ਵਿਸ਼ਵ ਕੈਂਸਰ ਦਿਵਸ 4 ਫ਼ਰਵਰੀ ਤੇ ਵਿਸ਼ੇਸ਼।
ਆਓ ਸਾਰੇ ਰਲ ਕੇ ਕੈਂਸਰ ਜਿਹੀ ਭਿਆਨਕ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਦੀ ਕੋਸ਼ਿਸ਼ ਕਰੀਏ!
ਵਿਸ਼ਵ ਕੈਂਸਰ ਦਿਵਸ ਹਰ ਸਾਲ 4 ਫਰਵਰੀ ਨੂੰ ਕੈਂਸਰ ਵਰਗੀ ਘਾਤਕ ਬਿਮਾਰੀ ਤੋਂ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। ਪਿਛਲੇ ਸਾਲ ਵਾਂਗ ਇਸ ਸਾਲ ਵੀ ( 2022-24) ਵਿਸ਼ਵ ਕੈਂਸਰ ਦਿਵਸ ” ਕਲੋਜ਼ ਦ ਕੇਅਰ ਗੈਪ ” ਥੀਮ ‘ਤੇ ਮਨਾਇਆ ਜਾ ਰਿਹਾ ਹੈ।
ਕੈਂਸਰ ਵਰਗੀ ਘਾਤਕ ਬਿਮਾਰੀ ਬਾਰੇ ਜਾਗਰੂਕ ਕਰਨ ਅਤੇ ਇਸ ਬਿਮਾਰੀ ਤੋਂ ਬਚਾਅ ਲਈ ਵਰਤੀਆਂ ਜਾ ਸਕਣ ਵਾਲੀਆਂ ਸਾਵਧਾਨੀਆਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 4 ਫ਼ਰਵਰੀ ਨੂੰ ਵਿਸ਼ਵ ਕੈਂਸਰ ਦਿਵਸ ਮਨਾਇਆ ਜਾਂਦਾ ਹੈ। ਪੂਰੀ ਦੁਨੀਆ ਦੇ ਨਾਲ਼ ਨਾਲ਼ ਭਾਰਤ ਵਿੱਚ ਵੀ ਕੈਂਸਰ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਕੈਂਸਰ ਮਨੁੱਖਾਂ ਵਿੱਚ ਮੌਤ ਦਾ ਦੂਜਾ ਪ੍ਰਮੁੱਖ ਕਾਰਨ ਹੈ। 4 ਫਰਵਰੀ ਨੂੰ ਵਿਸ਼ਵ ਪੱਧਰ ‘ਤੇ ਹਰ ਤਰ੍ਹਾਂ ਦੇ ਕੈਂਸਰ ਦੇ ਖਾਤਮੇ ਲਈ ਜਾਗਰੂਕਤਾ ਫੈਲਾਉਣਾ, ਇਸ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕਰਨਾ, ਸਿਰਫ ਡਾਕਟਰਾਂ ਨੂੰ ਹੀ ਨਹੀਂ ਬਲਕਿ ਸਰਕਾਰੀ, ਸਮਾਜਿਕ ਅਤੇ ਸਿਹਤ ਨਾਲ ਸਬੰਧਤ ਸੰਸਥਾਵਾਂ ਨੂੰ ਇੱਕ ਪਲੇਟਫਾਰਮ ਦੇਣਾ ਅਤੇ ਕੈਂਸਰ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਦੇ ਨਾਲ਼ ਨਾਲ਼ ਰੋਕਥਾਮ ਕਰਨਾ ਇਸ ਕੈਂਸਰ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਹੈ।
ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਕੈਂਸਰ ਦੁਨੀਆ ਭਰ ਵਿੱਚ ਮੌਤ ਦੇ ਪ੍ਰਮੁੱਖ ਕਾਰਨਾਂ ਚੋਂ ਇੱਕ ਹੈ। 1993 ਵਿੱਚ ਯੂਨੀਅਨ ਫਾਰ ਇੰਟਰਨੈਸ਼ਨਲ ਕੈਂਸਰ ਕੰਟਰੋਲ (UICC) ਦੀ ਸਥਾਪਨਾ ਜਨੇਵਾ ਵਿੱਚ ਕੀਤੀ ਗਈ ਸੀ ਤਾਂ ਜੋ ਦੁਨੀਆ ਭਰ ਵਿੱਚ ਕੈਂਸਰ ਦੇ ਖਾਤਮੇ ਅਤੇ ਡਾਕਟਰੀ ਖੋਜ ਨੂੰ ਅੱਗੇ ਵਧਾਉਣ ਲਈ ਕੰਮ ਕੀਤਾ ਜਾ ਸਕੇ। ਇਸੇ ਸਾਲ ਸਵਿਟਜ਼ਰਲੈਂਡ ਦੇ ਜਨੇਵਾ ਵਿਖੇ ਇਸ ਦੀ ਅਗਵਾਈ ਹੇਠ ਉਦਘਾਟਨੀ ਅੰਤਰਰਾਸ਼ਟਰੀ ਕੈਂਸਰ ਦਿਵਸ ਦਾ ਆਯੋਜਨ ਕੀਤਾ ਗਿਆ। ਵਿਸ਼ਵ ਕੈਂਸਰ ਦਿਵਸ ਦੀ ਸਥਾਪਨਾ 2000 ਵਿੱਚ ਪਹਿਲੇ ਵਿਸ਼ਵ ਕੈਂਸਰ ਸੰਮੇਲਨ ਵਿੱਚ ਕੀਤੀ ਗਈ ਸੀ। ਇਸ ਤੋਂ ਬਾਅਦ ਯੂਨੀਅਨ ਫਾਰ ਇੰਟਰਨੈਸ਼ਨਲ ਕੈਂਸਰ ਕੰਟਰੋਲ ਨੇ 2008 ਵਿੱਚ ਵਿਸ਼ਵ ਕੈਂਸਰ ਦਿਵਸ ਮਨਾਉਣ ਦਾ ਕਦਮ ਚੁੱਕਿਆ। ਵਿਸ਼ਵ ਕੈਂਸਰ ਦਿਵਸ ਦਾ ਮੁੱਖ ਟੀਚਾ ਕੈਂਸਰ ਤੋਂ ਬਿਮਾਰੀ ਅਤੇ ਮੌਤ ਨੂੰ ਘਟਾਉਣਾ ਹੈ।
ਅੱਜ ਦੇ ਆਧੁਨਿਕ ਅਤੇ ਵਿਗਿਆਨਿਕ ਯੁੱਗ ਵਿੱਚ ਕੈਂਸਰ ਨਾ ਮੁਰਾਦ ਬੀਮਾਰੀ ਨਹੀਂ ਹੈ। ਇਸ ਦਾ ਇਲਾਜ ਕੀਤਾ ਜਾ ਸਕਦਾ ਹੈ ਪਰ ਜੇ ਮਰੀਜ਼ ਨੂੰ ਸਹੀ ਸਮੇਂ ‘ਤੇ ਸਹੀ ਇਲਾਜ ਮਿਲ ਜਾਵੇ। ਕੈਂਸਰ ਕੋਈ ਨਵੀਂ ਬੀਮਾਰੀ ਨਹੀਂ ਹੈ। ਪਹਿਲਾਂ ਸਾਡੇ ਕੋਲ ਚੈਕਿੰਗ ਦੇ ਸਾਧਨ ਨਹੀਂ ਸਨ ਜਿਸ ਕਰ ਕੇ ਮਰੀਜ਼ਾਂ ਨੂੰ ਬੀਮਾਰੀ ਦਾ ਪਤਾ ਨਹੀਂ ਸੀ ਲਗਦਾ। ਹਾਂ ਪੁਰਾਣੇ ਸਮੇਂ ਵਿੱਚ ਇਸ ਦੀ ਦਰ ਘੱਟ ਹੋ ਸਕਦੀ ਹੈ। ਹੁਣ ਬੀਮਾਰੀ ਦਾ ਪਤਾ ਲਗਾਉਣ ਦੇ ਆਧੁਨਿਕ ਸਾਧਨ ਵੀ ਹਨ ਅਤੇ ਉਸ ਦਾ ਇਲਾਜ ਵੀ ਸੰਭਵ ਹੈ। ਇਸ ਲਈ ਇਸ ਨੂੰ ਨਾਮੁਰਾਦ ਬੀਮਾਰੀ ਨਹੀਂ ਕਿਹਾ ਜਾਣਾ ਚਾਹੀਦਾ।
ਇਕ ਅੰਦਾਜ਼ੇ ਮੁਤਾਬਕ ਭਾਰਤ ਵਿਚ 1.5 ਮਿਲੀਅਨ ਤੋਂ ਵੱਧ ਲੋਕ ਕੈਂਸਰ ਨਾਲ ਜੀਅ ਰਹੇ ਹਨ ਅਤੇ ਲੱਖਾਂ ਤੋਂ ਵੱਧ ਕੇਸ ਹਰ ਸਾਲ ਰਜਿਸਟਰ ਕੀਤੇ ਜਾਂਦੇ ਹਨ।ਭਾਰਤ ਵਿੱਚ ਨੌਂ ਵਿੱਚੋਂ ਇੱਕ ਵਿਅਕਤੀ ਨੂੰ ਉਸਦੇ ਜੀਵਨ ਕਾਲ ਵਿੱਚ ਕੈਂਸਰ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਫੇਫੜਿਆਂ ਅਤੇ ਛਾਤੀ ਦੇ ਕੈਂਸਰ ਕ੍ਰਮਵਾਰ ਮਰਦਾਂ ਅਤੇ ਔਰਤਾਂ ਵਿੱਚ ਕੈਂਸਰ ਦੇ ਪ੍ਰਮੁੱਖ ਸਥਾਨ ਸਨ। ਇਸ ਵਿਚ ਖਤਰਨਾਕ ਪੱਖ ਇਹ ਹੈ ਕਿ ਕੈਂਸਰ ਕਾਰਨ ਹੋਣ ਵਾਲੀਆਂ 71 ਪ੍ਰਤੀਸ਼ਤ ਮੌਤਾਂ ਦੇ ਸ਼ਿਕਾਰ 30-60 ਉਮਰ ਵਰਗ ਦੇ ਲੋਕ ਹੁੰਦੇ ਹਨ। ਕੈਂਸਰ ਦਾ ਇਲਾਜ ਅਤੇ ਇਸ ਤੋਂ ਛੁਟਕਾਰਾ ਦਿਲਾਉਣਾ ਇਕ ਜਟਿਲ ਪ੍ਰਕਿਰਿਆ ਹੈ।
ਆਮ ਤੌਰ ’ਤੇ ਕੈਂਸਰ ਦੇ ਲੱਛਣ ਸਾਧਾਰਣ ਰੂਪ ਵਿਚ ਕਮਜ਼ੋਰੀ, ਸਰੀਰ ਦਾ ਭਾਰ ਘੱਟ ਹੋਣ ਜਾਂ ਥਕਾਵਟ ਦੇ ਰੂਪ ਵਿਚ ਦਿਖਾਈ ਦਿੰਦੇ ਹਨ। ਜੇਕਰ ਕਿਸੇ ਵੀ ਵਿਅਕਤੀ ਨੂੰ ਇਕ ਹਫ਼ਤੇ ਤੋਂ ਜ਼ਿਆਦਾ ਅਸਾਧਾਰਨ ਲੱਛਣ ਮਹਿਸੂਸ ਹੋ ਰਹੇ ਹੋਣ ਤਾਂ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਸ ਨੂੰ ਡਾਕਟਰੀ ਜਾਂਚ ਕਰਵਾ ਲੈਣੀ ਚਾਹੀਦੀ ਹੈ। ਇੱਕ ਰਿਪੋਰਟ ਅਨੁਸਾਰ ਪਿਛਲੇ ਦਸ ਸਾਲਾਂ ਵਿੱਚ ਕੈਂਸਰ ਦੇ ਕੇਸਾਂ ਵਿੱਚ 20% ਤੋਂ ਜਿਆਦਾ ਵਾਧਾ ਹੋਇਆ ਹੈ। ਇਸ ਬਿਮਾਰੀ ਕਾਰਨ ਹੋਈਆਂ ਮੌਤਾਂ ਵਿੱਚ ਵੀ ਕਾਫ਼ੀ ਵਾਧਾ ਹੋਇਆ ਹੈ। ਕੈਂਸਰ ਦੀਆਂ ਬਹੁਤ ਵੱਖ-ਵੱਖ ਕਿਸਮਾਂ ਉਜਾਗਰ ਹੋਈਆਂ ਹਨ ਜਿਵੇਂ ਛਾਤੀ ਦੇ ਕੈਂਸਰ, ਕੋਲਨ ਕੈਂਸਰ,ਪ੍ਰੋਸਟੇਟ ਕੈਂਸਰ,ਪੇਟ ਦਾ ਕੈਂਸਰ, ਜਿਗਰ ਦਾ ਕੈਂਸਰ, ਚਮੜੀ ਦਾ ਕੈਂਸਰ, ਮੂੰਹ ਦਾ ਕੈਂਸਰ,ਸਿਰ ਅਤੇ ਗਰਦਨ ਦਾ ਕੈਂਸਰ, ਗਲੇ ਦਾ ਕੈਂਸਰ, ਬੱਚੇਦਾਨੀ ਦਾ ਕੈਂਸਰ , ਸਰਵਾਈਕਲ ਕੈਂਸਰ, ਗੁਰਦੇ ਦਾ ਕੈਂਸਰ, ਯੋਨੀ ਦਾ ਕੈਂਸਰ, ਦਿਮਾਗ ਦਾ ਕੈਂਸਰ,ਥਾਇਰਾਇਡ ਕੈਂਸਰ, ਬਲੱਡ ਕੈਂਸਰ , ਅੱਖਾਂ ਅਤੇ ਰੀੜ੍ਹ ਦੀ ਹੱਡੀ ਦਾ ਕੈਂਸਰ ਅਤੇ ਹੋਰ ਵੀ ਕਈ ਤਰ੍ਹਾਂ ਦਾ।
ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਕੈਂਸਰ ਦੁਨੀਆ ਦੀ ਅਜਿਹੀ ਦੂਜੀ ਬਿਮਾਰੀ ਹੈ ਜਿਸ ਕਾਰਨ ਸਭ ਤੋਂ ਵਧ ਲੋਕ ਮਰ ਰਹੇ ਹਨ। ਬਹੁਤੇ ਡਾਕਟਰਾਂ ਦਾ ਕਹਿਣਾ ਹੈ ਕਿ ਕੈਂਸਰ ਵਧਦੀ ਉਮਰ ਵਿੱਚ ਹੋਣ ਵਾਲੀ ਇੱਕ ਬਿਮਾਰੀ ਹੈ ਪਰ ਅੱਜ-ਕੱਲ੍ਹ ਇਹ ਬਿਮਾਰੀ ਜ਼ਿਆਦਾ ਨੌਜਵਾਨਾਂ ਵਿੱਚ ਹੋ ਰਹੀ ਹੈ। ਜਾਣਕਾਰੀ ਅਨੁਸਾਰ ਕੈਂਸਰ ਦੇ 40 ਫੀਸਦੀ ਅਜਿਹੇ ਮਾਮਲੇ ਹਨ ਜੋ ਤੰਬਾਕੂ ਸੰਬੰਧੀ ਕੈਂਸਰ ਦੇ ਹੁੰਦੇ ਹਨ। ਤੰਬਾਕੂ ਕਾਰਨ ਇਹ ਬਿਮਾਰੀ 20-25 ਸਾਲਾਂ ਦੇ ਨੌਜਵਾਨਾਂ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ। ਤੰਬਾਕੂ ਦਾ ਸੇਵਨ ਕਰਨ ਵਾਲੇ ਲੋਕਾਂ ਵਿੱਚ 10-20 ਸਾਲਾਂ ਵਿੱਚ ਹੀ ਕੈਂਸਰ ਦਾ ਪਤਾ ਲੱਗ ਜਾਂਦਾ ਹੈ। ਕੈਂਸਰ ਨਾਲ਼ ਪੀੜਿਤ ਬਹੁਤੇ ਨੌਜਵਾਨ ਅਜਿਹੇ ਆਉਂਦੇ ਹਨ ਜੋ ਸਿਗਰੇਟ, ਪਾਨ, ਤੰਬਾਕੂ, ਖੈਨੀ, ਗੁਟਕਾ ਆਦਿ ਦੀ ਵਰਤੋਂ ਕਰਦੇ ਹਨ।
ਇਹ ਨੌਜਵਾਨ ਬਹੁਤ ਛੋਟੀ ਉਮਰ ਵਿੱਚ ਹੀ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹਨ। ਪਰ ਉਹ ਇਨ੍ਹਾਂ ਚੀਜ਼ਾਂ ਦੇ ਨੁਕਸਾਨ ਨਹੀਂ ਜਾਣਦੇ। ਤੰਬਾਕੂ ਖਾਣ ਕਾਰਨ ਲੋਕ ਓਰਲ, ਪੈਨਕ੍ਰੀਟਿਕ, ਸਰਵਾਈਕਲ, ਓਵਰੀ, ਫੇਫੜੇ ਅਤੇ ਛਾਤੀ ਦੇ ਕੈਂਸਰ ਤੋਂ ਪੀੜਤ ਹੋ ਰਹੇ ਹਨ। ਪਤਾ ਲੱਗਿਆ ਹੈ ਕਿ ਯੂਰਪ ਅਤੇ ਅਮਰੀਕਾ ਨੇ ਤੰਬਾਕੂ ਦੇ ਸੇਵਨ ਨੂੰ ਲੈ ਕੇ ਸਖ਼ਤ ਕਦਮ ਚੁੱਕੇ ਹਨ। ਇਸ ਤੋਂ ਬਾਅਦ ਉੱਥੇ ਤੰਬਾਕੂ ਕਾਰਨ ਕੈਂਸਰ ਦੇ ਹੋਣ ਵਾਲੇ ਮਾਮਲਿਆਂ ਵਿੱਚ ਕਮੀ ਆਈ ਹੈ। ਤੰਬਾਕੂ ਦੇ ਸੇਵਨ ਤੋਂ ਇਲਾਵਾ ਕੈਂਸਰ ਦੇ ਹੋਰ ਵੀ ਬਹੁਤੇ ਕਾਰਨ ਸਾਹਮਣੇ ਆਏ ਹਨ।ਕੈਂਸਰ ਨਾਲ ਹੋਣ ਵਾਲੀਆਂ ਇੱਕ ਤਿਹਾਈ ਮੌਤਾਂ ਦਾ ਕਾਰਨ ਸਰੀਰ ਦੀ ਲੰਬਾਈ ਨਾਲੋਂ ਭਾਰ ਦਾ ਕਿਤੇ ਵੱਧ ਹੋਣਾ ਵੀ ਹੈ। ਨੌਜਵਾਨਾਂ ਵੱਲੋਂ ਆਮ ਤੌਰ ਤੇ ਵਰਤੇ ਜਾਂਦੇ ਜੰਕ ਅਤੇ ਫਾਸਟ ਫੂਡ ਦੀ ਵਰਤੋਂ ਵੀ ਕਿਤੇ ਨਾ ਕਿਤੇ ਕੈਂਸਰ ਨੂੰ ਸੱਦਾ ਦੇ ਰਹੀ ਹੈ। ਇਸ ਤੋਂ ਇਲਾਵਾ ਆਰਟੀਫੀਸ਼ੀਅਲ ਸਵੀਟਨਰ ਦੀ ਵਰਤੋਂ, ਬਾਡੀ ਉੱਤੇ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਦੇਣ ਲਈ ਵਰਤੋਂ ਕੀਤੇ ਜਾਂਦੇ ਡੀਓਡਰਾਂਟ ਪਰਫਿਊਮ ਅਤੇ ਵੱਖ-ਵੱਖ ਤਰ੍ਹਾਂ ਦੇ ਕਾਰਸਮੈਟਿਕ ਉਪਕਰਨ ਜਿਵੇਂ ਨੇਲ ਪੇਂਟ ਲਿਪਿਸਟਿਕ ਕਰੀਮਾਂ ਅਤੇ ਦੁੱਧ ਦੇ ਨਾਮ ਤੇ ਵੇਚਿਆ ਜਾ ਰਿਹਾ ਜਾ ਰਿਹਾ ਚਿੱਟਾ ਜ਼ਹਿਰ ਆਦਿ ਵੀ ਕਿਤੇ ਨਾ ਕਿਤੇ ਕੈਂਸਰ ਨੂੰ ਸੱਦਾ ਦੇ ਰਹੇ ਹਨ। ਮਾਹਿਰਾਂ ਅਨੁਸਾਰ ਹਰੀਆਂ ਸਬਜ਼ੀਆਂ ਅਤੇ ਫਲਾਂ ਦਾ ਘੱਟ ਸੇਵਨ , ਮਿਲਾਵਟ ਖੋਰੀ , ਚੀਜ਼ਾਂ ਦਾ ਸ਼ੁੱਧ ਨਾ ਮਿਲਣਾ , ਕਸਰਤ ਨਾ ਕਰਨਾ ਅਤੇ ਸ਼ਰਾਬ ਪੀਣਾ ਵੀ ਕੈਂਸਰ ਹੋਣ ਦੇ ਮੁੱਖ ਕਾਰਨ ਹਨ।
ਸਿਹਤਮੰਦ ਜੀਵਨ ਸ਼ੈਲੀ ਨਾਲ ਮੋਟਾਪੇ ਨੂੰ ਰੋਕਿਆ ਜਾ ਸਕਦਾ ਹੈ ਜੋ ਕਿ ਕੈਂਸਰ ਦਾ ਇੱਕ ਵੱਡਾ ਕਾਰਨ ਵੀ ਹੈ। ਮੋਟਾਪਾ ਕਈ ਬਿਮਾਰੀਆਂ ਨਾਲ ਜੁੜਿਆ ਹੋਇਆ ਹੈ ਅਤੇ ਕੈਂਸਰ ਉਨ੍ਹਾਂ ਵਿੱਚੋਂ ਇੱਕ ਹੈ। ਸਿਹਤਮੰਦ ਵਜ਼ਨ ਬਣਾਈ ਰੱਖਣਾ ਅਤੇ ਸਰੀਰਕ ਤੌਰ ‘ਤੇ ਸਰਗਰਮ ਰਹਿਣਾ ਕਈ ਕਿਸਮਾਂ ਦੇ ਕੈਂਸਰ ਦੇ ਜੋਖਮ ਨੂੰ ਘਟਾ ਸਕਦਾ ਹੈ। ਮੱਧਮ ਕਸਰਤ ਜਿਵੇਂ ਕਿ 30 ਮਿੰਟ ਦੀ ਐਰੋਬਿਕ , ਸਵੇਰ ਅਤੇ ਸ਼ਾਮ ਦੀ ਸੈਰ, ਜੌਗਿੰਗ ਆਦਿ ਵੱਖ-ਵੱਖ ਬਿਮਾਰੀਆਂ ਦੇ ਜੋਖਮ ਨੂੰ ਕਾਫ਼ੀ ਹੱਦ ਤੱਕ ਘਟਾ ਸਕਦੀ ਹੈ। ਇੱਕ ਸੰਤੁਲਿਤ ਅਤੇ ਸਿਹਤਮੰਦ ਖੁਰਾਕ ਖਾਓ। ਰਿਫਾਇੰਡ ਕਾਰਬੋਹਾਈਡਰੇਟ, ਚੀਨੀ , ਪ੍ਰੋਸੈਸਡ ਭੋਜਨ , ਫਾਸਟ ਫੂਡ ਅਤੇ ਡੀਪ ਫ੍ਰਾਇਡ ਭੋਜਨ ਤੁਹਾਡੇ ਕੈਂਸਰ ਦੇ ਜੋਖਮ ਨੂੰ ਵਧਾਉਂਦੇ ਹਨ। ਇਸ ਲਈ ਇਸ ਤਰ੍ਹਾਂ ਦੇ ਭੋਜਨ ਤੋਂ ਜਿੰਨਾ ਹੋ ਸਕੇ ਗੁਰੇਜ ਕਰੋ। ਜੈਤੂਨ ਦਾ ਤੇਲ , ਤਾਜ਼ੇ ਫਲ , ਸਬਜ਼ੀਆਂ, ਜੂਸ, ਬਦਾਮ ਅਤੇ ਅਖਰੋਟ ਆਪਣੇ ਆਹਾਰ ਵਿੱਚ ਸ਼ਾਮਿਲ ਕਰੋ । ਇਸ ਲਈ ਭਾਰਤ ਵਿੱਚ ਵੀ ਜੇਕਰ ਆਮ ਲੋਕ ਅਤੇ ਮੀਡੀਆ ਖਤਰਨਾਕ ਭੋਜਨ ਪਦਾਰਥਾਂ ਦੀ ਵਰਤੋਂ ਅਤੇ ਤੰਬਾਕੂ ਦੀ ਵਰਤੋਂ ਪ੍ਰਤੀ ਵਧੇਰੇ ਗੰਭੀਰਤਾ ਨਾਲ ਕੰਮ ਕਰਨ ਤਾਂ ਇਸ ਕੈਂਸਰ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇੱਕ ਭਿਆਨਕ ਗੱਲ ਹੋਰ ਵੀ ਹੈ ਕਿ ਕੈਂਸਰ ਦਾ ਪਤਾ ਲੱਗਣ ਦੇ ਬਾਵਜੂਦ ਵੀ ਬਹੁਤੇ ਲੋਕ ਬਹੁਤੇ ਮੱਧ ਵਰਗੀ ਪਰਿਵਾਰ ਇਸਦੇ ਅਤੀ ਮਹਿੰਗੇ ਇਲਾਜ ਕਾਰਨ ਇਲਾਜ ਤੋਂ ਵਾਂਝੇ ਹੀ ਰਹਿ ਜਾਂਦੇ ਹਨ। ਇਸ ਲਈ ਸਾਰਿਆਂ ਨੂੰ ਮੇਰਾ ਸੁਝਾਅ ਇਹ ਹੈ ਕਿ ਅਸੀਂ ਕੈਂਸਰ ਹੋਣ ਦੇ ਕਾਰਨਾਂ ਨੂੰ ਮੁੱਖ ਰੱਖਦੇ ਹੋਏ ਇਸ ਤੋਂ ਬਚਨ ਵਿੱਚ ਹੀ ਆਪਣੀ ਭਲਾਈ ਸਮਝੀਏ ਕਿਓਂ ਕਿ ਰੋਕਥਾਮ ਇਲਾਜ ਨਾਲੋਂ ਬਿਹਤਰ ਹੈ। ਦੁਨੀਆਂ ਭਰ ਵਿੱਚ ਕੈਂਸਰ ਪੀੜਤਾਂ ਦੀ ਵਧਦੀ ਗਿਣਤੀ ਨਾ ਸਿਰਫ ਡਾਕਟਰਾਂ ਦੇ ਮੱਥੇ ‘ਤੇ ਚਿੰਤਾ ਦੀਆਂ ਰੇਖਾਵਾਂ ਖਿੱਚ ਰਹੀ ਹੈ ਸਗੋਂ ਵਿਸ਼ਵ ਪੱਧਰ ‘ਤੇ ਇੱਕ ਖਤਰੇ ਦਾ ਕੰਮ ਵੀ ਕਰ ਰਹੀ ਹੈ । ਜੇਕਰ ਇਸ ਵਧਦੀ ਗਿਣਤੀ ਨੂੰ ਰੋਕਣ ਲਈ ਤੁਰੰਤ ਉਪਰਾਲੇ ਨਾ ਕੀਤੇ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਸਥਿਤੀ ਕੀ ਹੋਵੇਗੀ ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
![](https://i0.wp.com/worldpunjabitimes.com/wp-content/uploads/2023/11/IMG_20231106_133938-scaled.jpg?resize=2011%2C2560&ssl=1)
ਲੈਕਚਰਾਰ ਲਲਿਤ ਗੁਪਤਾ
ਮੰਡੀ ਅਹਿਮਦਗੜ੍ਹ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋਵਾਲ (ਲੁਧਿਆਣਾ)
9781590500
Leave a Comment
Your email address will not be published. Required fields are marked with *