ਕੋਟਕਪੂਰਾ, 5 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਕੂਲ ਦੇ ਪ੍ਰਿੰਸੀਪਲ ਲੀਡਰ ਅਤੇ ਸੁਪਰਵਾਈਜ਼ਰ ਹੁੰਦੇ ਹਨ, ਜੋ ਸਕੂਲ ਜਾਂ ਵਿਦਿਅਕ ਸੰਸਥਾ ਦੇ ਰੋਜ਼ਾਨਾ ਪ੍ਰਸ਼ਾਸਨ ਅਤੇ ਸੰਚਾਲਨ ਦਾ ਪ੍ਰਬੰਧਨ ਕਰਦੇ ਹਨ। ਉਹ ਸਕੂਲ ਵਿੱਚ ਅਨੁਸ਼ਾਸਨ, ਅਕਾਦਮਿਕ ਪ੍ਰਦਰਸ਼ਨ, ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ, ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਨਾਲ ਸਬੰਧਤ ਨੀਤੀਆਂ ਨੂੰ ਲਾਗੂ ਕਰਨ ਲਈ ਅਧਿਆਪਕਾਂ ਲਈ ਪ੍ਰਕਿਰਿਆਵਾਂ, ਪ੍ਰੋਗਰਾਮਾਂ ਅਤੇ ਵਿਧੀਆਂ ਤਿਆਰ ਕਰਦੇ ਹਨ।ਅਜਿਹੀਆਂ ਨੀਤੀਆਂ ਨੂੰ ਲਾਗੂ ਕਰਦੇ ਹੋਏ ਐਸ.ਬੀ.ਆਰ.ਐਸ. ਗੁਰੂਕੂਲ ਸਕੂਲ ਦੇ ਡਾਇਰੈਕਟਰ/ਪ੍ਰਿੰਸੀਪਲ ਧਵਨ ਕੁਮਾਰ ਨੇ ਹਾਲ ਹੀ ਵਿੱਚ ਬੱਚਿਆਂ ਦੇ ਨਾਲ *ਲੰਚ ਵਿਦ ਪ੍ਰਿੰਸੀਪਲ* ਗਤੀਵਿਧੀ ਦਾ ਆਯੋਜਨ ਕੀਤਾl ਬੱਚਿਆਂ ਨੂੰ ਇੱਕ ਦਿਨ ਪਹਿਲਾਂ ਹੀ ਨਿਰਦੇਸ਼ਿਤ ਕਰ ਦਿੱਤਾ ਗਿਆ ਸੀ ਕਿ ਉਹ ‘ਲੰਚ ਵਿਦ ਪ੍ਰਿੰਸੀਪਲ’ ਗਤੀਵਿਧੀ ਵਿੱਚ ਸ਼ਾਮਲ ਹੋਣ ਲਈ ਘਰ ਤੋਂ ਰੋਟੀ ਦੇ ਨਾਲ ਹਰੀ ਸਬਜ਼ੀ ਲੈ ਕੇ ਆਉਣ ਤਾਂ ਕਿ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਮੌਸਮੀ ਅਤੇ ਹਰੀਆਂ ਸਬਜ਼ੀਆਂ ਖਾਣ ਲਈ ਪ੍ਰੇਰਿਤ ਕਰਨ ਦੇ ਨਾਲ਼-ਨਾਲ਼ ਪੋਸ਼ਟਿਕ ਆਹਾਰ ਤੋਂ ਵੀ ਜਾਣੂ ਕਰਵਾਇਆ ਜਾ ਸਕੇl ਇਸ ਇਵੇਂਟ ਨੂੰ ਲੈ ਕੇ ਬੱਚਿਆਂ ਅਤੇ ਮਾਪਿਆਂ ਵਿੱਚ ਬਹੁਤ ਉਤਸ਼ਾਹ ਦੇਖਿਆ ਗਿਆl ਸਾਰੇ ਵਿਦਿਆਰਥੀਆਂ ਦੇ ਟਿਫਨ ਬਾਕਸ ਵਿੱਚ ਮਾਪਿਆਂ ਵੱਲੋਂ ਦੁਪਹਿਰ ਦੇ ਖਾਣੇ ਵਿੱਚ ਹਰੀ ਸਬਜ਼ੀ ਭੇਜ ਕੇ ਸਕੂਲ ਦਾ ਸੰਪੂਰਨ ਤੌਰ ‘ਤੇ ਸਮਰਥਨ ਕੀਤਾ ਗਿਆ ਅਤੇ ਇਸ ਗੱਲ ਦੀ ਖੁਸ਼ੀ ਵੀ ਜ਼ਾਹਿਰ ਕੀਤੀ ਗਈ ਕਿ ਬੱਚਿਆਂ ਦੀ ਸਿਹਤਯਾਬੀ ਲਈ ਉਹਨਾਂ ਨੂੰ ਹਰੀਆਂ ਸਬਜ਼ੀਆਂ ਖਾਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਗਤੀਵਿਧੀ ਵਿੱਚ ਪਹਿਲੀ ਤੋਂ ਦਸਵੀਂ ਜਮਾਤ ਦੇ ਸਾਰੇ ਵਿਦਿਆਰਥੀ ਸ਼ਾਮਿਲ ਹੋਏl ਸਕੂਲ ਦੇ ਡਾਇਰੈਕਟਰ/ਪ੍ਰਿੰਸੀਪਲ ਧਵਨ ਕੁਮਾਰ ਦੇ ਨਾਲ਼ ਵਿਦਿਆਰਥੀਆਂ ਅਤੇ ਸਮੂਹ ਅਧਿਆਪਕ ਸਾਹਿਬਾਨ ਨੇ ਸਕੂਲ ਦੇ ਹਰੇ ਭਰੇ ਮੈਦਾਨ ਵਿੱਚ ਇਕੱਠੇ ਬੈਠ ਕੇ ਲੰਚ ਕੀਤਾl ਜਿੱਥੇ ਇਸ ਗਤੀਵਿਧੀ ਦਾ ਆਯੋਜਨ ਕਰਨ ਨਾਲ ਵਿਦਿਆਰਥੀਆਂ ਅੰਦਰ ਪੋਸ਼ਟਿਕ ਭੋਜਨ ਦੇ ਪ੍ਰਤੀ ਜਾਗਰੂਕਤਾ ਪੈਦਾ ਹੋਈ ਉੱਥੇ ਹੀ ਇੱਕ ਦੂਜੇ ਨਾਲ ਮਿਲ ਵੰਡ ਕੇ ਖਾਣ ਦੀ ਭਾਵਨਾ ਵੀ ਪੈਦਾ ਹੋਈl ਸਕੂਲ ਵਿੱਚ ਇਸ ਤਰ੍ਹਾਂ ਦੀਆਂ ਕੀਤੀਆਂ ਜਾਣ ਵਾਲੀਆਂ ਨੈਤਿਕ ਮੁੱਲਾਂ ਭਰਪੂਰ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨl