ਹਰੀਸ਼ ਵਰਮਾ ਪੰਜਾਬੀ ਸਿਨੇਮੇ ਦਾ ਇੱਕ ਨਾਮੀਂ ਅਦਾਕਾਰ ਹੈ ਜਿਸਨੇ ਰੰਗਮੰਚ ਤੋਂ ਬਾਅਦ ਫ਼ਿਲਮੀ ਪਰਦੇ ਵੱਲ ਕਦਮ ਵਧਾਉਦਿਆਂ ਆਪਣੀ ਵੱਖਰੀ ਪਛਾਣ ਬਣਾਈ ਹੈ। ਪੰਜਾਬੀ ਫਿਲਮ ‘ਯਾਰ ਅਣਮੁੱਲੇ’ ਨੇ ਉਸ ਨੂੰ ‘ਜੱਟ ਟਿੰਕਾ’ ਨਾਂ ਵੀ ਦਿੱਤਾ। ਅੱਜ ਵੀ ਬਹੁਤੇ ਦਰਸ਼ਕ ਉਸ ਨੂੰ ਜੱਟ ਟਿੰਕੇ ਵਜੋਂ ਹੀ ਜਾਣਦੇ ਹਨ। ਦਰਜ਼ਨਾਂ ਪੰਜਾਬੀ ਫ਼ਿਲਮਾਂ ਕਰ ਚੁੱਕਾ ਹਰੀਸ਼ ਫਿਲਮ ਦੀ ਚੋਣ ਬੜੀ ਸਮਝਦਾਰੀ ਨਾਲ ਕਰਦਾ ਹੈ। ‘ਬੁਰਰਾਅ, ਡੈਡੀ ਕੂਲ ਮੁੰਡੇ ਫੂਲ, ਹੈਪੀ ਗੋ ਲੱਕੀ, ਵਿਆਹ 70 ਕਿਲੋਮੀਟਰ, ਪ੍ਰੋਪਰ ਪਟੋਲਾ, ਸੂਬੇਦਾਰ ਜੁਗਿੰਦਰ ਸਿੰਘ, ਯਾਰ ਅਣਮੁੱਲੇ, ਗੋਲਕ ਬੁਗਨੀ ਬੈਂਕ ਬਟੂਆ, ਮੁੰਡਾ ਹੀ ਚਾਹੀਦਾ, ਲਾਈਏ ਜੇ ਯਾਰੀਆਂ, ਆਦਿ ਫ਼ਿਲਮਾਂ ਨਾਲ ਹਰੀਸ਼ ਵਰਮਾ ਕਲਾ ਦੇ ਖੇਤਰ ਵਿੱਚ ਕਈ ਕਦਮ ਅੱਗੇ ਵਧਿਆ। ਹੁਣ ਹਰੀਸ਼ ਵਰਮਾ ਆਪਣੀ ਨਵੀਂ ਫ਼ਿਲਮ ‘ਡਰਾਮੇ ਆਲੇ’ ਨਾਲ ਪੰਜਾਬੀ ਪਰਦੇ ‘ਤੇ ਮੁੜ ਹਾਜ਼ਰ ਹੋ ਰਿਹਾ ਹੈ।ਜੋ ਕਿ ਲਹਿੰਦੇ ਅਤੇ ਚੜਦੇ ਪੰਜਾਬ ਦੇ ਸਾਂਝੇ ਕਲਾਕਾਰਾਂ ਦੀ ਫ਼ਿਲਮ ਹੈ। ਇਹ ਫਿਲਮ ਪਾਕਿਸਤਾਨ ਤੋਂ ਹੀ ਲੰਡਨ ਨਾਟਕ ਖੇਡਣ ਆਏ ਥੀਏਟਰ ਕਲਾਕਾਰਾਂ ਦੇ ਦੁਆਲੇ ਘੁੰਮਦੀ ਹੈ। 19 ਜਨਵਰੀ ਨੂੰ ਦੁਨੀਆਂ ਭਰ ਵਿੱਚ ਰਿਲੀਜ ਹੋ ਰਹੀ ਇਸ ਫ਼ਿਲਮ ਨਾਲ ਦੋਹਾਂ ਮੁਲਕਾਂ ਦੀ ਕਲਾਤਮਿਕ ਸਾਂਝ ਹੋਰ ਗੂੜੀ ਹੋਵੇਗੀ। ਕਾਮੇਡੀ, ਰੁਮਾਂਸ ਤੇ ਸੋਸ਼ਲ ਡਰਾਮੇ ਦਾ ਸੁਮੇਲ ਇਸ ਫ਼ਿਲਮ ਵਿੱਚ ਚੜਦੇ ਪੰਜਾਬ ਤੋਂ ਹਰੀਸ਼ ਵਰਮਾ, ਸ਼ਰਨ ਕੌਰ ਅਤੇ ਸੁਖਵਿੰਦਰ ਚਾਹਲ ਨੇ ਮੁੱਖ ਭੂਮਿਕਾ ਨਿਭਾਈ ਹੈ। ਜਦ ਲਹਿੰਦੇ ਪੰਜਾਬ ਤੋਂ ਨਾਮਵਾਰ ਅਦਾਕਾਰਾ ਰੂਬੀ ਅਨਮ, ਸਰਦਾਰ ਕਾਮਾਲ, ਮਲਿਕ ਆਸਫ ਇਕਬਾਲ, ਹਨੀ ਅਲਬੇਲਾ ਤੇ ਕੇਸਰ ਪਿਆ ਨੇ ਅਹਿਮ ਭੂਮਿਕਾ ਨਿਭਾਈ ਹੈ। ਪੰਜਾਬੀ ਰੰਗਮੰਚ ਤੋਂ ਆਪਣੇ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਕਰਨ ਵਾਲਾ ਹਰੀਸ਼ ਵਰਮਾ ਹੁਣ ਇਸ ਫਿਲਮ ਜ਼ਰੀਏ ਫ਼ਿਲਮੀ ਪਰਦੇ ‘ਤੇ ਵੀ ਨਾਟਕ ਖੇਡਦਾ ਨਜ਼ਰ ਆਵੇਗਾ। ਇਸ ਫ਼ਿਲਮ ਵਿੱਚ ਹਰੀਸ਼ ਵਰਮਾ ਨੇ ਪਹਿਲੀ ਵਾਰ ਪੂਰੀ ਫਿਲਮ ਵਿੱਚ ਪੱਗ ਬੰਨੀ ਹੈ। ਫਿਲਮ ਦੀ ਕਹਾਣੀ ਦੇ ਨਾਲ ਨਾਲ ਇਸ ਦਾ ਸੰਗੀਤ ਵੀ ਦਿਲ ਟੁੰਭਦਾ ਨਜ਼ਰ ਆ ਰਿਹਾ ਹੈ। “ਗਿੱਲ ਮੋਸ਼ਨ ਪਿਕਚਰ” ਦੇ ਬੈਨਰ ਹੇਠ ਬਣੀ ਨਿਰਮਾਤਾ ਜਸਕਰਨ ਸਿੰਘ ਦੀ ਇਸ ਫਿਲਮ ਦੀ ਕਹਾਣੀ ਚੰਦਰ ਕੰਬੋਜ ਨੇ ਲਿਖੀ ਹੈ। ਫਿਲਮ ਨੂੰ ਡਾਇਰੈਕਟ ਚੰਦਰ ਕੰਬੋਜ ਅਤੇ ਉਪਿੰਦਰ ਰੰਧਾਵਾ ਨੇ ਸਾਂਝੇ ਤੌਰ ‘ਤੇ ਕੀਤਾ ਹੈ। ਫਿਲਮ ਦੇ ਸਹਿ ਨਿਰਮਾਤਾ ਵਿਕਾਸ ਧਵਨ, ਸੰਜੀਵ ਕੁਮਾਰ,ਰਾਜਵਿੰਦਰ ਕੌਰ ਅਤੇ ਅਜਰ ਭੱਟ ਹਨ। ਕਰੇਟਿਵ ਡਾਇਰੈਕਟਰ ਆਰ ਘਾਲੀ ਦੀ ਦੇਖਰੇਖ ਹੇਠ ਬਣੀ ਇਸ ਖ਼ੂਬਸੂਰਤ ਫ਼ਿਲਮ ਬਾਰੇ ਗੱਲਬਾਤ ਕਰਦਿਆਂ ਹਰੀਸ਼ ਵਰਮਾ ਨੇ ਦੱਸਿਆ ਕਿ ਇਸ ਫਿਲਮ ਦਾ ਟਾਈਟਲ ਹੀ ਫਿਲਮ ਬਾਰੇ ਬਹੁਤ ਕੁਝ ਬਿਆਨ ਕਰ ਰਿਹਾ ਹੈ। ਕਈ ਪੰਜਾਬੀ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੀ ਅਦਾਕਾਰਾ ਸ਼ਰਨ ਕੌਰ ਇਸ ਵਿੱਚ ਇੱਕ ਵੱਖਰੇ ਅੰਦਾਜ਼ ਵਿੱਚ ਨਜ਼ਰ ਆਵੇਗੀ। ਉਹ ਇਸ ਫ਼ਿਲਮ ਵਿੱਚ ਪਾਕਿਸਤਾਨ ਦੀ ਇੱਕ ਨਾਮੀ ਮੇਕਅੱਪ ਆਰਟਿਸਟ ਦਾ ਕਿਰਦਾਰ ਨਿਭਾ ਰਹੀ ਹੈ। ਫ਼ਿਲਮ ਦੇ ਲੇਖਕ ਤੇ ਡਾਇਰੈਕਟਰ ਚੰਦਰ ਕੰਬੋਜ ਮੁਤਾਬਕ ਇਹ ਫ਼ਿਲਮ ਦੋ ਮੁਲਕਾਂ ਦੀ ਆਪਣੀ ਕਲਾਤਮਿਕ ਸਾਂਝ ਦਾ ਨਮੂਨਾ ਹੋਵੇਗੀ ਅਤੇ ਪੰਜਾਬੀ ਸਿਨਮਾ ਦੇ ਮਾਣ ਵਿੱਚ ਹੋਰ ਵਾਧਾ ਕਰਦੀ ਇਹ ਫ਼ਿਲਮ ਦੋਵਾਂ ਪੰਜਾਬ ਦੀ ਸਾਂਝ ਵੀ ਹੋਰ ਗੂੜੀ ਕਰੇਗੀ।
ਜਿੰਦ ਜਵੰਦਾ