ਮਾਣਮੱਤੇ ਸ਼ਾਇਰ ਤੇ ਸਮਾਜ ਸੇਵੀ ਸ਼ਿਵਨਾਥ ਦਰਦੀ ਬਣੇ ਦੂਜੀ ਵਾਰ ਪ੍ਰਧਾਨ
ਫ਼ਰੀਦਕੋਟ 6 ਅਪ੍ਰੈਲ ( ਵਰਲਡ ਪੰਜਾਬੀ ਟਾਈਮਜ)
ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਦੀ ਸਭਾ ਕਮੇਟੀ 2024-25 ਦੀ ਸਾਲਾਨਾ ਚੋਣ ਸ਼ੇਖ ਫ਼ਰੀਦ ਵੋਕੇਸ਼ਨਲ ਸੈਂਟਰ ਫ਼ਰੀਦਕੋਟ ਵਿਖੇ ਹੋਈ । ਜਿਸ ਵਿੱਚ ਪੰਜਾਬੀ ਮਾਂ-ਬੋਲੀ ਦੇ ਮਾਣਮੱਤੇ ਸ਼ਾਇਰ ਤੇ ਉੱਘੇ ਸਮਾਜ-ਸੇਵੀ ਸ਼੍ਰੀ ਸ਼ਿਵਨਾਥ ਦਰਦੀ ਨੂੰ ਸਰਬਸੰਮਤੀ ਨਾਲ ਮਤਾ ਪਾ ਕੇ ਦੂਜੀ ਵਾਰ ਪ੍ਰਧਾਨ ਚੁਣਿਆ ਗਿਆ । ਪਿਛਲੇ ਸਮੇਂ ਦੌਰਾਨ, ਸਭਾ ਪ੍ਰਤੀ ਉਹਨਾਂ ਦੀ ਚੰਗੀ ਕਾਰਗੁਜਾਰੀ ਨੂੰ ਦੇਖਦੇ ਹੋਏ, ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਉਹਨਾਂ ਦੀ ਚੋਣ ਲਈ ਸਹਿਮਤੀ ਪ੍ਰਗਟਾਈ ਗਈ । ਸਭਾ ਦੇ ਚੇਅਰਮੈਨ ਪ੍ਰੋ. ਬੀਰ ਇੰਦਰ ਦੀ ਯੋਗ ਅਗਵਾਈ ਹੇਠ ਹੋਈ ਸਭਾ ਕਮੇਟੀ ਦੀ ਇਸ ਸਾਲਾਨਾ ਚੋਣ ਵਿੱਚ ਲੱਗਭਗ ਇੱਕ ਦਰਜਨ ਸਾਹਿਤਕਾਰਾਂ ਨੇ ਹਿੱਸਾ ਲਿਆ । ਇਸ ਦੌਰਾਨ ਉੱਘੇ ਸਾਹਿਤਕਾਰ ਸ਼੍ਰੀ ਕਸ਼ਮੀਰ ਮਾਨਾ ਨੂੰ ਖਜਾਨਚੀ ਤੇ ਉੱਘੇ ਸਮਾਜ ਸੇਵੀ ਸ. ਕੇ.ਪੀ.ਸਿੰਘ ਨੂੰ ਵਿੱਤ ਸਲਾਹਕਾਰ ਚੁਣਿਆ ਗਿਆ । ਇਸ ਚੋਣ ਲਈ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਸਭਾ ਦੇ ਸਕੱਤਰ ਸ. ਸਰਬਰਿੰਦਰ ਸਿੰਘ ਬੇਦੀ ਨੇ ਕੀਤੀ ਅਤੇ ਪ੍ਰਬੰਧ ਮੀਤ ਪ੍ਰਧਾਨ ਸ. ਗੁਰਜੀਤ ਹੈਰੀ ਢਿੱਲੋਂ ਵੱਲੋਂ ਕੀਤੇ ਗਏ । ਇਸ ਤੋਂ ਇਲਾਵਾ ਇਸ ਮੀਟਿੰਗ ਵਿੱਚ ਕੀਤੇ ਜਾਣ ਵਾਲੇ ਸਾਲਾਨਾ ਸਮਾਗਮਾਂ ਅਤੇ ਸਭਾ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਜਰੂਰੀ ਨਿਯਮਾਂ ਦੇ ਨਾਲ ਕਈ ਹੋਰ ਮਹੱਤਵਪੂਰਨ ਫ਼ੈਸਲਿਆਂ ਉੱਤੇ ਵੀ ਵਿਚਾਰ ਚਰਚਾ ਕੀਤੀ ਗਈ ।
ਇਸਦੇ ਨਾਲ ਹੀ ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਦੀ ਦੂਜੀ ਵਰ੍ਹੇਗੰਢ ਵੀ ਧੂਮਧਾਮ ਨਾਲ ਮਨਾਈ ਅਤੇ ਸਮੂਹ ਅਹੁਦੇਦਾਰਾਂ ਨੇ ਕੇਕ ਕੱਟ ਕੇ ਖੁਸ਼ੀ ਦਾ ਇਜ਼ਹਾਰ ਕੀਤਾ । ਇਸ ਮੌਕੇ ਸ. ਦਵਿੰਦਰ ਸਿੰਘ (ਮਾਸਟਰ ਵਰਲਡ ਇਮੀਗ੍ਰੇਸ਼ਨ ਫ਼ਰੀਦਕੋਟ) ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ । ਨਵ-ਨਿਯੁਕਤ ਪ੍ਰਧਾਨ ਸ਼੍ਰੀ ਸ਼ਿਵਨਾਥ ਦਰਦੀ ਨੇ ਸਭਾ ਦੇ ਸਾਰੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਇਹ ਪ੍ਰਣ ਲਿਆ ਕਿ ਉਹ ਸਭਾ ਕਮੇਟੀ ਵੱਲੋਂ ਸੌਂਪੀ ਗਈ ਇਸ ਜਿੰਮੇਵਾਰੀ ਨੂੰ ਬਗੈਰ ਕਿਸੇ ਲਾਲਚ ਦੇ, ਤਨਦੇਹੀ ਤੇ ਸਮਰਪਿਤ ਭਾਵਨਾ ਨਾਲ ਨਿਭਾਉਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਆਪਸੀ ਮਿਲਵਰਤਨ ਦੁਆਰਾ ਸਭਾ ਨੂੰ ਹੋਰ ਵੀ ਬੁਲੰਦੀਆਂ ‘ਤੇ ਲਿਜਾਇਆ ਜਾਵੇਗਾ । ਇਸ ਤੋਂ ਇਲਾਵਾ ਸਭਾ ਵੱਲੋਂ ਪੰਜਾਬੀ ਮਾਂ-ਬੋਲੀ ਦੀ ਸੇਵਾ ਲਈ ਨਿਰੰਤਰ ਯਤਨ ਜਾਰੀ ਰਹਿਣਗੇ । ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸਭਾ ਲਈ ਸਮਰਪਿਤ ਭਾਵਨਾ ਨਾਲ ਕੰਮ ਕਰਨ ਦੇ ਚਾਹਵਾਨ ਨਵੇਂ ਮੈਂਬਰਾਂ ਨੂੰ ਸਭਾ ਵਿੱਚ ਸ਼ਾਮਿਲ ਕੀਤਾ ਜਾਵੇਗਾ ।
ਇਸ ਮੌਕੇ ਚੇਅਰਮੈਨ ਪ੍ਰੋ. ਬੀਰ ਇੰਦਰ, ਸੀਨੀਅਰ ਮੀਤ ਪ੍ਰਧਾਨ-1 ਡਾ. ਬਲਵਿੰਦਰ ਗਰਾਈਂ, ਸੀਨੀਅਰ ਮੀਤ ਪ੍ਰਧਾਨ-2 ਸ. ਸਰਬਰਿੰਦਰ ਸਿੰਘ ਬੇਦੀ, ਮੀਤ ਪ੍ਰਧਾਨ ਸ. ਗੁਰਜੀਤ ਹੈਰੀ ਢਿੱਲੋਂ, ਮੀਤ ਪ੍ਰਧਾਨ ਸ. ਰਾਜ ਗਿੱਲ ਭਾਣਾ, ਸਕੱਤਰ ਸ. ਸੁਖਵੀਰ ਸਿੰਘ ਬਾਬਾ, ਜਨਰਲ ਸਕੱਤਰ ਸ. ਜਸਵਿੰਦਰ ਸਿੰਘ ਜੱਸ, ਕਾਨੂੰਨੀ ਸਲਾਹਕਾਰ ਐਡਵੋਕੇਟ ਸ. ਪਰਦੀਪ ਸਿੰਘ, ਪ੍ਰੈਸ ਸਕੱਤਰ ਪ੍ਰੋ. ਹਰਪ੍ਰੀਤ ਐੱਸ., ਮੀਡੀਆ ਸਕੱਤਰ ਸ਼੍ਰੀ ਗਗਨ ਸਤਨਾਮ ਨੇ ਨਵ-ਨਿਯੁਕਤ ਪ੍ਰਧਾਨ ਸ਼੍ਰੀ ਸ਼ਿਵਨਾਥ ਦਰਦੀ, ਖਜਾਨਚੀ ਸ਼੍ਰੀ ਕਸ਼ਮੀਰ ਮਾਨਾ ਅਤੇ ਵਿੱਤ ਸਲਾਹਕਾਰ ਸ. ਕੇ.ਪੀ. ਸਿੰਘ ਦਾ ਸਵਾਗਤ ਕੀਤਾ ਅਤੇ ਵਧਾਈਆਂ ਦਿੱਤੀਆਂ ।