿਸੇ ਮੁਸੀਬਤ ਵਿੱਚ ਨਹੀਂ ਫੱਸਦਾ। ਪਰ ਜਦੋਂ ਬਿੱਲੀ ਸਾਹਮਣੇ ਆਉਂਦੀ ਹੈ ਤਾਂ ਟੈੰ ਟੈਂ ਕਰਨ ਲੱਗਦਾ ਹੈ। ਇਸੇ ਤਰ੍ਹਾਂ ਮਨੁੱਖ ਵੀ ਗੁੱਸੇ ਵਿੱਚ ਅਸਲੀ ਭਾਸ਼ਾ ਬੋਲਣ ਲੱਗਦਾ ਹੈ।
ਰਾਜੇ ਨੇ ਕਿਹਾ – “ਮੁਸ਼ਕਿਲ ਆਉਣ ਤੇ ਮਨੁੱਖ ਦੀ ਅਸਲੀਅਤ ਦਾ ਪਤਾ ਲੱਗਦਾ ਹੈ। ਸਧਾਰਨ ਸਮੇਂ ਲੋਕ ਪਰਦੇ ਹੇਠ ਛੁਪੇ ਰਹਿੰਦੇ ਹਨ ਪਰ ਮੁਸ਼ਕਿਲ ਦੇ ਸਮੇਂ ਵਿੱਚ ਉਵੇਂ ਹੀ ਵਿਹਾਰ ਕਰਦੇ ਹਨ, ਜਿਵੇਂ ਕਿ ਅਸਲ ਵਿੱਚ ਹੁੰਦੇ ਹਨ।”

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ (ਬਠਿੰਡਾ)