ਹਰ ਸਾਲ 23 ਅਪ੍ਰੈਲ ਨੂੰ ਦੁਨੀਆ ਭਰ ਵਿਚ ‘ਵਰਲਡ ਬੁੱਕ ਡੇਅ’ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਵਿਸ਼ਵ ਪੁਸਤਕ ਤੇ ਕਾਪੀਰਾਈਟ ਡੇਅ ਵੀ ਕਿਹਾ ਜਾਂਦਾ ਹੈ। ਇਸ ਸਾਲ ਅਸੀਂ 29 ਵਾ ਵਿਸ਼ਵ ਪੁਸਤਕ ਦਿਵਸ ਮਨਾ ਰਹੇ ਹਾਂ। ਵਿਸ਼ਵ ਪੁਸਤਕ ਦਿਵਸ ਨੂੰ ਕਿਤਾਬਾਂ ਪੜ੍ਹਨ, ਪ੍ਰਕਾਸ਼ਨ ਤੇ ਸਾਹਿਤ ਲਿਖਣ ਅਤੇ ਪੜ੍ਹਨ ਨੂੰ ਹੱਲਾਸ਼ੇਰੀ ਦੇਣ ਲਈ ਮਨਾਇਆ ਜਾਂਦਾ ਹੈ। ਕਿਤਾਬਾਂ ਸਾਡੀ ਜ਼ਿੰਦਗੀ ਦਾ ,ਸੱਭਿਆਚਾਰਕ ਵਿਰਸੇ ਦਾ, ਸਾਹਿਤ ਦਾ ਅਹਿਮ ਹਿੱਸਾ ਹਨ। ਕਿਤਾਬਾਂ ਸਾਡਾ ਵਡਮੁੱਲਾ ਖਜ਼ਾਨਾ ਤੇ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦੀਆਂ ਹਨ। ਇਹ ਨਾ ਸਿਰਫ਼ ਸਾਡਾ ਗਿਆਨ ਵਧਾਉਂਦੀਆਂ ਹਨ ਬਲਕਿ ਇਕੱਲੇਪਣ ‘ਚ ਸੱਚੇ ਮਿੱਤਰ ਦੀ ਭੂਮਿਕਾ ਵੀ ਨਿਭਾਉਂਦੀਆਂ ਹਨ। ਪੜ੍ਹਨ ਦੀ ਆਦਤ ਪਾਉਣ ਲਈ ਹੀ ਵਰਲਡ ਬੁੱਕ ਡੇਅ ਹਰ ਸਾਲ UNESCO ਵੱਲੋਂ ਮਨਾਇਆ ਜਾਂਦਾ ਹੈ।
ਯੂਨੈਸਕੋ ਨੇ 23 ਅਪ੍ਰੈਲ 1995 ਨੂੰ ਵਰਲਡ ਬੁੱਕ ਡੇਅ ਮਨਾਉਣ ਦੀ ਸ਼ੁਰੂਆਤ ਕੀਤੀ ਸੀ।
ਚੀਨ ਦੇ ਲੋਕ ਆਖਦੇ ਹਨ ਕਿ ਕਿਤਾਬ ਦੇ ਅੰਦਰ ਸੋਨੇ ਦਾ ਘਰ ਪਿਆ ਹੁੰਦਾ ਹੈ। ਇਸੇ ਤਰ੍ਹਾਂ ਆਈਸਲੈਂਡ ਦੀ ਕਹਾਵਤ ਹੈ ਕਿਤਾਬ ਵਿਹੂਣੇ ਹੋਣ ਨਾਲੋਂ ਜੁੱਤੀ ਵਿਹੂਣੇ ਹੋਣਾ ਬਿਹਤਰ ਹੈ। ਹੰਗਰੀ ਦੇ ਲੋਕ ਆਖਦੇ ਹਨ ਕਿ *ਕਿਤਾਬ ਖਾਮੋਸ਼ ਗੁਰੂ ਹੁੰਦੀ ਹੈ।
ਵਰਲਡ ਬੁੱਕ ਡੇਅ ਵਾਲੇ ਦਿਨ ਯੂਨੈਸਕੋ ਤੇ ਉਸ ਦੇ ਹੋਰ ਸਹਿਯੋਗੀ ਸੰਗਠਨ ਆਗਾਮੀ ਸਾਲ ਲਈ ਵਰਲਡ ਬੁੱਕ ਕੈਪੀਟਲ ਦੀ ਚੋਣ ਕਰਦੇ ਹਨ। ਇਸ ਦਾ ਉਦੇਸ਼ ਇਹ ਹੁੰਦਾ ਹੈ ਕਿ ਅਗਲੇ ਇਕ ਸਾਲ ਲਈ ਕਿਤਾਬਾਂ ਦੇ ਆਸ-ਪਾਸ ਪ੍ਰੋਗਰਾਮ ਕਰਵਾਏ ਜਾਣ। ਉਂਝ ਦੁਨੀਆ ਭਰ ਵਿਚ ਵਰਲਡ ਬੁੱਕ ਡੇਅ ਮਨਾਉਣ ਦਾ ਮਕਸਦ ਇਹੀ ਹੈ ਕਿ ਲੋਕਾਂ ਨੂੰ ਕਿਤਾਬਾਂ ਦੀ ਅਹਿਮੀਅਤ ਬਾਰੇ ਪਤਾ ਚੱਲੇ। ਪੈਰਿਸ ਵਿਚ ਯੂਨੈਸਕੋ ਦੀ ਇਕ ਆਮ ਸਭਾ ਵਿਚ ਫੈ਼ਸਲਾ ਲਿਆ ਗਿਆ ਸੀ ਕਿ ਦੁਨੀਆ ਭਰ ਦੇ ਲੇਖਕਾਂ ਦਾ ਸਨਮਾਨ ਤੇ ਸ਼ਰਧਾਂਜਲੀ ਦੇਣ ਤੇ ਕਿਤਾਬਾਂ ਪ੍ਰਤੀ ਰੁਚੀ ਜਾਗ੍ਰਿਤ ਕਰਨ ਲਈ ਹਰ ਸਾਲ 23 ਅਪ੍ਰੈਲ ਨੂੰ ਵਿਸ਼ਵ ਪੁਸਤਕ ਦਿਵਸ ਮਨਾਇਆ ਜਾਵੇਗਾ। ਇਸ ਦਿਵਸ ਜ਼ਰੀਏ ਦੁਨੀਆ ਭਰ ਵਿਚ ਸਾਖਰਤਾ ਨੂੰ ਹੱਲਾਸ਼ੇਰੀ ਦੇਣਾ ਵੀ ਹੈ।
ਮੇਰੀ ਇਕ ਗ਼ਜ਼ਲ ਵਿਸ਼ਵ ਪੁਸਤਕ ਦਿਵਸ ਨੂੰ ਸਮਰਪਿਤ।
ਗ਼ਜ਼ਲ
ਮੇਰੇ ਸ਼ਹਿਰ ਜਦੋਂ ਵੀ ਆਈਂ।
ਮੈਨੂੰ ਮਿਲੇ ਬਿਨਾਂ ਨਾ ਜਾਈਂ।
ਲੈ ਆਵੀਂ ਗ਼ਜ਼ਲਾਂ ਦੀ ਪੁਸਤਕ,
ਉਸ ਵਿੱਚੋ ਤੂੰ ਸ਼ਿਅਰ ਸੁਣਾਈਂ।
ਸੁਹਣੇ ਸੁਹਣੇ ਸ਼ਿਅਰ ਸੁਣਾ ਕੇ,
ਸ਼ਬਦਾਂ ਸੰਗ ਮੇਰੀ ਸਾਂਝ ਪੁਆਈਂ।
ਹਾਲ ਤੂੰ ਪੁੱਛੀਂ ਦਿਲ ਮੇਰੇ ਦਾ,
ਆਪਣਾ ਵੀ ਤੂੰ ਹਾਲ ਸੁਣਾਈਂ।
ਭੁੱਲ ਨਾ ਜਾਵੀਂ ਕਰਕੇ ਵਾਅਦਾ,
ਮਰਦੇ ਦਮ ਤੱਕ ਸਾਥ ਨਿਭਾਈਂ।
ਬਾਤ ਜਦੋਂ ਵੀ ਪਾਏ ‘ਅੰਜੂ’,
ਤੂੰ ਹੁੰਗਾਰਾ ਭਰਦਾ ਜਾਈਂ।
ਅੰਜੂ ਅਮਨ ਗਰੋਵਰ
Leave a Comment
Your email address will not be published. Required fields are marked with *