ਪ੍ਰਸਿੱਧ ਵਿਅੰਗਕਾਰ ਹਰੀਸ਼ੰਕਰ ਪਰਸਾਈ (22.8.1922- 10.8.1955) ਦੀਆਂ ਅੱਜ ਤੋਂ ਕਰੀਬ 50 ਸਾਲ ਪਹਿਲਾਂ ਰਚੀਆਂ ਵੱਖ ਵੱਖ ਵਿਅੰਗ ਰਚਨਾਵਾਂ ‘ਚੋਂ 20 ਪੰਕਤੀਆਂ ਚੁਣ ਕੇ ਤੁਹਾਡੇ ਸਾਹਮਣੇ ਪੇਸ਼ ਹਨ, ਜੋ ਅੱਜ ਵੀ ਉਨੀਆਂ ਹੀ ਤਾਜ਼ਾ-ਤਰੀਨ ਹਨ। ਇਹ ਰਚਨਾਵਾਂ ਤੁਹਾਨੂੰ ਮਿਰਚਾਂ ਨਾਲੋਂ ਵੀ ਵੱਧ ਕੌੜੀਆਂ ਅਤੇ ਤਿੱਖੀਆਂ ਲੱਗਣਗੀਆਂ :
1. ਮੁੰਡਿਆਂ ਨੂੰ ਆਪਣਾ ਇਮਾਨਦਾਰ ਪਿਓ ਨਿਕੰਮਾ ਲੱਗਦਾ ਹੈ।
2. ਦਿਵਸ ਹਮੇਸ਼ਾ ਕਮਜ਼ੋਰ ਦਾ ਹੀ ਮਨਾਇਆ ਜਾਂਦਾ ਹੈ ਜਿਵੇਂ ‘ਮਾਤ ਭਾਸ਼ਾ ਦਿਵਸ’, ‘ਮਹਿਲਾ ਦਿਵਸ’, ‘ਅਧਿਆਪਕ ਦਿਵਸ’, ‘ਮਜ਼ਦੂਰ ਦਿਵਸ’ ਆਦਿ। ਕਦੇ ਵੀ ‘ਥਾਣੇਦਾਰ ਦਿਵਸ’ ਨਹੀਂ ਮਨਾਇਆ ਜਾਂਦਾ।
3. ਕੰਮ ਵਾਲੇ ਬੰਦੇ ਨੂੰ ਆਪਣਾ ਕੰਮ ਕਰਨ ਵਿੱਚ ਜਿੰਨੀ ਅਕਲ ਦੀ ਲੋੜ ਪੈਂਦੀ ਹੈ, ਉਸ ਤੋਂ ਵੱਧ ਅਕਲ ਬੇਕਾਰ ਬੰਦੇ ਨੂੰ ਸਮਾਂ ਬਿਤਾਉਣ ਵਿੱਚ ਲੱਗਦੀ ਹੈ।
4. ਜਿਨ੍ਹਾਂ ਦੀ ਹੈਸੀਅਤ ਹੈ, ਉਹ ਇੱਕ ਤੋਂ ਵੱਧ ਪਿਓ ਰੱਖਦੇ ਹਨ। ਇੱਕ ਘਰ ਵਿੱਚ, ਇੱਕ ਦਫ਼ਤਰ ਵਿੱਚ, ਇੱਕ-ਦੋ ਬਜ਼ਾਰ ਵਿੱਚ, ਇੱਕ-ਇੱਕ ਹਰ ਰਾਜਨੀਤਕ ਪਾਰਟੀ ਵਿੱਚ।
5. ਆਤਮ-ਵਿਸ਼ਵਾਸ ਕਈ ਤਰ੍ਹਾਂ ਦਾ ਹੁੰਦਾ ਹੈ- ਧਨ ਦਾ, ਸ਼ਕਤੀ ਦਾ, ਗਿਆਨ ਦਾ। ਪਰ ਮੂਰਖਤਾ ਦਾ ਆਤਮ-ਵਿਸ਼ਵਾਸ ਸਭ ਤੋਂ ਉੱਤੇ ਹੁੰਦਾ ਹੈ।
6. ਸਭ ਤੋਂ ਨਿਰਾਰਥਕ ਅੰਦੋਲਨ ਭ੍ਰਿਸ਼ਟਾਚਾਰ ਦੇ ਵਿਰੋਧ ਦਾ ਹੁੰਦਾ ਹੈ। ਇੱਕ ਤਰ੍ਹਾਂ ਦਾ ਇਹ ਮਨੋਰੰਜਨ ਹੈ ਜੋ ਰਾਜਨੀਤਕ ਪਾਰਟੀ ਕਦੇ ਕਦੇ ਖੇਡ ਲੈਂਦੀ ਹੈ, ਜਿਵੇਂ ਕ੍ਰਿਕਟ ਜਾਂ ਕਬੱਡੀ ਦੇ ਮੈਚ।
7. ਰੋਜ਼ ਵਿਧਾਨ ਸਭਾ ਦੇ ਬਾਹਰ ਇੱਕ ਬੋਰਡ ਤੇ ‘ਅੱਜ ਦਾ ਬਜ਼ਾਰ ਭਾ’ ਲਿਖਿਆ ਹੋਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਵਿਧਾਇਕਾਂ ਦੀ ਸੂਚੀ ਚਿਪਕੀ ਹੋਣੀ ਚਾਹੀਦੀ ਹੈ, ਜੋ ਵਿਕਣ ਨੂੰ ਤਿਆਰ ਹੋਣ। ਇਸ ਨਾਲ ਖਰੀਦਾਰ ਨੂੰ ਵੀ ਸੁਵਿਧਾ ਹੋਵੇਗੀ ਅਤੇ ਮਾਲ ਨੂੰ ਵੀ।
8. ਸਾਡੇ ਲੋਕਤੰਤਰ ਦੀ ਇਹ ਟ੍ਰੈਜਿਡੀ ਅਤੇ ਕਾਮੇਡੀ ਹੈ ਕਿ ਕਈ ਲੋਕ, ਜਿਨ੍ਹਾਂ ਨੂੰ ਜੀਵਨ ਭਰ ਜੇਲ੍ਹਖਾਨੇ ਵਿੱਚ ਰਹਿਣਾ ਚਾਹੀਦਾ ਹੈ, ਉਹ ਜ਼ਿੰਦਗੀ ਭਰ ਸੰਸਦ ਜਾਂ ਵਿਧਾਨ ਸਭਾ ਵਿੱਚ ਬੈਠਦੇ ਹਨ।
9. ਵਿਚਾਰ ਜਦੋਂ ਅਲੋਪ ਹੋ ਜਾਂਦਾ ਹੈ ਜਾਂ ਵਿਚਾਰ ਪ੍ਰਗਟ ਕਰਨ ਵਿੱਚ ਰੁਕਾਵਟ ਹੁੰਦੀ ਹੈ ਜਾਂ ਕਿਸੇ ਵਿਰੋਧ ਤੋਂ ਡਰ ਲੱਗਣ ਲੱਗਦਾ ਹੈ ਤਾਂ ਤਰਕ ਦੀ ਥਾਂ ਹੁੱਲੜਬਾਜ਼ੀ ਜਾਂ ਗੁੰਡਾਗਰਦੀ ਲੈ ਲੈਂਦੀ ਹੈ।
10. ਧਨ ਉਧਾਰ ਦੇ ਕੇ ਸਮਾਜ ਦਾ ਸ਼ੋਸ਼ਣ ਕਰਨ ਵਾਲੇ ਧਨਪਤੀ ਨੂੰ ਜਿਸ ਦਿਨ ‘ਮਹਾਜਨ’ ਕਿਹਾ ਗਿਆ ਹੋਵੇਗਾ, ਉਸੇ ਦਿਨ ਹੀ ਮਨੁੱਖਤਾ ਦੀ ਹਾਰ ਹੋ ਗਈ।
11. ਅਸੀਂ ਮਾਨਸਿਕ ਤੌਰ ਤੇ ਦੋਗਲੇ ਨਹੀਂ ਤਿਗਲੇ ਹਾਂ। ਸੰਸਕਾਰਾਂ ਤੋਂ ਸਾਮੰਤਵਾਦੀ ਹਾਂ, ਜੀਵਨ-ਮੁੱਲ ਅਰਧ-ਪੂੰਜੀਵਾਦੀ ਹਨ ਅਤੇ ਗੱਲਾਂ ਸਮਾਜਵਾਦ ਦੀਆਂ ਕਰਦੇ ਹਾਂ।
12. ਫਾਸ਼ਿਸ਼ਟ ਸੰਗਠਨ ਦੀ ਵਿਸ਼ੇਸ਼ਤਾ ਹੁੰਦੀ ਹੈ ਕਿ ਦਿਮਾਗ਼ ਸਿਰਫ਼ ਨੇਤਾ ਕੋਲ ਹੁੰਦਾ ਹੈ, ਬਾਕੀ ਸਾਰੇ ਕਾਰਜਕਰਤਾਵਾਂ ਕੋਲ ਸਿਰਫ਼ ਸਰੀਰ ਹੁੰਦਾ ਹੈ।
13. ਬੇਇੱਜ਼ਤੀ ਵਿੱਚ ਜੇ ਦੂਜੇ ਨੂੰ ਵੀ ਸ਼ਾਮਲ ਕਰ ਲਓ ਤਾਂ ਅੱਧੀ ਇੱਜ਼ਤ ਬਚ ਜਾਂਦੀ ਹੈ।
14. ਦੁਨੀਆਂ ਵਿੱਚ ਭਾਸ਼ਾ, ਅਭਿਵਿਅਕਤੀ ਦੇ ਕੰਮ ਆਉਂਦੀ ਹੈ। ਇਸ ਦੇਸ਼ ਵਿੱਚ ਦੰਗਿਆਂ ਦੇ ਕੰਮ ਆਉਂਦੀ ਹੈ।
15. ਜਦੋਂ ਸ਼ਰਮ ਦੀ ਗੱਲ ਗੌਰਵ ਦੀ ਗੱਲ ਬਣ ਜਾਵੇ ਤਾਂ ਸਮਝੋ ਕਿ ਲੋਕਤੰਤਰ ਵਧੀਆ ਚੱਲ ਰਿਹਾ ਹੈ।
16. ਜੋ ਪਾਣੀ ਛਾਣ ਕੇ ਪੀਂਦੇ ਹਨ, ਉਹ ਆਦਮੀ ਦਾ ਖ਼ੂਨ ਬਿਨਾਂ ਛਾਣੇ ਹੀ ਪੀ ਜਾਂਦੇ ਹਨ।
17. ਸੋਚਣਾ ਇੱਕ ਰੋਗ ਹੈ। ਜੋ ਇਸ ਰੋਗ ਤੋਂ ਮੁਕਤ ਹਨ, ਸਿਹਤਮੰਦ ਹਨ, ਉਹ ਧੰਨ ਹਨ।
18. ਹੀਣਤਾ ਦੇ ਰੋਗ ਵਿੱਚ ਕਿਸੇ ਦੇ ਅਹਿਤ ਦਾ ਇੰਜੈਕਸ਼ਨ ਬੜਾ ਕਾਰਗਰ ਹੁੰਦਾ ਹੈ।
19. ਨਾਰੀ-ਮੁਕਤੀ ਦੇ ਇਤਿਹਾਸ ਵਿੱਚ ਇਹ ਵਾਕ ਅਮਰ ਰਹੇਗਾ ਕਿ “ਇੱਕ ਦੀ ਕਮਾਈ ਨਾਲ ਪੂਰਾ ਨਹੀਂ ਪੈਂਦਾ।”
20. ਇੱਕ ਵਾਰ ਕਚਹਿਰੀ ਚੜ੍ਹ ਜਾਣ ਪਿੱਛੋਂ ਸਭ ਤੋਂ ਵੱਡਾ ਕੰਮ ਹੈ, ਆਪਣੇ ਵਕੀਲ ਤੋਂ ਆਪਣੀ ਰੱਖਿਆ ਕਰਨੀ।
~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.
Leave a Comment
Your email address will not be published. Required fields are marked with *