ਮੌਜੂਦਾ ਸੀਜ਼ਨ ਵਿੱਚ ਕਣਕ ਦੀ ਨਾੜ ਨੂੰ ਅੱਗ ਲਾਉਣ ਵਿੱਚ ਵੱਡੀ ਪੱਧਰ ’ਤੇ ਵਾਧੇ ਨੂੰ ਇਕ ਗੰਭੀਰ ਮੁੱਦੇ ਵਜੋਂ ਵੇਖਿਆ ਜਾ ਰਿਹਾ ਹੈ, ਅਜਿਹੇ ਹਾਲਾਤ ਵਿੱਚ ਆਸ ਪਾਸ ਦੇ ਖੇਤਰਾਂ ਵਿੱਚ ਖੇਤਾਂ ਵਿੱਚ ਅੱਗ ਲਾਉਣ ਕਾਰਨ ਗਰਮੀ ਵੱਧ ਰਹੀ ਹੈ।
ਕਿਸਾਨ ਕਣਕ ਦੀ ਬਿਜਾਈ ਕਰਨ ਲਈ ਪਰਾਲੀ ਨੂੰ ਅੱਗ ਲਾ ਦਿੰਦੇ ਹਨ, ਇਸ ਨਾਲ ਖੇਤ, ਮਨੁੱਖਤਾ ਅਤੇ ਪਸ਼ੂ ਪੰਛੀਆਂ ਦੀ ਸਿਹਤ ’ਤੇ ਬੁਰਾ ਅਸਰ ਪੈਂਦਾ ਹੈ। ਅੱਗ ਲਾਉਣ ਨਾਲ ਖੇਤੀ ਲਈ ਚੰਗੇ ਖ਼ੁਰਾਕੀ ਤੱਤ ਸੜ ਜਾਂਦੇ ਹਨ ਅਤੇ ਕੁਦਰਤੀ ਸੋਮਿਆਂ ਦਾ ਨੁਕਸਾਨ ਹੁੰਦਾ ਹੈ।
ਇਕ ਪਾਸੇ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ਼-ਸੁਥਰਾ ਰੱਖਣ ਲਈ ਵੱਧ ਤੋਂ ਵੱਧ ਦਰੱਖ਼ਤ ਲਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ, ਕਿਉਂਕਿ ਦਰੱਖਤ ਸਾਡੀ ਜ਼ਿੰਦਗੀ ’ਚ ਬਹੁਤ ਵਧੀਆ ਭੂਮਿਕਾ ਨਿਭਾਉਂਦੇ ਹਨ ਪਰ ਅੱਗ ਲੱਗਣ ਨਾਲ ਖੇਤਾਂ ’ਚ ਸੈਂਕੜੇ ਦਰੱਖ਼ਤ ਅੱਗ ਦੀ ਲਪੇਟ ’ਚ ਆ ਕੇ ਝੁਲਸੇ ਗਏ ਅਤੇ ਅਨੇਕਾਂ ਕੀੜੇ ਮਕੌੜੇ ਤੇ ਪੰਛੀ ਇਸ ਅੱਗ ਦੀ ਲਪੇਟ ’ਚ ਆ ਕੇ ਮੱਚ ਗਏ, ਕੌਣ ਹੈ ਕਸੂਰਵਾਰ? ਕੌਣ ਹੈ ਜ਼ਿੰਮੇਵਾਰ? ਕਿਸ ਵਿਰੁੱਧ ਹੋਈ ਕਾਰਵਾਈ? ਇਕ ਪਾਸੇ ਲੋਕ ਪੰਛੀਆਂ ਤੇ ਜਾਨਵਰਾਂ ਨੂੰ ਪਿਆਰ ਕਰਦੇ ਹਨ, ਉਨ੍ਹਾਂ ਵਾਸਤੇ ਆਲ੍ਹਣੇ ਬਣਾਉਂਦੇ ਹਨ, ਉਨ੍ਹਾਂ ਦੇ ਪੀਣ ਲਈ ਪਾਣੀ ਰੱਖਦੇ ਹਨ ਪਰ ਦੂਜੇ ਪਾਸੇ ਖੇਤਾਂ ’ਚ ਪੰਛੀਆਂ ਦੇ ਆਲ੍ਹਣੇ ਦਰੱਖਤਾਂ ’ਤੇ ਸੜ ਗਏ ਕਿਸੇ ਆਲ੍ਹਣੇ ’ਚ ਆਂਡੇ ਜਦਕਿ ਕਿਸੇ ’ਚ ਬੱਚੇ ਵੀ ਹੋਣਗੇ। ਧਰਤੀ ’ਤੇ ਫਿਰਦੇ ਕੀੜੇ-ਮਕੌੜਿਆਂ ਨੂੰ ਇਹ ਪਤਾ ਵੀ ਨਹੀਂ ਹੋਣਾ ਕਿ ਉਹ ਭਿਆਨਕ ਅੱਗ ਦੀ ਲਪੇਟ ’ਚ ਆ ਜਾਣਗੇ।
ਅੱਗ ਨਾਲ ਜਿਥੇ ਜਾਨੀ ਨੁਕਸਾਨ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਉਥੇ ਛਾਂਦਾਰ ਰੁੱਖ ਵੀ ਅੱਗ ਦੀ ਭੇਂਟ ਚੜ੍ਹ ਰਹੇ ਹਨ। ਕਿਸਾਨਾਂ ਵਲੋਂ ਨਾੜ ਨੂੰ ਮਿੱਟੀ ’ਚ ਮਿਲਾਉਣ ਦੀ ਬਜਾਇ ਅੱਗ ਦੇ ਹਵਾਲੇ ਕਰਨ ਨੂੰ ਜ਼ਿਆਦਾ ਤਰਜੀਹ ਦੇਣ ਨਾਲ ਆਲੇ-ਦੁਆਲੇ ਲੱਗੇ ਰੁੱਖ ਸਮੇਤ ਫ਼ਲਦਾਰ ਬੂਟੇ ਅੱਗ ਦੀ ਭੇਂਟ ਚੜ੍ਹ ਰਹੇ ਹਨ, ਕਿਉਂਕਿ ਰੁੱਖਾਂ ਦੀ ਗਿਣਤੀ ਘਟਣ ਨਾਲ ਆਕਸੀਜਨ ਦੀ ਲਗਾਤਾਰ ਘਾਟ ਆ ਰਹੀ ਹੈ। ਭਾਵੇਂ ਕਿਸਾਨਾਂ ਦਾ ਅਪਣਾ ਤਰਕ ਹੈ ਕਿ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਤੋਂ ਬਿਨਾਂ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ ਪਰ ਫਿਰ ਵੀ ਇਸ ਮਸਲੇ ਦਾ ਹੱਲ ਰਲ-ਮਿਲ ਕੇ ਕੱਢਣਾ ਚਾਹੀਦਾ ਹੈ, ਸਰਕਾਰ ਅਤੇ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਨੂੰ ਵੀ ਇਸ ਪਾਸੇ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਅੱਗੇ ਤੋਂ ਅਜਿਹਾ ਕੁੱਝ ਨਾ ਵਾਪਰੇ।
ਵਾਤਾਵਰਣ ਪ੍ਰਦੂਸ਼ਣ ਸਾਡੇ ਵੱਡੀ ਸਮੱਸਿਆ ਹੈ, ਜੋ ਮੌਸਮ ’ਚ ਤਬਦੀਲੀ ਵਰਗੇ ਗੰਭੀਰ ਸਿੱਟੇ ਦਾ ਕਾਰਨ ਬਣਦੀ ਹੈ। ਇਹ ਇੱਕ ਗੰਭੀਰ ਮੁੱਦਾ ਹੈ, ਜਿਸ ਨਾਲ ਸਾਨੂੰ ਸਭ ਤੋਂ ਵੱਧ ਚਿੰਤਾ ਕਰਨੀ ਚਾਹੀਦੀ ਹੈ, ਵਾਤਾਵਰਣ ਦੀ ਸੰਭਾਲ ਕਰੋ।
ਹਵਾ ਪ੍ਰਦੂਸ਼ਣ ਕਰ ਕੇ ਸਾਹ ਲੈਣਾ ਹੋਇਆ ਔਖਾ , ਜੇਕਰ ਮਨੁੱਖ ਨੇ ਖ਼ੁਦ ਨੂੰ ਬਚਾਉਣਾ ਹੈ ਤਾਂ ਘੱਟੋ-ਘੱਟ ਇਕ ਦਰੱਖਤ ਜ਼ਰੂਰ ਲਾਵੇ, ਕਿਉਂਕਿ ਹਵਾ, ਪ੍ਰਦੂਸ਼ਣ ਕਾਰਨ ਮਨੁੱਖ ਦਾ ਸਾਹ ਲੈਣਾ ਔਖਾ ਹੋ ਰਿਹਾ ਹੈ। ਹਵਾ ਪ੍ਰਦੂਸ਼ਣ ਅਤੇ ਜਲਵਾਯੂ ਸੰਕਟ ਵਿਚਾਲੇ ਤਾਲਮੇਲ ਬਣਾਉਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਧਰਤੀ ਦਾ ਵਧਦਾ ਤਾਪਮਾਨ ਅਤੇ ਹਵਾ ਪ੍ਰਦੂਸ਼ਣ ‘ਗਲੋਬਲ ਵਾਰਮਿੰਗ’ ਦਾ ਕਾਰਨ ਬਣਦੇ ਹਨ, ਜੋ ਕਿ ਇਕ ਵੱਡਾ ਖ਼ਤਰਾ ਹੈ, ਸਾਡੀ ਧਰਤੀ ’ਤੇ ਪਿਛਲੇ ਸਾਲਾਂ ’ਚ ਭੂਚਾਲ, ਹੜ੍ਹ, ਸੁਨਾਮੀ ਵਰਗੀਆਂ ਘਟਨਾਵਾਂ ਤੇਜ਼ੀ ਨਾਲ ਵਧੀਆਂ ਹਨ। ਇਸ ਦੇ ਪਿੱਛੇ ਦਾ ਕਾਰਨ ਸਾਡੀ ਧਰਤੀ ਦੇ ਈਕੋ-ਸਿਸਟਮ ’ਚ ਆਏ ਬਦਲਾਅ ਅਤੇ ਤੇਜ਼ੀ ਨਾਲ ਵੱਧਦੀ ਗਲੋਬਲ ਵਾਰਮਿੰਗ ਦੇ ਕਾਰਨ ਹੀ ਇਹ ਸਭ ਹੋ ਰਿਹਾ ਹੈ। ਅੱਗ ਲਾਉਣ ਨਾਲ ਤਾਪਮਾਨ ਦਾ ਵੀ ਲਗਾਤਾਰ ਵਾਧਾ ਹੋ ਰਿਹਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਨਾੜ ਨੂੰ ਅੱਗ ਲਾਏ ਜਾਣ ਕਾਰਨ ਜ਼ਮੀਨ ਦੀ ਸ਼ਕਤੀ ’ਚ ਘਾਟਾ ਹੋਣ ਕਾਰਨ ਫਸਲਾਂ ਦਾ ਝਾੜ ਲਗਾਤਾਰ ਘੱਟ ਰਿਹਾ ਹੈ। ਜਿਸ ਦਾ ਕਾਰਨ ਜਾਣਨ ਬਾਰੇ ਕੋਈ ਵੀ ਤਿਆਰ ਨਹੀ।
ਪ੍ਰੇਮ ਸਰੂਪ ਛਾਜਲੀ
Leave a Comment
Your email address will not be published. Required fields are marked with *