ਕੋਟਕਪੂਰਾ, 11 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
12ਵੀਂ ਸਦੀ ਦੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫਰੀਦ ਜੀ ਨਾਲ ਸੰਬੰਧਿਤ ਧਾਰਮਿਕ ਸਥਾਨ ਟਿੱਲਾ ਬਾਬਾ ਫਰੀਦ ਜੀ ਅਤੇ ਗੁਰੂਦੁਆਰਾ ਮਾਈ ਗੋਦੜੀ ਸਾਹਿਬ ਨੂੰ ਨਵੇਂ ਮੁਕਾਮ ‘ਤੇ ਲਿਜਾਣ ਵਾਲੇ 97 ਸਾਲਾ ਇੰਦਰਜੀਤ ਸਿੰਘ ਸੇਖੋਂ (ਖਾਲਸਾ) ਕੱਲ੍ਹ ਮਿਤੀ 10 ਦਸੰਬਰ 2023 ਨੂੰ ਫੋਰਟਸ ਹਸਪਤਾਲ, ਚੰਡੀਗੜ੍ਹ ਵਿਖੇ ਦੁਪਹਿਰ ਦੇ 4:25 ਵਜੇ ਆਪਣੀ ਸੰਸਾਰਿਕ ਯਾਤਰ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਇੰਦਰਜੀਤ ਸਿੰਘ ਸੇਖੋਂ (ਖਾਲਸਾ) ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ ਇਸ ਨਾਲ ਉਹਨਾਂ ਦੀ ਸਿਹਤ ਬਹੁਤ ਨਾਜ਼ੁਕ ਹੋ ਚੁੱਕੀ ਸੀ। ਤਾਜ ਪਬਲਿਕ ਸਕੂਲ, ਜੰਡ ਸਾਹਿਬ ਵੱਲੋਂ ਚੋਟੀ ਦੇ ਵਕੀਲ, ਉੱਘੇ ਸਿਆਸਤਦਾਨ, ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਦੇ ਮੁਖੀ ਬਾਬ ਬੋਹੜ ਵਜੋਂ ਜਾਣੇ ਜਾਂਦੇ ਇੰਦਰਜੀਤ ਸਿੰਘ ਸੇਖੋਂ (ਖਾਲਸਾ) ਜੀ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਕੂਲ ਦੀ ਪ੍ਰਾਰਥਨਾ ਸਭਾ ਵਿੱਚ ਸਮੂਹ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਵੱਲੋਂ ਦੋ ਮਿੰਟ ਦਾ ਮੌਨ ਧਾਰਿਆ ਗਿਆ। ਸਕੂਲ ਦੇ ਪ੍ਰਿੰਸੀਪਲ ਡਾ. ਰਜਿੰਦਰ ਕਸ਼ਯਪ, ਚੇਅਰਮੈਨ ਹਰਪ੍ਰੀਤ ਸਿੰਘ ਸੰਧੂ, ਜਗਮੀਤ ਸਿੰਘ ਸੰਧੂ, ਮੈਡਮ ਰਮਨਦੀਪ ਕੌਰ ਸੰਧੂ, ਮੈਡਮ ਸ਼ਮਨਪ੍ਰੀਤ ਕੌਰ ਸੰਧੂ ਵੱਲੋਂ ਝੰਡਾ ਨੀਵਾਂ ਕਰਕੇ ਇੰਦਰਜੀਤ ਸਿੰਘ ਸੇਖੋਂ (ਖਾਲਸਾ) ਨੂੰ ਸ਼ਰਧਾਜਲੀ ਦਿੱਤੀ ਗਈ ਅਤੇ ਵਿਛੜੀ ਰੂਹ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਦੀ ਪ੍ਰਾਰਥਨਾ ਕੀਤੀ ਗਈ। ਉਹਨਾਂ ਦੀ ਫਰੀਦਕੋਟ ਸ਼ਹਿਰ ਨੂੰ ਬਹੁਤ ਵੱਡੀ ਦੇਣ ਹੈ।