ਅੰਮ੍ਰਿਤਸਰ 16 ਮਈ (ਵਰਲਡ ਪੰਜਾਬੀ ਟਾਈਮਜ਼)
ਆਰਟ ਗਲੈਕਸੀ ਮੰਚ ਦੀ ਪ੍ਰਬੰਧਕੀ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਖਾਨਕੋਟ, ਅੰਮ੍ਰਿਤਸਰ ਵਿਖੇ ਵਾਤਾਵਰਨ ਸੰਭਾਲ ਸਬੰਧੀ ਕਵਿਤਾ ਉਚਾਰਨ,ਭਾਸ਼ਣ ਅਤੇ ਪੋਸਟਰ ਮੇਕਿੰਗ ਮੁਕਾਬਲੇ ਸਕੂਲ ਪ੍ਰਿੰਸੀਪਲ ਪਰਮਿੰਦਰ ਕੌਰ ਅਤੇ ਵਾਈਸ ਪ੍ਰਿੰਸੀਪਲ ਸਿਮਰਨਜੀਤ ਕੌਰ ਜੀ ਦੀ ਅਗਵਾਈ ਹੇਠ ਆਰਟ ਗਲੈਕਸੀ ਪ੍ਰੈਜ਼ੀਡੈਂਟ ਜਸਵਿੰਦਰ ਕੌਰ ਅਤੇ ਜਨਰਲ ਸਕੱਤਰ ਮਨਪ੍ਰੀਤ ਕੌਰ ਅਦਬ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ।
“ਆਰਟ ਗਲੈਕਸੀ” ਅੰਮ੍ਰਿਤਸਰ ਦਾ ਪਹਿਲਾ ਅਜਿਹਾ ਪਲੇਟਫਾਰਮ ਹੈ ਜੋ ਲੇਖਕ, ਪੇਂਟਰ, ਕੈਲੀਗਰਾਫਰ, ਸੰਗੀਤਕਾਰ ਆਦਿ ਹਰ ਤਰ੍ਹਾਂ ਦੇ ਆਰਟਿਸਟ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਤੇ ਜੀਵਨ ਵਿੱਚ ਵਿਕਾਸ ਕਰਨ ਦੇ ਮੌਕੇ ਪ੍ਰਦਾਨ ਕਰਦਾ ਹੈ।
*ਆਰਟ ਗਲੈਕਸੀ ਦੀ ਪ੍ਰਬੰਧਕ ਜੋ ਕਿ ਅੰਮ੍ਰਿਤਸਰ ਦੀ ਉੱਘੀ ਲੇਖਕਾ ਜਸਵਿੰਦਰ ਕੌਰ ਹੈ, ਵੱਲੋਂ ਆਪਣੀ ਪ੍ਰਬੰਧਕੀ ਟੀਮ ਦੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ ਗਿਆ।
ਸ਼੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਇਹਨਾਂ ਸਾਰੇ ਹੀ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਭਾਸ਼ਣ ਅਤੇ ਕਵਿਤਾ ਉਚਾਰਨ ਦੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਅਤੇ ਪੇਂਟਿੰਗ ਕਲਾ ਵਿੱਚ ਮੁਹਾਰਤ ਰੱਖਣ ਵਾਲੇ ਵਿਦਿਆਰਥੀਆਂ ਨੇ ਆਪਣੇ ਪੋਸਟਰਾਂ ਰਾਹੀਂ ਵਾਤਾਵਰਨ ਦੀ ਸੰਭਾਲ ਕਰਨ ਦਾ ਸਮੁੱਚੇ ਸਮਾਜ ਨੂੰ ਸੰਦੇਸ਼ ਦਿੱਤਾ।
ਆਰਟ ਗਲੈਕਸੀ ਮੰਚ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਾਰੇ ਹੀ ਭਾਗੀਦਾਰਾਂ ਨੂੰ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ।
ਸਕੂਲ ਦੇ ਪ੍ਰਿੰਸੀਪਲ ਅਤੇ ਵਾਈਸ ਪ੍ਰਿੰਸੀਪਲ ਜੀ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ ਅਤੇ ਮੁਕਾਬਲਿਆਂ ਵਿੱਚ ਬੱਚਿਆਂ ਦੀ ਭਾਗੀਦਾਰੀ ਵਧੇਰੇ ਹੋਣ ਤੇ ਸਕੂਲ ਨੂੰ ਗੋਲਡ ਸਰਟੀਫਿਕੇਟ ਪ੍ਰਾਪਤ ਕਰਨ ਦਾ ਵੀ ਮਾਣ ਹਾਸਲ ਹੋਇਆ।
ਕਵਿਤਾ ਉਚਾਰਨ ਮੁਕਾਬਲਿਆਂ ਲਈ ਡਾ: ਨਿਰਮ ਜੋਸਨ ਅਤੇ ਮਨਦੀਪ ਹੈਪੀ ਜੋਸਨ ਜੀ ਨੇ, ਭਾਸ਼ਣ ਅਤੇ ਲੋਕ ਗੀਤ ਮੁਕਾਬਲੇ ਲਈ ਜਸਵਿੰਦਰ ਕੌਰ ਅਤੇ ਮਨਪ੍ਰੀਤ ਕੌਰ ਅਦਬ ਨੇ, ਪੇਂਟਿੰਗ ਮੁਕਾਬਲਿਆਂ ਲਈ ਸ਼੍ਰੀਮਤੀ ਸ਼ਵੇਤਾ ਮਹਿਰਾ ਜੀ ਨੇ ਜੱਜ ਦੀ ਭੂਮਿਕਾ ਨਿਭਾਈ। ਪ੍ਰੋਗਰਾਮ ਦੌਰਾਨ ਉਪਰੋਕਤ ਜੱਜ ਸਾਹਿਬਾਨ ਅਤੇ ਸਹਿਯੋਗੀ ਅਧਿਆਪਕਾਂ ਸ੍ਰੀਮਤੀ ਗੁਰਸ਼ਰਨ ਕੌਰ ਸ੍ਰੀਮਤੀ ਤੇਜਿੰਦਰ ਪਾਲ ਕੌਰ ਸ੍ਰੀਮਤੀ ਕੰਵਲਪ੍ਰੀਤ ਕੌਰ ਜੀ ਅਤੇ ਸ਼੍ਰੀਮਤੀ ਨਿਰਮਲਜੀਤ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ।
ਪ੍ਰੋਗਰਾਮ ਪ੍ਰਬੰਧਕ ਜਸਵਿੰਦਰ ਕੌਰ ਨੇ ਦੱਸਿਆ ਕਿ ਸਕੂਲ ਦੀ ਸਾਰੀ ਪ੍ਰਬੰਧਕੀ ਟੀਮ ਨੇ ਆਰਟ ਗਲੈਕਸੀ ਦਾ ਪੂਰਾ ਸਹਿਯੋਗ ਦਿੱਤਾ। ਮੁਕਾਬਲਿਆਂ ਲਈ ਸਕੂਲ ਵੱਲੋਂ ਉਚੇਚੇ ਤੌਰ ਤੇ ਕੀਤੇ ਗਏ ਸਾਰੇ ਪ੍ਰਬੰਧ ਸ਼ਲਾਘਾਯੋਗ ਸਨ ਵਾਈਸ ਪ੍ਰਿੰਸੀਪਲ ਸਿਮਰਨਜੀਤ ਕੌਰ ਜੀ ਦਾ ਟੀਮ ਨੂੰ ਵਿਸ਼ੇਸ਼ ਸਹਿਯੋਗ ਰਿਹਾ। ਆਰਟ ਗਲੈਕਸੀ ਪ੍ਰੈਜੀਡੈਂਟ ਜਸਵਿੰਦਰ ਕੌਰ ਜੀ ਨੇ ਇਹ ਵੀ ਕਿਹਾ ਕਿ ਸਾਡਾ ਉਦੇਸ਼ ਹੈ ਕਿ ਹਰ ਕਲਾਕਾਰ ਨੂੰ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਪਹਿਚਾਣ ਬਣਾਉਣ ਦਾ ਮੌਕਾ ਮਿਲੇ। ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ ਸਕੂਲ ਪ੍ਰਬੰਧਕਾਂ ਨੇ ਆਖਿਆ ਕਿ ਅਜਿਹੇ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਬੱਚਿਆਂ ਨੂੰ ਰੋਜ਼ਾਨਾ ਦੀ ਵਿੱਦਿਅਕ ਰੁਟੀਨ ਤੋਂ ਹਟ ਕੇ ਕੁਝ ਨਵਾਂ ਕਰਨ ਦਾ ਮੌਕਾ ਮਿਲਦਾ ਹੈ ਸੋ ਅਜਿਹੇ ਪ੍ਰੋਗਰਾਮ ਭਵਿੱਖ ਵਿੱਚ ਵੀ ਜ਼ਰੂਰ ਉਲੀਕੇ ਜਾਣ ਜੋ ਬੱਚਿਆਂ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਭਵਿੱਖ ਵਿੱਚ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਦੇ ਹਨ।
Leave a Comment
Your email address will not be published. Required fields are marked with *