ਪੰਜਾਬੀ ਸੱਭਿਆਚਾਰ ਹਰ ਪੱਖ ਤੋਂ ਬਹੁਤ ਅਮੀਰ ਸੱਭਿਆਚਾਰ ਹੈ।ਪੰਜਾਬੀ ਸੱਭਿਆਚਾਰ ਵਿੱਚ ਜਿੱਥੇ ਮਹੀਨਿਆਂ, ਤਿਉਹਾਰਾਂ ਨੂੰ ਸੋਹਣੇ-ਸੋਹਣੇ ਗੀਤਾਂ, ਬੋਲੀਆਂ ਵਿੱਚ ਪਰੋਇਆ ਹੋਇਆ ਹੈ ਉੱਥੇ ਹੀ ਪੰਜਾਬੀ ਸੱਭਿਆਚਾਰ ਵਿੱਚ ਰੁੱਤਾਂ ਦਾ ਵੀ ਬਹੁਤ ਮੱਹਤਵ ਹੈ। ਪੰਜਾਬ ਵਿੱਚ ਅੱਤ ਦੀ ਗਰਮੀ ਹਾੜ੍ਹ ਮਹੀਨੇ ਹੁੰਦੀ ਹੈ। ਹਾੜ੍ਹ ਮਹੀਨਾ ਵਿੱਚ ਗਰਮੀ ਨਾਲ ਢਾਬਾਂ, ਟੋਬੇ, ਚੋਆਂ, ਛੱਪੜ ਸੁੱਕ ਜਾਂਦੇ ਹਨ।ਪਾਣੀ ਦੀ ਘਾਟ ਕਾਰਨ ਫ਼ਸਲਾਂ ਵੀ ਵਿੱਚ-ਵਿੱਚ ਸੁੱਕਣੀਆਂ, ਮੱਚਣੀਆਂ ਸ਼ੁਰੂ ਹੋ ਜਾਂਦੀਆਂ ਹਨ।ਚੁਫੇਰੇ ਗਰਮ-ਗਰਮ ਲੋਆਂ ਵਗਦੀਆਂ ਹਨ। ਪਿੰਡੇ ਮੁੜ੍ਹਕੇ ਨਾਲ ਚਿਉਂਦੇ ਹਨ। ਧੁੱਪ ਚੜ੍ਹਦਿਆਂ ਹੀ ਜਾਨਵਰ ਆਲ੍ਹਣਿਆਂ ਵਿੱਚ ਲੁਕ ਜਾਂਦੇ ਹਨ।ਗਰਮੀ ਨਾਲ ਹਰ ਜੀਵ-ਜੰਤੂ, ਪਸ਼ੂ, ਜਾਨਵਰ, ਬਨਸਪਤੀ ਤ੍ਰਾਹ-ਤ੍ਰਾਹ ਕਰਦਾ ਆਕਾਸ਼ ਵੱਲ ਵੇਖਦਾ ਮੰਗ ਕਰਦਾ ਹੈ ਕਿ ‘ਰੱਬਾ ਮੀਂਹ ਪਾ’।ਪਰ ਹਾੜ੍ਹ ਮਹੀਨੇ ਵਿੱਚ ਕਦੇ ਕਦੇ ਮੀਂਹ ਨਹੀ ਪੈਂਦਾ ਹੈ। ਜਦੋਂ ਸਾਉਣ ਮਹੀਨੇ ਦੀ ਸੰਗਰਾਂਦ ਹੁੰਦੀ ਹੈ ਤਾਂ ਸਾਰੇ ਲੋਕਾਂ ਨੂੰ ਪੂਰਨ ਆਸ ਬੱਝ ਜਾਂਦੀ ਹੈ ਕਿ ਹੁਣ ਤਾਂ ਸਾਉਣ ਚੜ੍ਹ ਗਿਆ ਹੁਣ ਤਾਂ ਮੀਂਹ ਪਵੇਗਾ । ਗੁਰੂ ਨਾਨਕ ਦੇਵ ਜੀ ਵੀ ਗੁਰਬਾਣੀ ਵਿੱਚ ਇਹੋ ਬਿਆਨ ਕਰਦੇ ਹਨ।
ਨਾਨਕ ਸਾਵਣਿ ਜੇ ਵਸੈ, ਚਹੁ ਉਮਾਹਾ ਹੋਇ।
ਨਾਗਾ, ਮਿਰਗਾ ਮਛੀਆ ਰਸੀਆ ਘਰਿ ਧਨੁ ਹੋਇ।
ਭਾਵ ਗੁਰੂ ਨਾਨਕ ਦੇਵ ਜੀ ਵੀ ਗੁਰਬਾਣੀ ਵਿੱਚ ਇਹੋ ਬਿਆਨ ਕਰਦੇ ਹਨ ਕਿ ਸਾਉਣ ਵਿੱਚ ਮੀਂਹ ਪੈਣ ਨਾਲ ਚੁਫੇਰੇ ਖ਼ੁਸ਼ੀਆਂ ਫੈਲ ਜਾਂਦੀਆਂ ਹਨ। ਜਿੱਥੇ ਜੀਵ-ਜੰਤੂ, ਨਾਗ, ਮਿਰਗ, ਮੱਛੀਆਂ ਨੂੰ ਪਾਣੀ ਮਿਲ ਜਾਂਦਾ ਹੈ, ੳੁੱਥੇ ਮੀਂਹ ਨਾਲ ਚੰਗੀਆਂ ਫ਼ਸਲਾਂ ਪੈਦਾ ਹੁੰਦੀਆਂ ਹਨ ਅਤੇ ਘਰ ਵਿੱਚ ਧਨ ਆਉਣ ਲਈ ਵੀ ਰਾਹ ਖੁੱਲ੍ਹ ਜਾਂਦਾ ਹੈ।
ਗੁਰੂ ਰਾਮਦਾਸ ਜੀ ਨੇ ਗੁਰਬਾਣੀ ਵਿੱਚ ਬਿਆਨ ਕੀਤਾ ਹੈ ਕਿ
ਸਾਵਣੁ ਆਇਆ ਝਿਮਝਿਮਾ ਹਰਿ ਗੁਰਮੁਖਿ ਨਾਮੁ ਧਿਆਇ। ਦੁਖ ਭੁਖ ਕਾੜਾ ਸਭੁ ਚੁਕਾਇਸੀ, ਮੀਹ ਵੁਠਾ ਛਹਿਬਰ ਲਾਇ। ਸਭ ਧਰਤ ਭਈ ਹਰਿਆਵਲੀ, ਅੰਨ ਜੰਮਿਆ ਬੋਹਲ ਲਾਇ।
ਭਾਵ ਸਾਉਣ ਦੀ ਝੜੀ ਲੱਗਣ ਨਾਲ ਦੁੱਖ-ਭੁੱਖ ਸਭ ਕੱਟੇ ਜਾਂਦੇ ਹਨ। ਸਾਰੀ ਧਰਤੀ ਹਰਿਆਵਲ ਨਾਲ ਝੂੰਮਣ ਲੱਗਦੀ ਹੈ ਅਤੇ ਅੰਨ ਦੇ ਬੋਹਲ ਲੱਗਣ ਦੀ ਸ਼ੁਰੂਆਤ ਹੋ ਜਾਂਦੀ ਹੈ।
ਸਾਉਣ ਮਹੀਨੇ ਵਿੱਚ ਕਾਲੀਆਂ ਘਟਾਵਾਂ ਚੜ੍ਹਨ, ਬੱਦਲ ਗਰਜਣ ਮੀਂਹ ਦੀ ਛਹਿਬਰ ਲੱਗ ਜਾਂਦੀ ਹੈ। ਮੀਂਹ ਪੈਣ ਨਾਲ ਫ਼ਸਲਾਂ ਝੂੰਮਣ ਲੱਗਦੀਆਂ ਹਨ। ਮੀਂਹ ਪੈਣ ਨਾਲ ਜਿੱਥੇ ਪਸ਼ੂ, ਪੰਛੀ, ਚਿੜੀਆਂ, ਘੁੱਗੀਆਂ, ਕੋਇਲਾਂ,ਗਟਾਰਾਂ, ਪਪੀਹੇ, ਇੱਲਾਂ, ਤੋਤੇ ਸਭ ਖ਼ੁਸ਼ੀ ਦਾ ਰਾਗ ਅਲਾਪਦੇ ਹਨ, ਉੱਥੇ ਮੋਰ ਵੀ ਮਿੱਠੀ-ਮਿੱਠੀ ਧੁਨ ਵਿੱਚ ਆਵਾਜ਼ਾਂ ਕੱਢਦੇ ਹਨ ਅਤੇ ਪੈਲ੍ਹਾਂ ਪਾਉਂਦੇ ਹਨ।ਸਾਉਣ ਮਹੀਨੇ ਵਿੱਚ ਮੋਰਾਂ ਦੀ ਖੁਸ਼ੀ ਨੂੰ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਵਿੱਚ ਕੁਝ ਇਸ ਤਰਾ ਫੁਰਮਾਨ ਕੀਤਾ ਹੈ।
ਮੋਰੀ ਰੁਣ ਝੁਣ ਲਾਇਆ। ਭੈਣੇ ਸਾਵਣੁ ਆਇਆ।
ਸਾਉਣ ਮਹੀਨਾਂ ਕੁੜੀਆਂ ਲਈ ਖੁਸ਼ੀਆਂ ਭਰਿਆ ਮਹੀਨਾ ਹੁੰਦਾ ਹੈ। ਬੇੜੀ ਦੇ ਪੂਰ ਵਾਂਗ ਵਿਛੜ ਕੇ ਸਹੁਰੇ ਘਰ ਗਈਆਂ ਕੁੜੀਆਂ ਨੂੰ ਮੁੜ ਮਿਲਣ ਦਾ ਸਬੱਬ ਵੀ ਸਾਉਣ ਦੀਆਂ ਤੀਆਂ ਵਿੱਚ ਹੀ ਹੁੰਦਾ ਹੈ। ਸਹੇਲੀਆਂ ਨਾਲ ਗੱਲਾਂ ਕਰਕੇ ਮਨ ਹਲਕਾ ਕਰਦੀਆਂ ਹਨ। ਪਹਿਲੇ ਵੇਲਿਆਂ ਵਿੱਚ ਸਾਉਣ ਮਹੀਨੇ ਨੂੰਹ-ਸੱਸ ਆਹਮੋ-ਸਾਹਮਣੇ ਨਹੀਂ ਹੁੰਦੀਆਂ ਸਨ।ਇਸ ਕਰਕੇ ਸੱਜ ਵਿਆਹੀਆਂ ਕੁੜੀਆਂ ਪੇਕੇ ਆ ਜਾਂਦੀਆਂ। ਭਰਾ ਆਪਣੀ ਭੈਣ ਨੂੰ ਸਹੁਰਿਆਂ ਤੋਂ ਲੈ ਜਾਂਦੇ ਹੈ। ਪਰ ਕਈ ਵਾਰੀ ਭਰਾਵਾਂ ਕੋਲ ਇੰਨ੍ਹੀ ਵਿਹਲ ਨਹੀਂ ਹੁੰਦੀ ਕਿ ਉਹ ਆਪਣੀ ਭੈਣ ਨੂੰ ਸਹੁਰੇ ਘਰੋਂ ਆ ਕੇ ਲੈ ਜਾਵੇ।ਉਸ ਵਕਤ ਸੱਸ ਵੀ ਮਿਹਣੇ-ਤਾਹਨੇ ਮਾਰਦੀ ਹੈ।
ਬਹੁਤਿਆਂ ਭਰਾਵਾਂ ਵਾਲੀਏ,ਤੈਨੂੰ ਤੀਆਂ ਨੂੰ ਲੈਣ ਨਾ ਆਏ।
ਤਾਂ ਨੂੰਹ ਜਵਾਬ ਵਿੱਚ ਆਪਣੀ ਸੱਸ ਨੂੰ ਕਹਿੰਦੀ ਹੈ।
ਸੱਸੀਏ ਨੀ ਆਕੜ ਖੋਰੀਏ’ਤੈਥੋਂ ਡਰਦੇ ਲੈਣ ਨਾ ਆਏ“।
ਜਦੋਂ ਕੁੜੀਆਂ ਸਾਹੁਰਿਆਂ ਤੋਂ ਪੇਕੇ ਘਰ ਆ ਜਾਂਦੀਆਂ ਹਨ ਤਾਂ ਸਹੇਲੀਆਂ ਮਿਲਕੇ ਬੈਠਦੀਆਂ ਹਨ ਭਾਵ ਤੀਆਂ ਲੱਗਦੀਆਂ।ਹਰ ਪਿੰਡ ਵਿੱਚ ਤੀਆਂ ਲੱਗਣ ਦੀ ਥਾਂ ਮੁਕੱਰਰ ਹੁੰਦੀ ਹੈ। ਕਈ ਪਿੰਡਾਂ ਵਿੱਚ ਤੀਆਂ ਟੋਬੇ ਦੇ ਆਲੇ ਦੁਆਲੇ, ਪਿੱਪਲਾਂ-ਬੋਹੜਾਂ ਦੇ ਝੁੰਡ ਵਿੱਚ ਲੱਗਦੀਆਂ ਹਨ। ਜਿੱਥੇ ਕੁੜੀਆਂ ਪੀਂਘਾਂ ਝੂਟਦੀਆਂ ਹਨ ਅਤੇ ਗਿੱਧੇ ਦੀਆਂ ਧਮਾਲਾਂ ਪਾਉਂਦੀਆਂ ਹਨ।ਝਾਂਜਰਾਂ ਵਾਲੀਆਂ ਅੱਡੀਆਂ ਦੀ ਧਮਕਾਰ ਇਕਮਿਕ ਹੋ ਜਾਂਦੀ ਹੈ। ਬੋਲੀ ਦੀ ਆਵਾਜ਼ ਸਾਉਣ ਦੀਆਂ ਕਾਲੀਆਂ ਘਟਾਵਾਂ ਚੜ੍ਹ ਆਉਂਦੀਆਂ ਹਨ। ਚਰਖੇ ਕੱਤਦੀਆਂ,ਨੱਚਦੀਆਂ ਸਨ ਤੇ ਇੱਕ ਦੂਜੀ ਨਾਲ ਦੁੱਖ-ਸੁੱਖ ਫੋਲ ਕੇ ਮਨ ਨੂੰ ਹਲਕਾ ਕਰਦੀਆਂ ਸਨ। ਸਾਉਣ ਮਹੀਨੇ ਕੁੜੀਆਂ ਜਦੋਂ ਇੱਕਠੀਆਂ ਹੁੰਦੀਆਂ ਤਾਂ ਸੱਸ ਨੂੰ ਲੈ ਕੇ ਬੋਲੀਆਂ ਪਾਉਦੀਆ।
‘ਸੁਣ ਨੀ ਸੱਸੀਏ ਵੜੇਵੇਂ ਅੱਖੀਏ ਤੈਨੂੰ ਵਾਰ-ਵਾਰ ਸਮਝਾਵਾਂ,ਗਾਲ੍ਹ ਭਰਾਵਾਂ ਦੀ ਮੈ ਨਾ ਡਾਢੀਏ ਖਾਵਾਂ“।
ਜਦੋਂ ਕੁੜੀਆਂ ਦੀਆਂ ਵਿੱਚ ਬੈਠੀਆਂ ਚਰਖੇ ਕੱਤਦੀਆਂ,ਨੱਚਦੀਆਂ, ਪੀਘਾਂ ਝੂਟੀਆਂ ਹਨ ਕਈ ਵਾਰ ਮੀਂਹ ਪੈਣ ਲੱਗ ਜਾਂਦਾ ਹੈ। ਮੁਟਿਆਰਾਂ ਮੀਂਹ ਵਿੱਚ ਭਿੱਜ ਕੇ ਘਰ ਵੜਦੀਆਂ ਹਨ, ਜਿਸ ਦਾ ਵਰਣਨ ਸਾਡੀਆਂ ਲੋਕ ਬੋਲੀਆਂ ਵਿੱਚ ਇੰਜ ਮਿਲਦਾ ਹੈ¸।
ਆਇਆ ਸਾਵਣ ਦਿਲ ਪਰਚਾਵਣ, ਝੜੀ ਲੱਗ ਗਈ ਭਾਰੀ।
ਝੂਟੇ ਲੈਂਦੀ ਮਰੀਆਂ ਭਿੱਜ ਗਈ, ਨਾਲੇ ਰਾਮ ਪਿਆਰੀ।
ਕੁੜਤੀ ਹਰੋ ਦੀ ਭਿੱਜੀ ਵਰੀ ਦੀ। ਨੱਬਿਆਂ ਦੀ ਫੁਲਕਾਰੀ। ਹਰਨਾਮੀ ਦੀ ਸੁੱਥਣ ਭਿੱਜਗੀ। ਬਹੁਤੇ ਗੋਟੇ ਵਾਲੀ।
ਪੀਂਘ ਝੂਟਦੀ ਸੱਸੀ ਡਿੱਗ ਪਈ, ਨਾਲੇ ਨਾਭੇ ਵਾਲੀ।
ਸ਼ਾਮੋ ਕੁੜੀ ਦੀ ਝਾਂਜਰ ਗੁਆਚੀ, ਆ ਰੱਖੀ ਨੇ ਭਾਲੀ।
ਭਿੱਜ ਗਈ ਲਾਜੋ ਵੇ, ਬਹੁਤੇ ਹਰਖਾਂ ਵਾਲੀ।
ਸਾਉਣ ਦਾ ਮਹੀਨਾ ਜਿੱਥੇ ਨੱਚਣ-ਟੱਪਣ ਦਾ ਮਹੀਨਾ ਹੈ, ਉੱਥ੍ ਖਾਣ-ਪੀਣ ਲਈ ਇਸ ਮਹੀਨਾ ਖੀਰ, ਪੂੜਿਆਂ, ਗੁਲਗਲੇ, ਮੱਠੀਆਂ, ਲਈ ਵਿਸੇਸ ਹੈ। ਸਾਉਣ ਮਹੀਨੇ ਵਿੱਚ। ਖਾਸ ਕਰਕੇ ਘਰਾਂ ਦੀਆਂ ਸੁਆਣੀਆਂ ਖੀਰ ਪੂੜੇ ਜ਼ਰੂਰ ਬਣੇ ਜਾਂਦੇ ਹੈ। ਇਸ ਦਾ ਜ਼ਿਕਰ ਸਾਡੇ ਪੰਜਾਬੀ ਲੋਕ ਗੀਤ ਅਤੇ ਕਹਾਵਤ ਵਿੱਚ ਹੈ।
ਸਾਉਣ ਮਹੀਨੇ ਬੱਦਲ ਜ਼ੋਰ। ਵਰ੍ਹਦਾ ਮੀਂਹ ਕਿਨਾਰੇ ਤੋੜ। ਤੀਆਂ, ਰੱਖੜੀਆਂ ਦੇ ਚਾਅ। ਖਾਈਏ ਪੂੜੇ, ਖੀਰ, ਕੜਾਹ।
ਇਹ ਕਹਾਵਤ ਹੈ ਕਿ ‘ਸਾਉਣ ਖੀਰ ਨਾ ਖਾਧੀਆ, ਕਿਉਂ ਜੰਮਿਆਂ ਅਪਰਾਧੀਆਂ’।
ਸਾਉਣ ਮਹੀਨੇ ਵਿੱਚ ਕੁੜੀਆਂ ਇੱਕਠੀਆਂ ਹੋ ਕੇ ਗੁੱਡੀ ਫੂਕਦੀਆਂ ਹਨ ਅਤੇ ਗੀਤ ਗਾਉਂਦੀਆਂ
ਕਾਲੀਆਂ ਇੱਟਾਂ ਕਾਲੇ ਰੋੜ ਮੀਂਹ ਵਰ੍ਹਾ ਦੇ ਜੋਰੋ ਜੋਰ£”ਰੱਬਾ-ਰੱਬਾ ਮੀਂਹ ਵਸਾ,ਸਾਡੀ ਕੋਠੀ ਦਾਣੇ ਪਾ’।
ਇਹ ਮੰਨਿਆਂ ਜਾਂਦਾ ਸੀ ਕਿ ਗੱਡੀ ਫੂਕਣ ਨਾਲ ਮੀਂਹ ਪੈਦਾ ਹੈ। ਗੁੱਡੀ ਫੁਕਣ ਤੋਂ ਇਲਾਵਾ ਸਾਉਣ ਮਹੀਨੇ ਹੀ ਅੰਬਾਂ ਤੇ ਜਵਾਨੀ ਆਉਂਦੀ ਹੈ।ਇਸ ਸਮੇਂ ਬਾਗਾਂ ਵਿੱਚ ਅੰਬੀਆਂ ਦੀਆਂ ਟਾਹਣੀਆਂ ਅੰਬਾਂ ਦੇ ਭਾਰ ਨਾਲ ਲਟਕਦੀਆਂ ਦਿਖਾਈ ਦਿੰਦੀਆਂ ਹਨ।ਇੱਕ ਅਜੀਬ ਜਿਹੀ ਮਹਿਕ ਬਾਗਾਂ ਵਿਚੋਂ ਆਉਣ ਲੱਗਦੀ ਹੈ। ਬਾਗਾਂ ਵਿੱਚ ਕੋਇਲ ਵੀ ਸਾਉਣ ਮਹੀਨੇ ਆਉਦੀ ਹੈ ਅਤੇ ਮਿੱਠੇ ਮਿੱਠੇ ਗੀਤ ਸੁਣਾਉਦੀ ਹੈ।
ਸਾਉਣ ਮਹੀਨੇ ਜਿਹੜੀਆਂ ਕੁੜੀਆ ਆਪਣੇ ਪੇਕੇ ਨਹੀਂ ਆਉਦੀਆਂ ਉਹਨਾ ਨੂੰ ਉਹਨਾ ਦੇ ਪੇਕੇ ਸੰਧਾਰਾ ਦਿੰਦੇ ਹੈ। ਅਤੇ
ਜਦੋਂ ਤੀਆਂ ਦਾ ਤਿਉਹਾਰ ਮਨਾਉਣ ਮਗਰੋਂ ਜਦੋਂ ਉਹ ਘਰੋਂ ਆਪਣੇ ਸਹੁਰੇ ਘਰ ਜਾਂਦੀਆਂ ਨੇ ਤਾਂ ਉਨ੍ਹਾਂ ਨੂੰ ਸੰਧਾਰਾ ਦਿੱਤਾ ਜਾਂਦਾ ਹੈ ।ਇਸ ‘ਚ ਮਹਿੰਦੀ,ਕੱਪੜੇ ਲੱਤੇ,ਚੂੜੀਆਂ ਅਤੇ ਖਾਣ ਲਈ ਸਮਾਨ ਦਿੱਤਾ ਜਾਂਦਾ ਹੈ ਅਤੇ ਕੋਈ-ਕੋਈ ਪੁੱਗਦਾ ਪਰਿਵਾਰ ਗਹਿਣਾ ਗੱਟਾ ਵੀ ਤੁਰਨ ਲੱਗਿਆਂ ਆਪਣੀ ਧੀ ਨੂੰ ਦਿੰਦਾ ਹੈ । ਸੰਧਾਰੇ ਦੇ ਰੂਪ ਵਿੱਚ ਮੱਠੀਆਂ, ਕੱਪੜੇ,ਬਿਸਕੁਟ ਤੇ ਹੋਰ ਮਠਿਆਈਆਂ ਲੈ ਕੇ ਜਾਂਦੇ ਹਨ।
ਜੋ ਵੀਰ ਆਪਣੀ ਭੈਣ ਲਈ ਉਸ ਦੇ ਸਹੁਰੇ ਘਰ ਲੈ ਜਾਂਦਾ ਹੈ। ਜਦੋਂ ਵੀਰਾ ਸੰਧਾਰਾ ਲੈ ਕੇ ਭੈਣ ਦੇ ਘਰ ਪਹੁੰਚਦਾ ਤਾਂ ਭੈਣ ਦਾ ਚਾਅ ਨਹੀਂ ਸੀ ਚੁੱਕਿਆ ਜਾਂਦਾ ਭੈਣ ਖੁਸ਼ੀ ਵਿੱਚ ਕਹਿੰਦੀ :-
ਮੇਰਾ ਵੀਰ ਸੰਧਾਰਾ ਲਿਆਇਆ, ਨੀ ਲੰਮੇ ਚੀਰ ਕੇ ਪੈਂਡੇ ਆਇਆ ਅੰਮੜੀ ਦੇ ਜਾਇਆ ਵੇ ਗੱਲ ਲੱਗ ਮਿਲੀਏ ਆ
ਭੈਣ ਭਰਾ
ਉਹ ਸੰਧਾਰਾ ਫੇਰ ਸ਼ਰੀਕੇ ਚ ਵੰਡਿਆ ਜਾਂਦਾ ਸੀ। ਭੈਣ ਦਾ ਵੀਰ ਇਕ ਦੋ ਦਿਨ ਭੈਣ ਕੋਲ ਰਹਿੰਦਾ ਤੇ ਸੁੱਖ ਸਾਂਦ ਲੈ ਕੇ ਆ ਜਾਂਦਾ।
ਸੰਧਾਰਾ’ ਜਿਸ ਨੂੰ ਕਿ ਸਾਵਿਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ।
ਸਾਉਣ ਮਹੀਨੇ ਤੋਂ ਬਾਅਦ ਭਾਦੋਂ ਆਉਦੀ ਹੈ। ਭਾਂਦੋ ਲਈ ਇੱਕ ਕਹਾਵਤ ਹੈ ” ਸਾਉਣ ਵੀਰ ਮਿਲਾਵੇ, ਭਾਦੋਂ ਚੰਦਰੀ ਵਿਛੋੜੇ ਪਾਵੇ।
ਜਦੋਂ ਸਾਉਣ ਖਤਮ ਹੁੰਦਾ ਹੈ ਕੁੜੀਆ ਦਾ ਵਿਛੋੜਾ ਸ਼ੁਰੂ ਹੋ ਜਾਂਦਾ ਹੈ। ਕੁੜੀਆਂ ਦੇ ਸਹੁਰਿਆਂ ਤੋਂ ਸੁਨੇਹੇ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਲਈ ਪੰਜਾਬੀ ਬੋਲੀਆਂ ਵਿੱਚ ਜ਼ਿਕਰ ਇਵੇਂ
ਚੜ੍ਹਿਆ ਸੀ ਸਾਉਣ, ਸਹੁਰੇ ਦਿੱਤੀਆਂ ਵੇ ਛੁੱਟੀਆਂ।
ਚੜ੍ਹ ਗਈ ਭਾਦੋਂ, ਸਹੁਰੇ ਪੌਣ ਵੀਰ ਚਿੱਠੀਆਂ।
ਅੱਜ-ਕੱਲ੍ਹ ਤਾਂ ਕੁੜੀਆਂ ਸਾਉਣ ਮਹੀਨੇਂ ਵਿੱਚ ਇੱਕ ਰਸ਼ਮ ਹੀ ਪੂਰੀ ਕਰਨ ਲਈ ਪੇਕੇ ਘਰ ਆਉਂਦੀਆਂ ਹਨ।ਮਗਰੋਂ ਹੀ ਉਸਦਾ ਪਤੀ ਉਸਨੂੰ ਲੈਣ ਲਈ ਆ ਜਾਂਦਾ ਹੈ ਤਾਂ ਇਹ ਸਤਰਾਂ ਬੋਲਦੀਆਂ ਹਨ:-
ਇਹਦੇ ਮਾਰੋ ਨੀ ਘੋਟਨਾ ਨਿੰਮ ਦਾ,ਤੀਆਂ ਵਿਚ ਲੈਣ ਆ ਗਿਆ”।
ਹੁਣ ਤਾਂ ਪੱਛਮੀ ਸੰਗੀਤ ਨੇ ਡਿਸਕੋ-ਡਾਂਸ ਨਾਲ ਹੀ ਲੋਕਾਂ ਦਾ ਮਨੋਰੰਜਨ ਕਰਨਾ ਸ਼ੁਰੂ ਕਰ ਦਿੱਤਾ ਹੈ।ਹੁਣ ਤਾਂ ਸਾਉਣ ਮਹੀਨੇ ਵਿਚ ਗਿੱਧੇ ਵੀ ਕਿਤੇ-ਕਿਤੇ ਹੀ ਪੈਂਦੇ ਸੁਣਦੇ ਹਨ।ਹੁਣ ਤਾਂ ਕੁੜੀਆਂ ਨੂੰ ਸਹੁਰੇ ਘਰਾਂ ਤੋਂ ਵਿਹਲ ਹੀ ਨਹੀਂ ਮਿਲਦੀ। ਗੁੱਡੀ ਫੂਕਣ ਦੀ ਰਸ਼ਮ ਤਾਂ ਹੁਣ ਖਤਮ ਹੀ ਹੋ ਗਈ ਲਗਦੀ ਹੈ। ਅਤੇ ਅੰਬਾਂ ਦੇ ਬਾਗ ਵੀ ਨਹੀਂ ਮਿਲਦੇ ਅੰਬਾਂ ਦੇ ਬੂਟਿਆਂ ਨੂੰ ਜਿਆਦਾ ਕੱਟਿਆ ਜਾ ਰਿਹਾ ਹੈ।ਸਾਉਣ ਮਹੀਨਾ ਗਰੀਬਾਂ ਲਈ ਬਹੁਤਾ ਚੰਗਾ ਨਹੀਂ ਹੁੰਦਾ।ਮੀਂਹ ਕਰਨ ਬਹੁਤਾ ਕੰਮ ਕਾਰ ਨਹੀ ਚੱਲਦਾ।ਗਰੀਬਾਂ ਦੀ ਆਰਥਿਕ ਹਾਲਤ ਖਰਾਬ ਹੋ ਜਾਂਦੀ ਹੈ। ਪਰ ਜੋ ਵੀ ਸਾਉਣ ਮਹੀਨਾ ਬਹੁਤ ਹੀ ਪਿਆਰਾ ਮਹੀਨਾ ਹੈ। ਸਾਉਣ ਮਹੀਨਾ ਇੱਕ ਸੱਜ ਵਿਆਹੀ ਲਾੜੀ ਦੀ ਤਰ੍ਹਾਂ ਹੁੰਦਾ ਹੈ। ਜੋ ਰੌਣਕ ਲਈ ਰੱਖਦਾ ਹੈ।
ਰਵਨਜੋਤ ਕੌਰ ਸਿੱਧੂ ਰਾਵੀ
ਪਿੰਡ ਜੱਬੋਵਾਲ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ
8283066125