ਬੱਚਿਆਂ ਨੂੰ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ ਬਾਰੇ ਕਰਵਾਇਆ ਗਿਆ ਪ੍ਰਣ

ਕੋਟਕਪੂਰਾ, 27 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਾਡੇ ਸਰੀਰ ਲਈ ਮੋਬਾਇਲ ਫੋਨ ਇਕ ਜਰੂਰੀ ਅੰਗ ਬਣ ਗਿਆ ਹੈ ਅਤੇ ਨਵੀਆਂ ਤਕਨੀਕਾਂ ਅਤੇ ਉਪਕਰਨਾਂ ਨੇ ਮਨੁੱਖ ਨੂੰ ਆਪਣਾ ਆਦੀ ਬਣਾ ਦਿੱਤਾ ਹੈ। ਹਰ ਕੋਈ ਇਹਨਾਂ ਦੀ ਵਰਤੋਂ ਕਰਦਾ ਜਾਪਦਾ ਹੈ। ਮੋਬਾਈਲ ਨੂੰ ਇਕ-ਦੂਜੇ ਨਾਲ ਗੱਲ ਕਰਨ, ਸੰਦੇਸ਼ਾਂ ਦਾ ਆਦਾਨ-ਪ੍ਰਦਾਨ ਕਰਨ ਅਤੇ ਸਮਾਜਿਕ ਗਤੀਵਿਧੀਆਂ ’ਤੇ ਨਜਰ ਰੱਖਣ ਦਾ ਸਾਧਨ ਮੰਨਿਆ ਜਾਂਦਾ ਹੈ ਪਰ ਹੁਣ ਮੋਬਾਈਲ ਦੀ ਵਰਤੋਂ ਕਰਨ ਅਤੇ ਇਸ ਨਾਲ ਜੁੜੇ ਲੋਕਾਂ ਲਈ ਬੁਰੀ ਖਬਰ ਹੈ, ਕਿਉਂਕਿ ਅੱਖਾਂ ਦੀ ਰੌਸ਼ਨੀ ਸਮੇਤ ਹੋਰ ਬਿਮਾਰੀਆਂ ਦੀ ਸਮੱਸਿਆ ਬੱਚਿਆਂ ਦੇ ਨਾਲ-ਨਾਲ ਵਡੇਰੀ ਉਮਰ ਵਾਲਿਆਂ ਲਈ ਵੀ ਵੱਧ ਰਹੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਇੰਟਰਨੈਸ਼ਨਲ ਮਿਲੇਨੀਅਮ ਵਰਲਡ ਸਕੂਲ ਵਿਖੇ ਸਵੇਰ ਦੀ ਸਭਾ ਵਿੱਚ ਛੋਟੀ ਕਲਾਸਾਂ ਦੇ ਬੱਚਿਆਂ ਨੂੰ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ ਸਬੰਧੀ ਕਰਵਾਏ ਗਏ ਜਾਗਰੂਕਤਾ ਸਮਾਗਮ ਦੌਰਾਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਚੇਅਰਮੈਨ ਜਸਕਰਨ ਸਿੰਘ ਮੱਲਕੇ ਨੇ ਦੱਸਿਆ ਕਿ ਬੱਚੇ ਮੋਬਾਈਲ ਫੋਨਾਂ ਦੇ ਬਹੁਤ ਜਿਆਦਾ ਆਦੀ ਬਣ ਰਹੇ ਹਨ। ਘੰਟਿਆਂਬੱਧੀ ਮੋਬਾਈਲ ਫੋਨ ਜਾਂ ਲੈਪਟਾਪ ਦੀ ਵਰਤੋਂ ਕਰਨਾ ਅਤੇ ਲੇਟਣਾ ਅਤੇ ਦੇਰ-ਰਾਤ ਤੱਕ ਮੋਬਾਈਲ ਫੋਨ ਦੇਖਣਾ ਤੁਹਾਡੇ ਸਰੀਰ ਨੂੰ ਅੰਦਰੋਂ ਬਿਮਾਰ ਕਰ ਰਿਹਾ ਹੈ। ਇਸ ਮੌਕੇ ਸਕੂਲ ਅਧਿਆਪਕਾ ਨੇ ਬੱਚਿਆਂ ਨੂੰ ਅੱਖ ’ਤੇ ਪੱਟੀ ਬੰਨ ਕੇ ਪ੍ਰੈਕਟੀਕਲ ਕਰਕੇ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ। ਉਹਨਾ ਦੱਸਿਆ ਕਿ ਅਕਸਰ ਬੱਚੇ ਇੱਕੋ ਸਥਿੱਤੀ ਵਿੱਚ ਬੈਠ ਕੇ ਘੰਟਿਆਂਬੱਧੀ ਮੋਬਾਈਲ ਫੋਨ ਦੀ ਵਰਤੋਂ ਕਰਦੇ ਹਨ, ਇੱਥੋਂ ਤੱਕ ਕਿ ਬੱਚਿਆਂ ਦੀਆਂ ਮਾਵਾਂ ਵੀ ਆਪਣੇ ਬੱਚਿਆਂ ਨੂੰ ਮੋਬਾਈਲ ਫੋਨ ਦਿੰਦੀਆਂ ਹਨ, ਇਹ ਸੋਚ ਕੇ ਕਿ ਹੁਣ ਬੱਚੇ ਉਨਾਂ ਨੂੰ ਪ੍ਰੇਸ਼ਾਨ ਨਹੀਂ ਕਰਨਗੇ ਅਤੇ ਉਹ ਆਪਣਾ ਕੰਮ ਕਰ ਸਕਣਗੇ। ਮਾਪਿਆਂ ਦੀਆਂ ਇਨਾਂ ਆਦਤਾਂ ਕਾਰਨ ਬੱਚੇ ਆਮ ਗਤੀਵਿਧੀਆਂ ਤੋਂ ਦੂਰ ਹੁੰਦੇ ਜਾ ਰਹੇ ਹਨ ਅਤੇ ਇਲੈਕਟ੍ਰਾਨਿਕ ਯੰਤਰਾਂ ’ਤੇ ਨਿਰਭਰ ਹੁੰਦੇ ਜਾ ਰਹੇ ਹਨ, ਜਿਸ ਕਾਰਨ ਸਿਰਦਰਦ, ਅੱਖਾਂ ਵਿੱਚ ਦਰਦ ਅਤੇ ਅਚਾਨਕ ਧੁੰਦਲਾ ਹੋਣਾ, ਮਾਸ਼ ਪੇਸ਼ੀਆਂ ਵਿੱਚ ਦਰਦ, ਰੀੜ ਦੀ ਹੱਡੀ ਵਿੱਚ ਦਰਦ, ਇਹੀ ਸਥਿੱਤੀ ਇਸ ਸਮੱਸਿਆ ਨੂੰ ਵਧਾ ਰਹੀ ਹੈ। ਉਹਨਾਂ ਦੱਸਿਆ ਕਿ ਅੱਜ ਬੱਚੇ ਵੀ ਮੋਬਾਇਲ ਫੋਨ ਦੀ ਵਰਤੋਂ ਦੇ ਮਾਮਲੇ ’ਚ ਵੱਡਿਆਂ ਨਾਲੋਂ ਘੱਟ ਨਹੀਂ ਹਨ। ਜੇਕਰ ਮੋਬਾਇਲ ਫੋਨ ਦੀ ਗੱਲ ਕਰੀਏ ਤਾਂ ਇੱਕ ਅੰਦਾਜੇ ਅਨੁਸਾਰ ਸਾਡੇ ਦੇਸ਼ ਅੰਦਰ ਲਗਭਗ 30 ਫੀਸਦੀ ਬੱਚਿਆਂ ਨੂੰ 10 ਸਾਲ ਦੀ ਉਮਰ ਤੱਕ ਤੇ 70 ਫੀਸਦੀ ਬੱਚਿਆਂ ਨੂੰ 12 ਸਾਲ ਦੀ ਉਮਰ ਤੱਕ ਮੋਬਾਇਲ ਫੋਨ ਮਿਲ ਜਾਂਦਾ ਹੈ। ਅੰਤ ਵਿੱਚ ਉਹਨਾਂ ਬੱਚਿਆਂ ਤੋਂ ਪ੍ਰਣ ਕਰਵਾਇਆ ਕਿ ਉਹ ਮੋਬਾਇਲ ਫੋਨ ਦੀ ਬਿਲਕੁਲ ਵੀ ਵਰਤੋਂ ਨਹੀਂ ਕਰਨਗੇ। ਉਹਨਾ ਬੱਚਿਆਂ ਦੇ ਮਾਪਿਆਂ ਨੂੰ ਵੀ ਬੇਨਤੀ ਕੀਤੀ ਕਿ ਆਪਣੇ ਬੱਚਿਆਂ ਨੂੰ ਮੋਬਾਇਲ ਚਲਾਉਣ ਦੀ ਆਗਿਆ ਨੇ ਦਣ। ਇਸ ਮੌਕੇ ਹੋਰਨਾ ਤੋਂ ਇਲਾਵਾ ਸਕੂਲ ਦਾ ਸਮੁੱਚਾ ਸਟਾਫ ਅਤੇ ਵਿਦਿਆਰਥੀ ਵੀ ਹਾਜਰ ਸਨ।