ਕਿਹਾ, ਇਹ ਚੋਣ ਡਾ. ਅੰਬੇਦਕਰ ਦੇ ਸੰਵਿਧਾਨ ਨੂੰ ਬਚਾਉਣ ਲਈ ਲੜੀ ਜਾ ਰਹੀ ਹੈ
ਫਰੀਦਕੋਟ , 15 ਅਪੈ੍ਰਲ (ਵਰਲਡ ਪੰਜਾਬੀ ਟਾਈਮਜ)
ਫਰੀਦਕੋਟ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਇੱਥੇ ਡਾ. ਅੰਬੇਦਕਰ ਪਾਰਕ ਵਿਖੇ ਕੋਟਕਪੂਰਾ ਤੋਂ ਪਾਰਟੀ ਵਿਧਾਇਕ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਫਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਹਾਜਰੀ ’ਚ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ ਜਨਮ ਵਰੇਗੰਢ ਮੌਕੇ ਉਨਾਂ ਦੇ ਬੁੱਤ ਉੱਤੇ ਫੁੱਲ ਮਾਲਾ ਚੜ੍ਹਾ ਕੇ ਸ਼ਰਧਾ ਜਤਾਈ। ਇਸ ਮੌਕੇ ਜਲਸੇ ਸੰਬੋਧਨ ਕਰਦਿਆਂ ਕਰਮਜੀਤ ਅਨਮੋਲ ਨੇ ਕਿਹਾ ਕਿ ਇਸ ਵਾਰ ਲੋਕ ਸਭਾ ਦੀ ਚੋਣ ਕੋਈ ਸਧਾਰਨ ਚੋਣ ਨਹੀਂ ਬਲਕਿ ਦੇਸ਼ ਦੇ ਸੰਵਿਧਾਨ ਦੀ ਰਾਖੀ ਲਈ ਪਹਿਰੇਦਾਰੀ ਕਰਨ ਵਾਲੀ ਅਹਿਮ ਚੋਣ ਹੈ। ਉਹਨਾਂ ਕਿਹਾ ਕੀ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸੰਵਿਧਾਨ ਨੂੰ ਖਤਮ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਜੋ ਦੇਸ ਵਾਸੀਆਂ ਦੇ ਸਾਹਮਣੇ ਹਨ। ਦੇਸ ਦਾ ਪ੍ਰਬੰਧ ਡਾ. ਭੀਮ ਰਾਓ ਅੰਬੇਡਕਰ ਸਾਹਿਬ ਵੱਲੋਂ ਤਿਆਰ ਕੀਤੇ ਸੰਵਿਧਾਨ ਮੁਤਾਬਿਕ ਨਹੀਂ, ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਾਨਾਸ਼ਾਹ ਫਰਮਾਨਾਂ ਨਾਲ ਚਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇ ਗਲਤੀ ਨਾਲ ਤੀਜੀ ਵਾਰ ਮੋਦੀ ਸੱਤਾ ’ਚ ਆਉਂਦੇ ਹਨ ਤਾਂ ਨਾ ਸੰਵਿਧਾਨ ਬਚੇਗਾ ਅਤੇ ਨਾ ਹੀ ਲੋਕਤੰਤਰ ਬਚੇਗਾ। ਉਹਨਾਂ ਕਿਹਾ ਕਿ ਲੜਾਈ ਹੁਣ ਸਿਰਫ ਪੰਜਾਬ ਦੀ ਨਹੀਂ ਸਗੋਂ ਸਮੁੱਚੇ ਹਿੰਦੁਸਤਾਨ ਦੀ ਲੜਾਈ ਹੈ। ਜੋ ਆਮ ਆਦਮੀ ਪਾਰਟੀ ਦੇ ਹੱਥ ਮਜਬੂਤ ਕਰਕੇ ਹੀ ਜਿੱਤੀ ਜਾ ਸਕਦੀ ਹੈ। ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਬਾਬਾ ਸਾਹਿਬ ਦੇ ਜਨਮ ਦਿਵਸ ’ਤੇ ਸਭ ਨੂੰ ਮੁਬਾਰਿਕਵਾਦ ਦਿੰਦਿਆਂ ਉਨ੍ਹਾਂ ਦੀ ਸੋਚ ’ਤੇ ਪਹਿਰਾ ਦੇਣ ਦਾ ਅਹਿਦ ਲਿਆ।