ਖ਼ੂਨਦਾਨ ਕਰਨ ਲਈ ਵਿਦਿਆਰਥੀਆਂ ਨੂੰ ਕੀਤਾ ਗਿਆ ਪ੍ਰੇਰਿਤ : ਜਤਿੰਦਰ ਚਾਵਲਾ
ਕੋਟਕਪੂਰਾ, 13 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਮੋਗਾ ਰੋਡ ’ਤੇ ਡਾਕਖਾਨੇ ਦੇ ਬਿਲਕੁਲ ਨਾਲ ਸਥਿੱਤ ਕੈਲ-ਸੀ ਕੰਪਿਊਟਰ ਸੈਂਟਰ ਵਿਖੇ ਪੀ.ਬੀ.ਜੀ ਵੈੱਲਫੇਅਰ ਕਲੱਬ ਵੱਲੋਂ 30 ਜੂਨ 2024 ਨੂੰ ਲਾਏ ਜਾ ਰਹੇ ਵਿਸ਼ਾਲ ਖ਼ੂਨਦਾਨ ਕੈਂਪ ਦਾ ਪੋਸਟਰ ਸੈਂਟਰ ਹੈੱਡ ਜਤਿੰਦਰ ਕੁਮਾਰ ਚਾਵਲਾ ਅਤੇ ਪੀ.ਬੀ.ਜੀ ਵੈਲਫੇਅਰ ਦੇ ਪ੍ਰਧਾਨ ਰਾਜੀਵ ਮਲਿਕ ਚੇਅਰਮੈਨ ਬਲਜੀਤ ਸਿੰਘ ਖੀਵਾ ਵੱਲੋਂ ਰਿਲੀਜ਼ ਕੀਤਾ ਗਿਆ। ਪੋਸਟਰ ਰਿਲੀਜ਼ ਕਰਦੇ ਹੋਏ ਉਹਨਾਂ ਨੇ ਸੈਂਟਰ ਦੇ ਵਿਦਿਆਰਥੀਆਂ ਨਾਲ ਇਸ ਕੈਂਪ ਬਾਰੇ ਚੱਲ ਰਹੀਆਂ ਤਿਆਰੀਆਂ ਦੀ ਜਾਣਕਾਰੀ ਸਾਂਝੀ ਕਰਦਿਆਂ ਵਿਦਿਆਰਥੀਆਂ ਨੂੰ ਖ਼ੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਇਸ ਲਹਿਰ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕਰਨ ’ਤੇ ਜ਼ੋਰ ਦਿੱਤਾ। ਕਲੱਬ ਦੇ ਪ੍ਰਧਾਨ ਨਵੀਨ ਮਲਿਕ ਜੀ ਵਲੋਂ ਦੱਸਿਆ ਗਿਆ ਕਿ ਉਹਨਾਂ ਦੀ ਇਸ ਸੰਸਥਾ ਨੂੰ 15 ਸਾਲ ਪੂਰੇ ਹੋ ਗਏ ਹਨ ਇਸ ਲਈ ਅਸੀਂ ਸੰਗਮ ਪੈਲੇਸ ਫਰੀਦਕੋਟ ਰੋਡ ਕੋਟਕਪੂਰਾ ਵਿਖੇ 30 ਜੂਨ ਨੂੰ ਇੱਕ ਪੰਜਾਬ ਪੱਧਰ ਦਾ ਮਹਾ ਖੂਨਦਾਨ ਕੈਂਪ ਲਾਉਣ ਜਾ ਰਹੇ ਹਾਂ, ਜਿਸ ਵਿੱਚ ਸਾਡਾ ਟੀਚਾ ਬਾਬਾ ਨਾਨਕ ਜੀ ਵਾਲਾ 1313 ਯੂਨਿਟ ਖੂਨ ਇਕੱਠਾ ਕਰਨਾ ਹੈ। ਚੇਅਰਮੈਨ ਬਲਜੀਤ ਸਿੰਘ ਖੀਵਾ ਨੇ ਵੀ ਵਿਦਿਆਰਥੀਆਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਖ਼ੂਨ ਦੀ ਇੱਕ-ਇੱਕ ਬੂੰਦ ਕੀਮਤੀ ਹੈ ਜੋ ਕਿਸੇ ਵੀ ਮਰਦੇ ਹੋਏ ਵਿਆਕਤੀ ਨੂੰ ਜੀਵਨਦਾਨ ਦੇ ਸਕਦੀ ਹੈ। ਉਨਾਂ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ ਖ਼ੂਨਦਾਨ ਕਰਨ ਨਾਲ ਕਿਸੇ ਵੀ ਤਰਾਂ ਦੀ ਕਮਜ਼ੋਰੀ ਨਹੀਂ ਆਉਂਦੀ ਬਲਕਿ ਮਨ ਨੂੰ ਇੱਕ ਸੰਤੁਸ਼ਟੀ ਮਿਲਦੀ ਹੈ ਕਿ ਅਸੀਂ ਇਹ ਦਾਨ ਕਰਕੇ ਲੋੜਵੰਦ ਵਿਅਕਤੀ ਨੂੰ ਜੀਵਨ ਪ੍ਰਦਾਨ ਕੀਤਾ ਹੈ। ਉਹਨਾਂ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਖ਼ੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ, ਕਿਉਂਕਿ ਖ਼ੂਨਦਾਨ ਮਹਾਂਦਾਨ ਹੈ ਅਤੇ ਖੂਨਦਾਨ ਕਰਨ ਨਾਲ ਕਈ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾਂ ਸਕਦਾ ਹੈ। ਇਸ ਦੌਰਾਨ ਪੀ.ਬੀ.ਜੀ. ਵੈਲਫੇਅਰ ਕਲੱਬ ਦੇ ਅਹੁਦੇਦਾਰਾਂ ਅਤੇ ਮੈਬਰਾਂ ਵੱਲੋਂ ਵੱਖ-ਵੱਖ ਐਸੋਸ਼ੀਏਸ਼ਨਾਂ ਨੂੰ ਦਿੱਤੇ ਜਾ ਰਹੇ ਸੱਦਾ ਪੱਤਰਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਖੂਨਦਾਨ ਕਰਨ ਵਾਲੇ ਵਿਅਕਤੀਆਂ ਨੂੰ ਸਨਮਾਨ ਪੱਤਰ ਵੀ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਸੰਸਥਾ ਦੇ ਵੱਡੀ ਗਿਣਤੀ ‘ਚ ਮੈਂਬਰ ਉਕਤ ਕੈਂਪ ਦੌਰਾਨ ਖ਼ੂਨਦਾਨ ਕਰਨਗੇ। ਇਸ ਮੌਕੇ ਹੋਰਨਾ ਤੋਂ ਇਲਾਵਾ ਕੈਲ-ਸੀ ਸੈਂਟਰ ਦੇ ਸਟਾਫ ਮੈਂਬਰ ਕਿਰਨਪ੍ਰੀਤ ਕੌਰ, ਭਾਵਨਾ, ਹਰਪ੍ਰੀਤ ਸਿੰਘ, ਜਸਪਿੰਦਰ ਕੌਰ, ਕੁਲਵੰਤ ਕੌਰ, ਰੇਨੂੰ ਕੌਰ ਅਤੇ ਵਿਦਿਆਰਥੀ ਵੀ ਸ਼ਾਮਿਲ ਸਨ।
Leave a Comment
Your email address will not be published. Required fields are marked with *