ਫਰੀਦਕੋਟ , 3 ਜੂਨ (ਵਰਲਡ ਪੰਜਾਬੀ ਟਾਈਮਜ਼)
ਲੋਕ ਸਭਾ ਹਲਕਾ ਫਰੀਦਕੋਟ ਤੋਂ ਆਪਣੀ ਕਿਸਮਤ ਅਜਮਾ ਰਹੇ 28 ਉਮੀਦਵਾਰਾਂ ਵਿੱਚੋਂ ਪੰਜ ਉਮੀਦਵਾਰ ਅਜਿਹੇ ਸਨ, ਜੋ ਹਲਕੇ ਤੋਂ ਬਾਹਰ ਦੇ ਹੋਣ ਕਰਕੇ ਖੁਦ ਨੂੰ ਵੋਟ ਪਾਉਣ ਵਿੱਚ ਕਾਮਯਾਬ ਨਹੀਂ ਹੋ ਸਕੇ। ਉਹਨਾਂ ਵਿੱਚ ਇਕ ਆਜਾਦ ਸਮੇਤ ਦੋ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰ ਵੀ ਸ਼ਾਮਲ ਹਨ। ਲੋਕ ਸਭਾ ਚੋਣਾ ਦੇ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ, ਭਾਜਪਾ ਦੇ ਹੰਸ ਰਾਜ ਹੰਸ ਅਤੇ ਆਜਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਖੁਦ ਤੇ ਉਹਨਾਂ ਦੇ ਸਮਰਥਕ ਲੋਕਾਂ ਤੋਂ ਵੋਟ ਦੀ ਭੀਖ ਮੰਗਦੇ ਰਹੇ ਪਰ ਖੁਦ ਨੂੰ ਵੋਟ ਨਾ ਪਾ ਸਕੇ। ਹਾਲਾਂਕਿ ਉਹਨਾਂ ਨੇ ਆਪੋ ਆਪਣੇ ਹਲਕਿਆਂ ਵਿੱਚ ਵੋਟ ਪਾਉਣ ਤੋਂ ਬਾਅਦ ਆਪਣੇ ਚੋਣ ਖੇਤਰ ਵਿੱਚ ਪਰਤਦਿਆਂ ਪਾਰਟੀ ਆਗੂਆਂ ਤੇ ਵਲੰਟੀਅਰਾਂ ਦੀ ਹੋਂਸਲਾ ਅਫਜਾਈ ਕੀਤੀ। ਜਿਕਰਯੋਗ ਹੈ ਕਿ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਮੋਹਾਲੀ ਦੇ ਵਸਨੀਕ ਹਨ ਅਤੇ ਉਹਨਾਂ ਦੀ ਉੱਥੇ ਵੋਟ ਬਣੀ ਹੋਈ ਹੈ। ਇਸ ਲਈ ਉਹਨਾਂ ਆਪਣੇ ਪਰਿਵਾਰ ਸਮੇਤ ਮੋਹਾਲੀ ਵਿਖੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸੇ ਤਰਾਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਜਲੰਧਰ ਦੇ ਵਸਨੀਕ ਹਨ ਤੇ ਉਹਨਾਂ ਵੀ ਆਪਣੀ ਵੋਟ ਜਲੰਧਰ ਵਿਖੇ ਜਾ ਕੇ ਪਾਈ। ਉਪਰੋਕਤ ਤੋਂ ਇਲਾਵਾ ਲੋਕ ਸਭਾ ਹਲਕਾ ਫਰੀਦਕੋਟ ਦੇ ਸਾਰੇ ਉਮੀਦਵਾਰਾਂ ਦਾ ਚੋਣ ਗਣਿਤ ਵਿਗਾੜਨ ਵਾਲੇ ਆਜਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੇ ਵੀ ਆਪਣੀ ਵੋਟ ਮੋਹਾਲੀ ਵਿਖੇ ਜਾ ਕੇ ਪਾਈ। ਉਪਰੋਕਤ ਤਿੰਨੇ ਉਮੀਦਵਾਰ ਵੋਟ ਪੋਲ ਕਰਨ ਉਪਰੰਤ ਇਸ ਹਲਕੇ ਵਿੱਚ ਆ ਗਏ ਤੇ ਸ਼ਾਮ 6:00 ਵਜੇ ਤੱਕ ਚੋਣ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਵੋਟਿੰਗ ਮਸ਼ੀਨਾ ਦੀ ਸਾਂਭ ਸੰਭਾਲ ਤੱਕ ਇੱਥੇ ਹੀ ਰਹੇ।