ਸਿਰ ’ਤੇ ਹੱਥ ਪਲੋਸਣ ਵਾਲੇ।
ਨਿਰਛਲ ਸੱਚੇ ਭੋਲੇ ਭਾਲੇ।
ਸਭ ਦੀ ਧੀ ਨੂੰ ਧੀ ਕਹਿੰਦੇ ਸੀ।
ਇੱਕ ਮਰਿਆਦਾ ਵਿੱਚ ਰਹਿੰਦੇ ਸੀ।
ਜਾਂਦੇ ਸੀ ਸਤਿਕਾਰੇ ਲੋਕ।
ਕਿੱਥੇ ਤੁਰ ਗਏ ਪਿਆਰੇ ਲੋਕ?
ਬਲਦਾਂ ਦੇ ਗਲ ਟੋਲੀਆਂ ਖੜਕਣ।
ਪੇਰ੍ਹਾਂ ਦੇ ਵਿੱਚ ਲੈਅ ਦੀ ਥਰਕਣ।
ਹੱਲ ਪੰਝਾਲੀ ਲੈ ਕੇ ਜਾਂਦੇ।
ਸ਼ਾਮ ਢਲੇ ਨੂੰ ਵਾਪਿਸ ਆਂਦੇ।
ਮਿਹਨਤ ਦੇ ਵਣਜਾਰੇ ਲੋਕ।
ਕਿੱਥੇ ਤੁਰ ਗਏ ਪਿਆਰੇ ਲੋਕ?
ਸੱਥ ਵਿਚ ਮਿਰਜ਼ਾ ਗਾਵਣ ਵਾਲੇ।
ਠੰਢੀਆਂ ਛਾਵਾਂ ਮਾਨਣ ਵਾਲੇ।
ਰਲ ਮਲ ਭੰਗੜਾ ਪਾਵਣ ਵਾਲੇ।
ਰੁੱਸੇ ਯਾਰ ਮਨਾਵਣ ਵਾਲੇ।
ਵੰਡਦੇ ਫਿਰਨ ਨਜ਼ਾਰੇ ਲੋਕ।
ਕਿਥੇ ਤੁਰ ਗਏ ਪਿਆਰੇ ਲੋਕ?
ਬੱਚੇ ਮੁਫ਼ਤ ਪੜ੍ਹਾਂਦੇ ਸੀ ਜੋ।
ਭਗਤੀ ਬੱਲ ਸਿਖਾਂਦੇ ਸੀ ਜੋ।
ਪੁੱਤਾਂ ਵਾਂਗੂੰ ਪਾਲਣ ਵਾਲੇ।
ਕੁਕਰਮ ਤੋਂ ਟਾਲਣ ਵਾਲੇ।
ਸੱਚੇ ਤਾਰਨਹਾਰੇ ਲੋਕ।
ਕਿੱਥੇ ਤੁਰ ਗਏ ਪਿਆਰੇ ਲੋਕ?
ਸਫ਼ਰ ’ਚ ਵੇਖ ਪੰਜਾਬੀ ਮੁੰਡੇ।
ਜ਼ੁਰਰਤ ਨਈਂ ਸੀ ਕਰਦੇ ਗੁੰਡੇ।
ਧੀਆਂ ਭੈਣਾਂ ਚੈਨ ’ਚ ਬੈਠਣ।
ਦਿਨ ਹੋਵੇ ਜਾਂ ਰੈਣ ’ਚ ਬੈਠਣ
ਇੱਜ਼ਤਦਾਰ ਨਿਆਰੇ ਲੋਕ।
ਕਿੱਥੇ ਤੁਰ ਗਏ ਪਿਆਰੇ ਲੋਕ?
ਧੀ-ਜਵਾਈ ਜਦ ਪਿੰਡ ’ਚ ਆਏ।
ਹਰ ਕੋਈ ਸਧਰਾਂ ਨਾਲ ਬੁਲਾਏ।
ਕੁੜੀਏ ਰਾਜੀ-ਬਾਜੀ ਏਂ ਨਾ।
ਸੱਸ ਸਹੁਰਾ ਵੀ ਰਾਜੀ ਏ ਨਾ।
ਜਾਂਦੇ ਵਾਰੇ-ਵਾਰੇ ਲੋਕ।
ਕਿੱਥੇ ਤੁਰ ਗਏ ਪਿਆਰੇ ਲੋਕ?
ਠੰਢੀਆਂ ਠਾਰ ਹਵਾਵਾਂ ਅੰਦਰ।
ਸਾਂਝ ਪ੍ਰੀਤਾਂ ਛਾਵਾਂ ਅੰਦਰ।
ਉਂਗਲੀ ਲਾ ਕੇ ਹੱਸਦੇ ਜਾਂਦੇ।
ਸਭ ਨੂੰ ਰਸਤਾ ਦੱਸਦੇ ਜਾਂਦੇ।
ਲਾਉਂਦੇ ਨਈਂ ਸੀ ਲਾਰੇ ਲੋਕ।
ਕਿਥੇ ਤੁਰ ਗਏ ਪਿਆਰੇ ਲੋਕ?
ਦਿਨ ਰਾਤੀ ਜੋ ਲੋਅ ਲਈ ਬਲਦੇ।
ਮੁਫ਼ਤ ਸੇਵਾਵਾਂ ਦੇ ਕੇ ਚਲਦੇ।
ਮਾਨਵਤਾ ਲਈ ਜੀਂਦੇ ਮਰਦੇ।
‘ਬਾਲਮ’ ਧਰਤੀ ਦੇ ਦੁੱਖ ਜਰਦੇ।
ਸੂਰਜ ਚੰਨ ਸਿਤਾਰੇ ਲੋਕ।
ਕਿੱਥੇ ਤੁਰ ਗਏ ਪਿਆਰੇ ਲੋਕ?
ਬਲਵਿੰਦਰ ਬਾਲਮ ਗੁਰਦਾਸਪੁਰ
ਓਂਕਾਰ ਨਗਰ, ਗੁਰਦਾਸਪਰ (ਪੰਜਾਬ)
ਮੋ. 98156-25409