ਗੱਲਾਂ ਪਿਛਲੀਆਂ ਭੁੱਲ-ਭੁਲਾ ਕੇ,
ਕਰੀਏ ਇੱਕ ਨਵੀਂ ਸ਼ੁਰੂਆਤ।
ਛੱਡ ਪਰ੍ਹਾਂ ਉਹ ਬੀਤਿਆ ਵੇਲਾ,
ਚੜ੍ਹਦੀ ਵੇਖੀਏ ਕਿੰਜ ਪਰਭਾਤ।
ਜਿੱਦਾਂ ਬੀਤੇ ਦੁੱਖ ਤੇ ਪੀੜਾ,
ਬੀਤ ਜਾਣੀ ਇਹ ਕਾਲੀ ਰਾਤ।
ਲਾਹ ਕੇ ਚਾਦਰ ਮੂੰਹ ਦੇ ਉੱਤੋਂ,
ਮਾਰ ਜ਼ਰਾ ਅੰਬਰ ਵੱਲ ਝਾਤ।
ਆ ਮਿਲੀਏ ਗਲਵੱਕੜੀ ਪਾ ਕੇ,
ਰਹਿ ਨਾ ਜਾਏ ਮਨ ਵਿੱਚ ਬਾਤ।
ਨ੍ਹੇਰੇ ਦੀ ਸਾਜ਼ਿਸ਼ ਨੂੰ ਆਪਾਂ,
ਮਿਲ ਕੇ ਦੇ ਦੇਣੀ ਹੈ ਮਾਤ।
ਭਰੇ ਹੋਏ ਭੰਡਾਰ ਨੇ ਓਹਦੇ,
ਹਰ-ਦਮ ਹਰ-ਪਲ ਵੰਡਦੈ ਦਾਤ।
ਇਹ ਜੀਵਨ ਜੋ ਦਿੱਤੈ ਓਹਨੇ,
ਇਹ ਵੀ ਤਾਂ ਓਹਦੀ ਸੌਗ਼ਾਤ।
ਮਿਲਣੇ ਦਾ ਇਹ ਨਸ਼ਾ ਕੈਸਾ ਹੈ,
ਅੱਖਾਂ ‘ਚੋਂ ਵਗਦੀ ਬਰਸਾਤ।
ਲੱਗਦੈ ਏਸ ਮਿਲਾਪ-ਘੜੀ ਵਿੱਚ,
ਇੱਕਮਿਕ ਹੋ ਗਈ ਹੈ ਕਾਇਨਾਤ।
ਥਿਰ ਨਾਹੀਂ ਇਸ ਧਰਤ ਤੇ ਕੋਈ,
ਜੈਸੇ ਫੁੱਲਾਂ ਦੀ ਬਾਗ਼ਾਤ।
ਪਰਉਪਕਾਰ ਤੇ ਸਦਗੁਣ ਰਹਿਣੇ,
ਕਿਸੇ ਨਾ ਪੁੱਛਣੀ ਸਾਡੀ ਜ਼ਾਤ।

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.