ਕਿਲੋਨਾ, 30 ਅਪ੍ਰੈਲ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਬੀ.ਸੀ. ਦੇ ਸ਼ਹਿਰ ਕਿਲੋਨਾ ਵਿਖੇ ਗੁਰਦੁਆਰਾ ਓਕਆਗਨ ਸਿੱਖ ਟੈਂਪਲ ਵੱਲੋਂ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ 14ਵਾਂ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਵਿਚ ਤਕਰੀਬਨ ਪੰਜ ਹਜਾਰ ਲੋਕ ਬੜੇ ਉਤਸ਼ਾਹ ਅਤੇ ਉਮਾਹ ਨਾਲ ਸ਼ਾਮਲ ਹੋਏ। ਨਗਰ ਕੀਤਰਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਮੋਟਰ ਸਾਈਕਲ ਸਵਾਰ ਅਤੇ ਅੰਗਰੇਜ਼ੀ ਬੈਂਡ ਪਾਰਟੀ ਨਗਰ ਕੀਰਤਨ ਦੀ ਸ਼ੋਭਾ ਵਿਚ ਵਾਧਾ ਕਰ ਰਹੇ ਸਨ। ਸ਼ਰਧਾਲੂਆਂ ਵੱਲੋਂ ਆਪਣੇ ਟਰੈਕਟਰ ਸਜਾ ਕੇ ਨਗਰ ਕੀਰਤਨ ਵਿਚ ਲਿਆਂਦੇ ਗਏ। ਬੱਚਿਆਂ ਵੱਲੋਂ ਗੱਤਕੇ ਦੇ ਜੌਹਰ ਦਿਖਾਏ ਗਏ। ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਇਆ ਇਹ ਨਗਰ ਕੀਰਤਨ ਲਾਗਲੀਆਂ ਗਲੀਆਂ ਵਿੱਚੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਪਹੁੰਚ ਕੇ ਸਮਾਪਤ ਹੋਇਆ। ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿਚ ਵੀ ਸ਼ਰਧਾਲੂਆਂ, ਕਾਰੋਬਾਰੀਆਂ, ਬੈਂਕਾਂ ਅਤੇ ਹੋਰ ਅਦਾਰਿਆਂ ਵੱਲੋਂ ਆਪੋ ਆਪਣੇ ਸਟਾਲ ਲਾਏ ਗਏ ਸਨ ਜਿਹਨਾਂ ਉਪਰ ਸ਼ਾਮ ਤੱਕ ਖੂਬ ਰੌਣਕ ਲੱਗੀ ਰਹੀ। ਮੌਸਮ ਸਾਜ਼ਗਾਰ ਨਾ ਹੋਣ ਦੇ ਬਾਵਜੂਦ ਸ਼ਰਧਾਲੂਆਂ ਦੇ ਉਤਸ਼ਾਹ ਮੱਠਾ ਨਹੀਂ ਪਿਆ।
ਇਸ ਨਗਰ ਕੀਰਤਨ ਉਪਰ ਗੁਲਾਟੀ ਪਬਲਿਸ਼ਰਜ਼ ਸਰੀ ਦੇ ਸਤੀਸ਼ ਗੁਲਾਟੀ ਵੱਲੋਂ ਪੁਸਤਕ ਪ੍ਰਦਰਸ਼ਨੀ ਲਾਈ ਗਈ। ਇਸ ਪ੍ਰਦਰਸ਼ਨੀ ਵਿਚ ਪੁਸਤਕ ਪ੍ਰੇਮੀਆਂ ਨੇ ਵਿਸ਼ੇਸ਼ ਦਿਲਚਸਪੀ ਦਿਖਾਈ, ਕਿਤਾਬਾਂ ਨੂੰ ਚੁੰਮਿਆਂ ਅਤੇ ਆਪਣਾ ਸਾਥੀ ਬਣਾਇਆ। ਪੁਸਤਕ ਪ੍ਰਦਰਸ਼ਨੀ ਲਈ ਸ਼ਾਇਰ ਪਾਲ ਢਿੱਲੋਂ, ਸ਼ਿੰਦਾ ਢਿੱਲੋਂ, ਬਲਜੀਤ ਸਿੰਘ, ਪਰਮਜੀਤ ਗਿੱਲ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਪਰਮਜੀਤ ਸਿੰਘ ਪਤਾਰਾ ਅਤੇ ਸਮੁੱਚੀ ਕਮੇਟੀ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਕ ਹੋਰ ਸੰਸਥਾ ਵੱਲੋਂ ਵੀ ਧਾਰਮਿਕ ਕਿਤਾਬਾਂ ਦਾ ਸਟਾਲ ਲਾਇਆ ਗਿਆ।
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਪਰਮਜੀਤ ਸਿੰਘ ਪਤਾਰਾ ਨੇ ਨਗਰ ਕੀਰਤਨ ਵਿਚ ਸ਼ਾਮਲ ਹੋਈ ਸੰਗਤ ਅਤੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ।
Leave a Comment
Your email address will not be published. Required fields are marked with *