ਓਲੰਪਿਕ ਖੇਡਾਂ ਵਿਚੋਂ ਤਗਮਾ ਜਿੱਤਣਾ ਕਿਸੇ ਹਾਰੀ ਸਾਰੀ ਦੇ ਵੱਸ ਦੀ ਗੱਲ ਨੀ | ਇਹ ਕਿਸੇ ਸੌਂਕੀਆਂ ਖਿਡਾਰੀ ਵਲੋਂ ਆਪਣੇ ਦੇਸ਼ ਲਈ ਆਪਣੀ ਖੇਡ ਵਿਚ ਕੀਤੇ ਸਾਲਾਂ ਬੱਧੀ ਅਭਿਆਸ ਦਾ ਸਾਰਥਿਕ ਨਤੀਜਾ ਹੁੰਦਾ ਹੈ | ਪਰ ਜੇ ਕਿਸੇ ਕਾਰਨ ਉਸ ਖਿਡਾਰੀ ਕੋਲੋਂ ਉਸਦੇ ਜਿੱਤੇ ਤਗਮੇ ਖੁੱਸ ਜਾਣ ਤਾਂ ਉਸ ਖਿਡਾਰੀ ਦਾ ਨਿਰਾਸ਼ਾ ਦੇ ਆਲਮ ਵਿਚ ਚਲੇ ਜਾਣਾ ਸੁਭਾਵਿਕ ਹੈ | ਓਲੰਪਿਕ ਖੇਡ ਇਤਿਹਾਸ ਵਿਚ ਅਜਿਹੇ ਕਈ ਖਿਡਾਰੀਆਂ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਨੇ ਓਲੰਪਿਕ ਖੇਡਾਂ ਵਿਚ ਜਿੱਤੇ ਹੋਏ ਸੋਨ ਤਗਮੇ ਕਿਸੇ ਕਾਰਨ ਵੱਸ ਗੁਆ ਲਏ ਪਰ ਸਮਾਂ ਪਾ ਕੇ ਕੌਮਾਂਤਰੀ ਓਲੰਪਿਕ ਕਮੇਟੀ ਦੇ ਸਕਾਰਾਤਮਿਕ ਫੈਸਲੇ ਨਾਲ ਉਹਨਾਂ ਨੂੰ ਓਲੰਪਿਕ ਖੇਡਾਂ ਵਿਚੋਂ ਜਿੱਤੇ ਮੈਡਲ ਉਨ੍ਹਾਂ ਦੇ ਜਿਉਂਦੇ ਜੀਅ ਤੇ ਕਈਆਂ ਨੂੰ ਮਰਨ ਉਪਰੰਤ ਉਹਨਾਂ ਦੇ ਸਕੇ ਸੰਬੰਧੀਆਂ ਨੂੰ ਪੂਰੇ ਸਨਮਾਨ ਨਾਲ ਮੁੜ ਪ੍ਰਦਾਨ ਕੀਤੇ ਗਏ |
ਗੱਲ ਸ਼ੁਰੂ ਕਰਦੇ ਹਾਂ 28 ਮਈ 1888 ਨੂੰ ਜੰਮੇ ਅਮਰੀਕਾ ਦੇ ਮਹਾਨ ਅਥਲੀਟ ਜਿਮ ਥੋਰਪੇ ਦੀ | ਇਸ ਅਥਲੀਟ ਨੇ ਸੰਨ 1912 ਚ ਸਵੀਡਨ ਵਿਖੇ ਹੋਈਆਂ ਓਲੰਪਿਕ ਖੇਡਾਂ ਵਿਚੋਂ ਅਥਲੈਟਿਕਸ ਦੇ ਪੈਂਟੈਥਲੋਨ ਅਤੇ ਡਿਕੈਥਲੋਨ ਈਵੈਂਟਾਂ ਵਿਚੋਂ ਦੋ ਗੋਲ੍ਡ ਮੈਡਲ ਜਿੱਤੇ ਸਨ | ਇਸ ਅਥਲੀਟ ਦੀ ਕਿਸੇ ਨੇ ਕੌਮਾਂਤਰੀ ਓਲੰਪਿਕ ਕਮੇਟੀ ਕੋਲ ਇਹ ਗੱਲ ਪਹੁੰਚਾ ਦਿੱਤੀ ਕਿ ਜਿਮ ਥੋਰਪੇ ਓਲੰਪਿਕ ਖੇਡਾਂ ਵਿਚ ਹਿੱਸਾ ਲੈਣ ਤੋਂ ਪਹਿਲਾਂ ਪੇਸ਼ੇਵਰ ਬੇਸਬਾਲ ਖਿਡਾਰੀ ਰਿਹਾ ਹੈ ਤੇ ਉਹ ਪੈਸਿਆਂ ਬਦਲੇ ਬੇਸਬਾਲ ਖੇਡਦਾ ਸੀ | ਇਸ ਗੱਲ ਦੇ ਪ੍ਰਤੀਕਰਮ ਵਜੋਂ ਕੌਮਾਂਤਰੀ ਓਲੰਪਿਕ ਕਮੇਟੀ ਨੇ ਜਿਮ ਥੋਰਪੇ ਨੂੰ ਪੇਸ਼ੇਵਰ ਖਿਡਾਰੀ ਮੰਨ ਕੇ ਉਸ ਵਲੋਂ ਜਿੱਤੇ ਹੋਏ ਓਲੰਪਿਕ ਤਗਮੇ ਵਾਪਿਸ ਲੈ ਲਏ ਅਤੇ ਉਸਦਾ ਨਾਮ ਕਾਲੀ ਸੂਚੀ ਵਿਚ ਪਾ ਓਲੰਪਿਕ ਜੇਤੂਆਂ ਦੀ ਲਿਸਟ ਵਿਚੋਂ ਹਮੇਸ਼ਾ ਲਈ ਹਟਾ ਦਿੱਤਾ | ਜਿਮ ਥੋਰਪੇ ਨੇ ਕਮੇਟੀ ਅੱਗੇ ਬਥੇਰੇ ਮਿਨਤ-ਤਰਲੇ ਕੀਤੇ ਪਰ ਉਸਦੀ ਕੋਈ ਪੇਸ਼ ਨਾ ਚੱਲੀ | ਬਸ ਉਸ ਦਿਨ ਤੋਂ ਬਾਅਦ ਜਿਮ ਥੋਰਪੇ ਦੇ ਮਾੜੇ ਦਿਨਾਂ ਦਾ ਆਗਾਜ਼ ਹੋ ਗਿਆ | ਉਸਦੇ ਭੁੱਖਾ ਮਰਨ ਤੱਕ ਦੀ ਨੌਬਤ ਆ ਗਈ | ਉਹਨੇ ਆਪਣੇ ਗੁਜ਼ਾਰੇ ਲਈ ਚੌਕੀਦਾਰੀ ਕੀਤੀ ਤੇ ਖੇਤਾਂ ਵਿਚ ਦਿਹਾੜੀ ਦੱਪਾ | ਕਦੇ ਉਸਨੇ ਸ਼ਿਕਾਰੀ ਕੁੱਤਿਆਂ ਦੇ ਬਰਾਬਰ ਦੌੜ ਕੇ ਪੈਸੇ ਕਮਾਉਣ ਦਾ ਹੀਲਾ ਕੀਤਾ | ਮੰਦਹਾਲੀ ਨਾਲ ਜੂਝਦਾ ਹੋਇਆ ਹੋਇਆ ਉਹ ਸ਼ਰਾਬ ਪੀਣ ਲੱਗਾ ਤੇ 28 ਮਾਰਚ 1965 ਨੂੰ ਕੈਲੀਫੋਰਨੀਆ ਵਿਖੇ 65 ਸਾਲ ਦੀ ਉਮਰ ਵਿਚ ਪਰਲੋਕ ਸਿਧਾਰ ਗਿਆ | ਉਹਦੇ ਮਰਨ ਤੋਂ 18 ਸਾਲਾਂ ਬਾਅਦ ਕੌਮਾਂਤਰੀ ਓਲੰਪਿਕ ਕਮੇਟੀ ਨੇ ਸੰਨ 1983 ਵਿਚ ਆਪਣਾ ਫੈਸਲਾ ਬਦਲਿਆ ਤੇ ਜਿਮ ਥੋਰਪੇ ਨੂੰ ਉਸਦੇ ਜਿੱਤੇ ਹੋਏ ਸੋਨ ਤਗਮੇ ਵਾਪਿਸ ਕਰਨ ਦਾ ਫੈਸਲਾ ਕੀਤਾ ਤੇ ਉਹਦੇ ਪਰਿਵਾਰਕ ਮੈਂਬਰਾਂ ਨੂੰ ਉਸਦੇ ਮੈਡਲ ਵਾਪਿਸ ਕੀਤੇ ਤੇ ਜਿਮ ਥੋਰਪੇ ਦਾ ਨਾਮ ਮੁੜ ਜੇਤੂਆਂ ਦੀ ਲਿਸਟ ਵਿਚ ਦਰਜ਼ ਕਰ ਲਿਆ |
ਆਪਣਾ ਖੁੱਸਿਆ ਤਗਮਾ ਮੁੜ ਪ੍ਰਾਪਤ ਕਰਨ ਵਾਲਾ ਦੂਜਾ ਖਿਡਾਰੀ ਸੀ ਮੁੱਕੇਬਾਜ਼ ਮੁਹੰਮਦ ਅਲੀ | ਅਮਰੀਕਾ ਦੇ ਸ਼ਹਿਰ ਲੁਇਸਵਿਲੇ ਵਿਖੇ 17 ਜਨਵਰੀ 1942 ਨੂੰ ਜਨਮੇ 20 ਵੀਂ ਸਦੀ ਦੇ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਜਿਸ ਦਾ ਜਮਾਂਦਰੂ ਨਾਮ ਕੈਸੀਅਸ ਕਲੇ ਸੀ | ਇਹ ਮਹਾਨ ਮੁੱਕੇਬਾਜ਼ ਪੇਸ਼ੇਵਰ ਮੁੱਕੇਬਾਜ਼ ਬਣਨ ਤੋਂ ਪਹਿਲਾਂ ਸੌਂਕੀਆ ਮੁੱਕੇਬਾਜ਼ ਸੀ ਤੇ ਇਸ ਨੇ 1960 ਦੀਆਂ ਰੋਮ ਓਲੰਪਿਕ ਖੇਡਾਂ ਵਿਚ ਮੁੱਕੇਬਾਜ਼ੀ ਦੇ ਸਾਰੇ ਭੇੜ ਜਿੱਤਕੇ ਗੋਲ੍ਡ ਮੈਡਲ ਜਿੱਤਿਆ ਸੀ | ਸਿਆਹਫਾਮ ਨਸਲ ਦੇ ਇਸ ਮੁੱਕੇਬਾਜ਼ ਕੋਲੋਂ ਆਪਣੇ ਦੇਸ਼ ਲਈ ਜਿੱਤੇ ਓਲੰਪਿਕ ਮੈਡਲ ਦਾ ਚਾਅ ਚੁੱਕਿਆ ਨਹੀਂ ਸੀ ਜਾ ਰਿਹਾ | ਉਹ ਖੁਸ਼ੀ ਖੁਸ਼ੀ ਆਪਣੇ ਦੇਸ਼ ਪਰਤਿਆ | ਉਸਦੀ ਇਸ ਜਿੱਤ ਤੋਂ ਚਾਰ ਸਾਲ ਬਾਅਦ ਸੰਨ 1964 ਦੇ ਸ਼ੁਰੂਆਤ ਵਿਚ ਇੱਕ ਦਿਨ ਉਹ ਕਿਸੇ ਗੋਰੇ ਦੇ ਰੈਸਟੋਰੈਂਟ ਵਿਚ ਖਾਣਾ ਖਾਣ ਗਿਆ ਤਾਂ ਗੋਰੇ ਨੇ ਉਸ ਨਾਲ ਨਸਲੀ ਵਿਤਕਰਾ ਕਰਦੇ ਹੋਏ ਉਸਨੂੰ ਆਪਣੇ ਰੈਸਟੋਰੈਂਟ ਵਿਚੋਂ ਕੱਢ ਦਿੱਤਾ | ਕੈਸੀਅਸ ਕਲੇਅ ਨੂੰ ਗੁੱਸਾ ਆਇਆ ਤੇ ਉਸਨੇ ਰੋਮ ਓਲੰਪਿਕਸ ਵਿਚੋਂ ਜਿੱਤਿਆ ਆਪਣਾ ਗੋਲ੍ਡ ਮੈਡਲ ਘਰੋਂ ਚੁੱਕਿਆ ਤੇ ਉਥੇ ਵਗਦੇ ਦਰਿਆ ਵਿਚ ਵਗਾਹ ਮਾਰਿਆ | ਫਿਰ ਉਸਨੇ ਈਸਾਈ ਧਰਮ ਤਿਆਗ ਕੇ ਇਸਲਾਮ ਧਰਮ ਕਬੁਲ ਕਰ ਲਿਆ ਤੇ ਆਪਣਾ ਨਾਮ ਕੈਸੀਅਸ ਕਲੇੇਅ ਤੋਂ ਮੁਹੰਮਦ ਅਲੀ ਰੱਖ ਲਿਆ ਅਤੇ ਸੌਕੀਆਂ ਮੁੱਕੇਬਾਜ਼ੀ ਛੱਡ ਕੇ ਪੇਸ਼ੇਵਰ ਮੁੱਕੇਬਾਜ਼ ਬਣ ਗਿਆ |
ਪੇਸ਼ੇਵਰ ਮੁੱਕੇਬਾਜ਼ ਬਣਨ ਤੋਂ ਬਾਅਦ ਮੁਹੰਮਦ ਅਲੀ ਦਾ ਪਹਿਲਾ ਪੇਸ਼ੇਵਰ ਭੇੜ ਇੰਗਲੈਂਡ ਦੇ ਮੁੱਕੇਬਾਜ਼ ਹੈਨਰੀ ਕੂਪਰ ਨਾਲ ਸੀ | ਫੇਰ ਉਹ 25 ਮਈ 1964 ਨੂੰ ਵਰਲਡ ਚੈਂਪੀਅਨ ਸੋਨੀ ਲਿਟਸਨ ਨੂੰ ਹਰਾ ਕੇ ਵਿਸ਼ਵ ਜੇਤੂ ਬਣਿਆ | ਉਸਨੇ ਆਪਣੇ 21 ਸਾਲ ਦੇ ਪੇਸ਼ੇਵਰ ਮੁੱਕੇਬਾਜ਼ੀ ਕੈਰੀਅਰ ਵਿਚ 56 ਜਿੱਤਾਂ ਹਾਸਿਲ ਕੀਤੀਆਂ ਤੇ ਤਿੰਨ ਵਾਰ ਵਿਸ਼ਵ ਜੇਤੂ ਦੀ ਗੁਰਜ਼ ਆਪਣੇ ਨਾਮ ਕੀਤੀ | ਸਮਾਂ ਆਪਣੀ ਤੋਰ ਤੁਰਦਾ ਰਿਹਾ | ਫਿਰ ਆ ਗਈਆਂ 1996 ਦੀਆਂ ਅਮਰੀਕਾ ਦੀਆਂ ਐਟਲਾਂਟਾ ਓਲੰਪਿਕ ਖੇਡਾਂ | ਕੌਮਾਂਤਰੀ ਓਲੰਪਿਕ ਕਮੇਟੀ ਨੇ ਫੈਸਲਾ ਕੀਤਾ ਕਿ ਬੁੱਢੇ ਅਤੇ ਬਿਮਾਰ ਹੋ ਚੁੱਕੇ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਨੂੰ ਉਸਦਾ ਖੁੱਸਿਆ ਮੈਡਲ ਮੁੜ ਵਾਪਿਸ ਕੀਤਾ ਜਾਵੇ | ਈਂਝ ਮੁਹੰਮਦ ਅਲੀ ਨੂੰ ਐਟਲਾਂਟਾ ਓਲੰਪਿਕ ਖੇਡਾਂ ਤੇ ਉਸਦਾ ਖੁੱਸਿਆ ਮੈਡਲ ਮੁੜ ਪ੍ਰਦਾਨ ਗਿਆ ਅਤੇ ਕਮੇਟੀ ਨੇ ਉਸਨੂੰ ਓਲੰਪਿਕ ਖੇਡਾਂ ਦੀ ਜੋਤਿ ਨੂੰ ਜਲਾਉਣ ਦਾ ਮਾਣ ਵੀ ਦਿੱਤਾ | ਕੌਮਾਂਤਰੀ ਓਲੰਪਿਕ ਕਮੇਟੀ ਨੇ ਅਮਰੀਕਾ ਦੇ ਇਨ੍ਹਾਂ ਦੋ ਓਲੰਪਿਕਸ ਜੇਤੂ ਮਹਾਨ ਖਿਡਾਰੀਆਂ ਨੂੰ ਉਹਨਾਂ ਦੇ ਜਿੱਤੇ ਤਗਮੇ ਮੁੜ ਪ੍ਰਦਾਨ ਕਰਕੇ ਜਿਥੇ ਇੰਨ੍ਹਾ ਖਿਡਾਰੀਆਂ ਨੂੰ ਮਾਣ ਬਕਸਿਆਂ ਉਥੇ ਖੇਡਾਂ ਦੇ ਪਿੜ੍ਹ ਦੀ ਸੋਭਾ ਨੂੰ ਚਾਰ ਚੰਨ ਵੀ ਲਾਏ |

ਪ੍ਰੋ ਹਰਦੀਪ ਸਿੰਘ ਸੰਗਰੂਰ
ਸਰਕਾਰੀ ਰਣਬੀਰ ਕਾਲਜ ਸੰਗਰੂਰ
9417665241