ਕੋਟਕਪੂਰਾ, 24 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਇੰਟਰਨੈਸ਼ਨਲ ਮਿਲੇਨੀਅਮ ਸਕੂਲ ਵਿਖੇ ਚੇਅਰਮੈਨ ਜਸਕਰਨ ਸਿੰਘ ਦੀ ਅਗਵਾਈ ਹੇਠ ਵਿਸ਼ਵ ਪੁਸਤਕ ਦਿਵਸ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਪੁਸਤਕ ਦਿਵਸ ਦੀ ਮਹੱਤਤਾ ਬਾਰੇ ਜਾਣੂ ਕਰਵਾਉਂਦਿਆਂ ਬੱਚਿਆਂ ਨੂੰ ਦੱਸਿਆ ਕਿ ਇਸ ਦਿਵਸ ਦਾ ਆਯੋਜਨ ਸੰਯੁਕਤ ਰਾਸ਼ਟਰ ਦੇ ਸਿੱਖਿਆ ਸੰਗਠਨ ਯੂਨੈਸਕੋ ਵਲੋਂ ਕੀਤਾ ਜਾਂਦਾ ਹੈ। ਜਿਸ ਦਾ ਉਦੇਸ਼ ਨੌਜਵਾਨਾਂ ’ਚ ਕਿਤਾਬਾਂ ਪੜਣ ਦੀ ਜਗਿਆਸਾ ਪੈਦਾ ਕਰਨਾ ਹੈ। ਮੈਡਮ ਕਾਜਲ ਨੇ ਬੱਚਿਆਂ ਨੂੰ ਦੱਸਿਆ ਕਿ ਪੁਸਤਕ ਦਿਵਸ ਹਰ ਸਾਲ 23 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਸ ਨੂੰ ਵਿਸ਼ਵ ਪੁਸਤਕ ਦਿਵਸ, ਕਾਪੀਰਾਈਟ ਦਿਵਸ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਤਾਰੀਖ ਦਾ ਐਲਾਨ ਯੂਨੈਸਕੋ ਵੱਲੋਂ ਕਿਤਾਬਾਂ ਅਤੇ ਲੇਖਕਾਂ ਨੂੰ ਯਾਦ ਕਰਨ ਅਤੇ ਪੂਰੀ ਦੁਨੀਆਂ ਦਾ ਧਿਆਨ ਖਿੱਚਣ ਦੇ ਉਦੇਸ਼ ਨਾਲ ਕੀਤਾ ਗਿਆ ਸੀ। ਆਪਣੇ ਸੰਬੋਧਨ ਦੌਰਾਨ ਚੇਅਰਮੈਨ ਜਸਕਰਨ ਸਿੰਘ ਨੇ ਦੱਸਿਆ ਕਿ 23 ਅਪ੍ਰੈਲ ਵਿਸ਼ਵ ਸਾਹਿਤ ਲਈ ਇੱਕ ਮਹੱਤਵਪੂਰਨ ਤਾਰੀਖ ਹੈ, ਕਿਉਂਕਿ ਇਹ ਕਈ ਮਹਾਨ ਹਸਤੀਆਂ ਦੀ ਬਰਸੀ ਸੀ। ਪੁਸਤਕਾਂ ਅਤੇ ਲੇਖਕਾਂ ਨੂੰ ਯਾਦ ਕਰਨ ਦੇ ਮਕਸਦ ਨਾਲ ਇਸ ਤਰੀਕ ਦਾ ਐਲਾਨ ਕੀਤਾ ਗਿਆ ਸੀ। ਉਹਨਾ ਦੱਸਿਆ ਕਿ ਸ਼ੇਕਸਪੀਅਰ ਦੀ ਮੌਤ 23 ਅਪ੍ਰੈਲ 1616 ਨੂੰ ਹੋਈ ਸੀ। ਸ਼ੇਕਸਪੀਅਰ ਅਜਿਹਾ ਮਹਾਨ ਲੇਖਕ ਸੀ, ਜਿਸ ਦੀਆਂ ਰਚਨਾਵਾਂ ਦਾ ਦੁਨੀਆਂ ਦੀਆਂ ਜਿਆਦਾਤਰ ਭਾਸ਼ਾਵਾਂ ’ਚ ਅਨੁਵਾਦ ਹੋਇਆ। ਸ਼ੇਕਸਪੀਅਰ ਨੇ ਆਪਣੇ ਜੀਵਨ ਕਾਲ ਦੌਰਾਨ ਲਗਭਗ 35 ਨਾਟਕ ਅਤੇ 200 ਤੋਂ ਵੱਧ ਕਵਿਤਾਵਾਂ ਲਿਖੀਆਂ ਅਤੇ ਪਾਠਕ ਉਨਾਂ ਸਾਰੀਆਂ ਮਹਾਨ ਸਖਸ਼ੀਅਤਾਂ ਨੂੰ ਯਾਦ ਕਰਦੇ ਹਨ, ਜਿਨਾਂ ਨੇ ਆਪਣੇ ਜੀਵਨ ਕਾਲ ਦੌਰਾਨ ਸੰਸਾਰ ਨੂੰ ਅਨੇਕਾਂ ਨਾਮਵਰ ਕਾਰਜਾਂ ਦੀ ਬਖਸ਼ਿਸ ਕੀਤੀ ਸੀ। ਇਸ ਲਈ 23 ਅਪ੍ਰੈਲ ਨੂੰ ਵਿਸ਼ਵ ਪੁਸਤਕ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਸਕੂਲ ਦਾ ਸਮੁੱਚਾ ਸਟਾਫ ਅਤੇ ਵਿਦਿਆਰਥੀ ਵੀ ਹਾਜਰ ਸਨ।