ਪੰਜਾਬ ਦੇ ਲੋਕ-ਨਾਚ ਗਿੱਧੇ ਅਤੇ ਭੰਗੜੇ ਦੀ ਪੇਸ਼ਕਾਰੀ ਨੇ ਖੂਬ ਵਾਹ-ਵਾਹ ਖੱਟੀ

ਫਰੀਦਕੋਟ, 13 ਅਪੈ੍ਰਲ (ਵਰਲਡ ਪੰਜਾਬੀ ਟਾਈਮਜ)
‘ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ’ ਭਗਤਾ ਭਾਈ ਕਾ ਇੱਕ ਅਜਿਹੀ ਵਿੱਦਿਅਕ ਸੰਸਥਾ ਹੈ, ਜੋ ਦੇਸ਼ ਦੇ ਹਰ ਖਾਸ ਦਿਵਸ ਤਿਉਹਾਰ ਨੂੰ ਪਹਿਲ ਦੇ ਆਧਾਰ ਤੇ ਬੜੇ ਹੀ ਉਤਸ਼ਾਹ ਨਾਲ ਮਨਾਉਂਦੀ ਹੈ। ਇਸ ਸੰਸਥਾ ਵਿੱਚ ਵਿਸਾਖੀ ਦਾ ਤਿਉਹਾਰ ਅਤੇ ਡਾ.ਭੀਮ ਰਾਓ ਅੰਬੇਦਕਰ ਜੈਯੰਤੀ ਨੂੰ ਬੜੀ ਹੀ ਸ਼ਰਧਾ ਅਤੇ ਚਾਅ ਨਾਲ ਮਨਾਇਆ ਗਿਆ। ਇਸ ਤਿਉਹਾਰ ਲਈ ਉਲੀਕੇ ਗਏ ਰੰਗਾ-ਰੰਗ ਪ੍ਰੋਗਰਾਮ ਦਾ ਆਗਾਜ਼ ਦੂਸਰੀ ਜਮਾਤ ਤੋਂ ਲੈ ਕੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਗਾਇਨ ਕੀਤੇ ਗਏ ਸ਼ਬਦ “ਵਾਹ- ਵਾਹ ਗੁਰੂ ਗੋਬਿੰਦ ਸਿੰਘ” ਨਾਲ ਹੋਇਆ। ਇਸ ਤੋਂ ਬਾਅਦ ਦੂਸਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਡਾ. ਬੀ. ਆਰ.ਅੰਬੇਦਕਰ ਦੇ ਜੀਵਨ ‘ਤੇ ਅਧਾਰਿਤ ਇੱਕ ਕੋਰੀਓਗ੍ਰਾਫ਼ੀ ਪੇਸ਼ ਕੀਤੀ ਗਈ ਜੋ ਕਿ ਬੇਹੱਦ ਕਾਬਲ-ਏ-ਤਾਰੀਫ਼ ਸੀ। ਨਰਸਰੀ ਤੋਂ ਪਹਿਲੀ ਜਮਾਤ ਦੇ ਵਿਦਿਆਰਥੀਆਂ ਵਿਚਕਾਰ ਕਰਵਾਏ ਗਏ ਡਾਂਸ ਅਤੇ ਫੈਂਸੀ ਡਰੈੱਸ ਮੁਕਾਬਲਿਆਂ ਦਾ ਵੀ ਭਰਪੂਰ ਤਾੜੀਆਂ ਨਾਲ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਜਿੱਥੇ ਅੱਠਵੀਂ ਤੋਂ ਬਾਰਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਗਿੱਧੇ ਵਿੱਚ ਧਮਾਲਾਂ ਪਾਈਆਂ, ਉੱਥੇ ਅੱਠਵੀਂ ਤੋਂ ਬਾਰਵੀਂ ਜਮਾਤ ਦੇ ਮੁੰਡਿਆਂ ਨੇ ਵੀ ਭੰਗੜਾ ਪਾ ਕੇ ਧਰਤ ਹਿਲਾ ਦਿੱਤੀ ਅਤੇ ਸਭ ਨੂੰ ਹੀ ਨੱਚਣ ਲਈ ਮਜ਼ਬੂਰ ਕਰ ਦਿੱਤਾ। ਇਸ ਤਰਾਂ ਪੰਜਾਬ ਦੇ ਲੋਕ-ਨਾਚ ਗਿੱਧੇ ਅਤੇ ਭੰਗੜੇ ਦੀ ਪੇਸ਼ਕਾਰੀ ਨੇ ਖੂਬ ਵਾਹ-ਵਾਹ ਖੱਟੀ। ਗਿਆਰਵੀਂ ਜਮਾਤ ਦੀ ਵਿਦਿਆਰਥਣ ਲਵਪ੍ਰੀਤ ਕੌਰ ਨੇ “ਪੰਜਾਬੀਓ ਪੰਜਾਬੀ ਭੁੱਲ ਜਾਈਓ ਨਾ” ਗੀਤ ਗਾ ਕੇ ਮਾਂ-ਬੋਲੀ ਦਾ ਸਤਿਕਾਰ ਕਰਨ ਦਾ ਸੁਨੇਹਾ ਦਿੱਤਾ। ਇਹ ਪ੍ਰੋਗਰਾਮ ਉਦੋਂ ਸਿਖ਼ਰ ਤੇ ਪਹੁੰਚ ਗਿਆ ਜਦੋਂ ਦਸ਼ਮੇਸ਼ ਪਿਤਾ ਜੀ ਦੀਆਂ ਲਾਡਲੀਆਂ ਫੋਜਾਂ ਦਾ ਜੰਗੀ ਹੁਨਰ “ਗੱਤਕਾ” ਪੇਸ਼ ਕੀਤਾ ਗਿਆ। ਵਿਦਿਆਰਥੀਆਂ ਨੇ ਗੱਤਕੇ ਦੀ ਪੇਸ਼ਕਾਰੀ ਦੌਰਾਨ ਅਜਿਹੇ ਜੌਹਰ ਵਿਖਾਏ ਕਿ ਸਭ ਦੇਖਦੇ ਹੀ ਰਹਿ ਗਏ। ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇ ਪਿ੍ਰੰਸੀਪਲ ਸ੍ਰੀ ਰੂਪ ਲਾਲ ਬਾਂਸਲ ਜੀ ਨੇ ਸੰਬੋਧਨ ਹੁੰਦੇ ਕਿਹਾ ਕਿ ਇਹ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਅਸੀਂ ਤਿਉਹਾਰਾਂ ਜਾਂ ਖਾਸ ਦਿਵਸ ਦਾ ਹਿੱਸਾ ਹਾਂ। ਇਸ ਲਈ ਸਾਨੂੰ ਸਾਡੇ ਤਿਉਹਾਰ ਬੜੀ ਸ਼ਿੱਦਤ ਤੇ ਸ਼ਰਧਾ ਨਾਲ ਮਨਾਉਣੇ ਚਾਹੀਦੇ ਹਨ। ਉਨਾਂ ਨੇ ਇਸ ਖਾਸ ਪ੍ਰੋਗਰਾਮ ਨੂੰ ਨੇਪਰੇ ਚੜਾਉਣ ਵਿੱਚ ਯੋਗਦਾਨ ਪਾਉਣ ਵਾਲੇ ਅਧਿਆਪਕ ਸਾਹਿਬਾਨਾਂ ਦਾ ਵੀ ਧੰਨਵਾਦ ਕੀਤਾ। ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਨੇ ਵੀ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲ ਜੁੜਨ ਦਾ ਸੁਨੇਹਾ ਦਿੱਤਾ ਅਤੇ ਹਰ ਵਿਦਿਆਰਥੀ ਨੂੰ ਕਿਸੇ ਨਾ ਕਿਸੇ ਐਕਟੀਵਿਟੀ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ।