ਮਤਦਾਨ ਵਧਾਉਣ ਅਤੇ ਵਧੇਰੇ ਵੋਟਰਾਂ ਨੂੰ ਆਕਰਸ਼ਿਤ ਕਰਨ ਲਈ 1000 ਪਿੰਡਾਂ ਚ ਕਾਰਜਸ਼ੀਲ ਨੇ ਵੇਰਕਾ ਕਰਮਚਾਰੀ
ਲੁਧਿਆਣਾ 27 ਮਈ (ਵਰਲਡ ਪੰਜਾਬੀ ਟਾਈਮਜ਼)
ਵੇਰਕਾ ਮਿਲਕ ਪਲਾਂਟ ਲੁਧਿਆਣਾ ਨੇ ਚੋਣ ਕਮਿਸ਼ਨ ਵੱਲੋਂ ਨਿਰਧਾਰਤ “ਇਸ ਵਾਰ 70 ਪਾਰ” ਦੇ ਟੀਚੇ ਨੂੰ ਪ੍ਰਾਪਤ ਕਰਨ ਲਈ “ਚੋਣ ਜਾਗਰੂਕਤਾ ਮਿਸ਼ਨ” ਦੀ ਸ਼ੁਰੁਆਤ ਕਰ ਦਿੱਤੀ ਹੈ। ਵੋਟਰਾਂ ਨੂੰ ਸੂਬੇ ਚ 1 ਜੂਨ ਨੂੰ ਪੂਰੇ ਜੋਸ਼ ਨਾਲ ਪੋਲਿੰਗ ਬੂਥਾਂ ‘ਤੇ ਜਾਣ ਲਈ ਅਪੀਲ ਕਰਨ ਲਈ ਵੇਰਕਾ ਮਿਲਕ ਪਲਾਂਟ ਲੁਧਿਆਣਾ ਨੇ ਪਿੰਡ ਪੱਧਰ ਤੇ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ। ਮਿਲਕ ਪਲਾਂਟ ਦੇ ਜਨਰਲ ਮੈਨੇਜਰ ਡਾ ਸੁਰਜੀਤ ਸਿੰਘ ਭਦੌੜ ਨੇ ਕਿਹਾ ਕਿ ਵੋਟ ਪਰਵ ਵਿੱਚ ਸਮਾਜ ਦੇ ਵੱਖ-ਵੱਖ ਖੇਤਰਾਂ ਦੇ ਭਾਗੀਦਾਰਾਂ ਨੂੰ ਸਾਮਿਲ ਕਰਨ ਦੀ ਜਰੂਰਤ ਹੈ । ਉਹਨਾਂ ਕਿਹਾ ਕਿ ਵੇਰਕਾ ਕੋਲ ਲੁਧਿਆਣਾ, ਮੋਗਾ ਅਤੇ ਫਤਹਿਗੜ੍ਹ ਸਾਹਿਬ ਜਿਲ੍ਹਿਆਂ ਅੰਦਰ 1000 ਦੇ ਕਰੀਬ ਪਿੰਡਾਂ ਦੀਆਂ ਸਹਿਕਾਰੀ ਦੁੱਧ ਸਭਾਵਾਂ ਦਾ ਮਜ਼ਬੂਤ ਨੈੱਟਵਰਕ ਹੈ ਜਿਨ੍ਹਾਂ ਰਾਹੀਂ ਹਜ਼ਾਰਾਂ ਕਿਸਾਨ ਅਤੇ ਲੋਕ ਵੇਰਕਾ ਦੇ ਨਾਲ ਕੰਮ ਕਾਜ ਵਿੱਚ ਜੁੜੇ ਹੋਏ ਹਨ। ਜਿਨ੍ਹਾਂ ਕੋਲ ਵੇਰਕਾ ਦੇ ਦੁੱਧ ਪ੍ਰਾਪਤੀ ਅਤੇ ਮੰਡੀਕਰਣ ਸਟਾਫ਼ ਦੀ ਨਿਰੰਤਰ ਰੋਜ਼ਾਨਾ ਪੱਧਰ ਦੀ ਪਹੁੰਚ ਹੈ। ਇਸ ਲਈ ਦੇਸ਼ ਦੇ ਇਸ ਰਾਸ਼ਟਰੀ ਉਤਸਵ ਨੂੰ ਸਫਲ ਬਣਾਉਣ ਲਈ ਵੇਰਕਾ ਵੱਲੋਂ ਇੱਕ ਵੱਡਾ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਵਿੱਚ ਵੇਰਕਾ ਦੇ ਕਰਮਚਾਰੀ ਵੋਟਰਾਂ ਨੂੰ ਵੋਟ ਪਾਉਣ ਲਈ ਉਤਸਾਹਿਤ ਕਰਨ ਲਈ ਨਿਰੰਤਰ ਯੋਗਦਾਨ ਪਾਉਣਗੇ।
ਜਨਰਲ ਮੈਨੇਜਰ ਡਾ ਭਦੌੜ ਨੇ ਕਿਹਾ ਕਿ ਮਤਦਾਨ ਵਿੱਚ ਇੱਕ ਹਫ਼ਤੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ। ਮਤਦਾਨ ਵਧਾਉਣ ਅਤੇ ਵਧੇਰੇ ਵੋਟਰਾਂ ਨੂੰ ਆਕਰਸ਼ਿਤ ਕਰਨ ਲਈ, ਵੋਟਿੰਗ ਅਧਿਕਾਰਾਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਵੱਖ-ਵੱਖ ਸਾਧਨਾਂ ਰਾਹੀਂ ਲੋਕਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਵੇਰਕਾ ਲੁਧਿਆਣਾ ਵੱਲੋਂ ਵੱਖ ਵੱਖ ਗਤੀਵਿਧੀਆਂ ਸ਼ੂਰੂ ਕੀਤੀਆਂ ਗਈਆਂ ਹਨ। ਜਿਸ ਅਧੀਨ ਪਿੰਡ ਪੱਧਰ ਤੇ ਸਥਾਪਿਤ ਸਭਾਵਾਂ ਤੇ ਵੋਟਰ ਜਾਗਰੂਕਤਾ ਬੋਰਡ ਲਗਾਉਣ ਦੇ ਨਾਲ ਨਾਲ ਵੇਰਕਾ ਦੇ ਸਾਰੇ ਸਪਲਾਈ ਵਾਹਨਾਂ ਤੇ ਵੋਟ ਬ੍ਰਾਂਡਿੰਗ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਵੇਰਕਾ ਦੇ ਦੁੱਧ ਟੈਂਕਰ ਅਤੇ ਸਪਲਾਈ ਵਾਹਨ ਜਿਲ੍ਹੇ ਦੇ ਹਰ ਪਿੰਡ ਅਤੇ ਸ਼ਹਿਰ ਵਿੱਚੋਂ ਰੋਜ਼ਾਨਾ ਪੱਧਰ ਤੇ ਗੁਜਰਦੇ ਹਨ ਜਿਨ੍ਹਾਂ ਰਾਹੀਂ ਵੋਟਰ ਉਤਸਾਹਿਤ ਸੁਨੇਹਾ ਹਰ ਕੋਨੇ ਵਿੱਚ ਪੁੱਜਦਾ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਵੋਟਾਂ ਦੀ ਰਿਹਰਸਲ ਦੇ ਸਥਾਨਾਂ ਤੇ ਵੇਰਕਾ ਮਿਲਕ ਪਲਾਂਟ ਲੁਧਿਆਣਾ ਵੱਲੋਂ ਪੀਣ ਵਾਲੇ ਠੰਡੇ ਪਾਣੀ ਤੋਂ ਇਲਾਵਾ ਠੰਡੇ ਦੁੱਧ ਉਤਪਾਦਾਂ ਦੀ ਉਪਲਬਧਤਾ ਲਈ ਮਿਲਕ ਬੂਥ ਸਥਾਪਿਤ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਇਸ ਸਬੰਧੀ ਵੋਟ ਪਾਉਣ ਨੂੰ ਉਤਸਾਹਿਤ ਕਰਨ ਲਈ ਵੇਰਕਾ ਮਿਲਕ ਪਲਾਂਟ ਲੁਧਿਆਣਾ ਵਿਖੇ ਇੱਕ ਜਨਤਕ ਮੀਟਿੰਗ ਕਰਨ ਤੋਂ ਬਾਅਦ ਇਹ ਜਾਗਰੁਕਤਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ।
Leave a Comment
Your email address will not be published. Required fields are marked with *