ਖੇਡਾਂ ਇੱਕ ਅਜਿਹਾ ਵਣਜ ਨੇ ਜਿਨ੍ਹਾਂ ਨੂੰ ਕਰਨ ਲਈ ਕਿਸੇ ਵੀ ਖਿਡਾਰੀ ਲਈ ਚਰਿੱਤਰਵਾਨ ਅਤੇ ਅਨੁਸ਼ਾਸਿਤ ਹੋਣ ਦੀ ਹਰ ਵੇਲੇ ਲੋੜ ਹੈ | ਕਿਉਂਕਿ ਖਿਡਾਰੀ ਦੇ ਇਹ ਦੋਵੇਂ ਗੁਣ ਉਸ ਵਲੋਂ ਖੇਡੀ ਜਾਂਦੀ ਕਿਸੇ ਵੀ ਖੇਡ ਦਾ ਧੁਰਾ ਨੇ | ਖਿਡਾਰੀ ਦਾ ਜਾਬਤੇ ਵਿਚ ਰਹਿਣਾ ,ਉਸਦੇ ਖੇਡ ਪ੍ਰਦਰਸ਼ਨ ਅਤੇ ਵਿਅਕਤਿਤੱਵ ਨੂੰ ਉਚਾਈ ਵੱਲ ਲੈ ਕੇ ਜਾਣ ਵਿਚ ਮਦਦਗਾਰ ਸਾਬਿਤ ਹੁੰਦਾ ਹੈ | ਜਦਕਿ ਬਿਨਾਂ ਅਨੁਸ਼ਾਸਨ ਦੇ ਮਨੁੱਖ ਜਿਥੇ ਆਪਣੇ ਲਈ ਕੋਈ ਪ੍ਰੇਸ਼ਾਨੀ ਸਹੇੇੜਦੈ ਉਥੇ ਦੂਜਿਆਂ ਲਈ ਵੀ ਕੋਈ ਪੰਗਾ ਪਾ, ਨਿਘਾਰ ਦੇ ਰਾਹ ਤੁਰ ਪੈਂਦੈ | ਸਿਆਣੇ ਆਖਦੇ ਨੇ , ” ਬੰਦਾ ਘਰ ਦਾ ਮਾੜਾ ਤਾਂ ਭਾਵੇਂ ਹੋਵੇ ਪਰ ਚਰਿੱਤਰ ਦਾ ਮਾੜਾ ਨਾ ਹੋਵੇ ” | ਜੇ ਧਨ ਖੁੱਸ ਗਿਆ ਤਾਂ ਸਮਝੋ ਕੁਝ ਨੀ ਗਿਆ ਪਰ ਜੇ ਚਰਿੱਤਰ ਚਲਾ ਗਿਆ ਤਾਂ ਬੰਦਾ ਹੀਣਾ ਹੋ ਜਾਂਦੈ | ਕਾਲੀਦਾਸ ਜੀ ਨੇ ਕਿਹਾ ਹੈ ,” ਜੇ ਤੁਸੀਂ ਪੈਦਾਇਸ਼ੀ ਸੁੰਦਰ ਨਹੀਂ ਤਾਂ ਕੋਈ ਗੱਲ ਨਹੀਂ, ਪਰ ਤੁਸੀਂ ਚਰਿੱਤਰਵਾਨ ਹੋ ਕੇ ਸੁੰਦਰ ਦਿੱਖਾਈ ਦੇ ਸਕਦੇ ਹੋ ” |
ਖੇਡਾਂ ਦਾ ਧੁਰਾ ਨਿਰੋਲ ਅਨੁਸ਼ਾਸਨ ਅਤੇ ਖਿਡਾਰੀ ਦੇ ਚਰਿੱਤਰ ਤੇ ਖੜਾ ਹੈ | ਉੱਚਾ ਖੇਡ ਪ੍ਰਦਰਸ਼ਨ ਅਤੇ ਵੱਡੀ ਖੇਡ ਪ੍ਰਾਪਤੀ ਖਿਡਾਰੀ ਦੇ ਅਨੁਸ਼ਾਸਨਬੱਧ ਅਤੇ ਚਰਿੱਤਰਵਾਨ ਹੋਣ ਦਾ ਹੀ ਸਾਰਥਿਕ ਨਤੀਜਾ ਹੈ | ਅਨੁਸ਼ਾਸਨ ਭੰਗ ਕਰਨ ਵਾਲਾ ਅਤੇ ਚਰਿੱਤਰਹੀਣ ਖਿਡਾਰੀ ਬਦਨਾਮੀ ਦੇ ਨਰਕ ਕੁੰਡ ਵਿਚ ਜਾ ਡਿਗਦੈ ਤੇ ਉਹ ਬਦਨਾਮੀ ਦੀ ਮੰਝਧਾਰ ਵਿਚ ਫੱਸਕੇ ਆਪਣਾ ਖੇਡ ਕੈਰੀਅਰ ਖਰਾਬ ਕਰ ਬੈਠਦੈ | ਖੇਡ ਜਗਤ ਤੋਂ ਅਕਸਰ ਹੀ ਕਈ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਕਿ ਫਲਾਂ ਖਿਡਾਰੀ ਜਾਂ ਕੋਚ ਨੇ ਖੇਡ ਅਨੁਸ਼ਾਸਨ ਭੰਗ ਕੀਤਾ ਤੇ ਜਾਬਤੇ ਦਾ ਪੱਲਾ ਛੱਡਿਆ | ਪਿਛਲੇ ਦਿਨੀਂ ਵਾਪਰੀ ਅਜਿਹੀ ਹੀ ਇੱਕ ਘਟਨਾ ਨੇ ਜਿਥੇ ਉਸ ਖਿਡਾਰੀ ਦਾ ਖੇਡ ਕੈਰੀਅਰ ਤਬਾਹ ਕੀਤਾ ਉਥੇ ਖੇਡ ਪ੍ਰੇਮੀ ਵੀ ਨਿਰਾਸ਼ ਹੋਏ | ਹੋਇਆ ਇੰਝ ਕਿ ਰਾਸਟਰਮੰਡਲ ਖੇਡਾਂ ਦਾ ਗੋਲ੍ਡ ਮੈਡਲ ਜੇਤੂ ਇੱਕ ਵੇਟ ਲਿਫਟਰ ਪੈਰਿਸ ਓਲੰਪਿਕ ਖੇਡਾਂ ਦੀ ਤਿਆਰੀ ਲਈ ਲਗਾਏ ਇੱਕ ਕੈਂਪ ਵਿਚ ਅੱਧੀ ਰਾਤ ਵੇਲੇ ਕੁੜੀਆਂ ਦੇ ਹੋਸਟਲ ਦੇ ਨਜ਼ਦੀਕ ਜਾਂਦਾ ਫੜਿਆ ਗਿਆ | ਉਸ ਖਿਡਾਰੀ ਵਲੋਂ ਜਾਬਤਾ ਭੰਗ ਕਰਨ ਦੀ ਇਸ ਹਰਕਤ ਤੇ ਭਾਰਤੀ ਵੇਟ ਲਿਫਟਿੰਗ ਫੇਡਰੇਸ਼ਨ ਅਤੇ ਕੈਂਪ ਡਾਇਰੈਕਟਰ ਵਲੋਂ ਗੰਭੀਰ ਨੋਟਿਸ ਲੈਂਦਿਆਂ ਉਸ ਖਿਡਾਰੀ ਨੂੰ ਕੈਂਪ ਵਿਚੋਂ ਬਾਹਰ ਕਰ ਦਿੱਤਾ ਜਿਸ ਨਾਲ ਖਿਡਾਰੀ ਦੇ ਪੈਰਿਸ ਓਲੰਪਿਕ ਖੇਡਾਂ ਵਿਚ ਭਾਗ ਲੈਣ ਤੇ ਸਵਾਲੀਆ ਚਿੰਨ ਲੱਗ ਗਿਆ | ਈਵੇਂ ਹੀ ਕਈ ਖੇਡ ਕੋਚਾਂ ਵਲੋਂ ਵੀ ਅਨੁਸ਼ਾਸਨ ਅਤੇ ਜਾਬਤਾ ਭੰਗ ਕਰਨ ਦੀਆਂ ਖਬਰਾਂ ਖੇਡ ਜਗਤ ਨੂੰ ਅਕਸਰ ਨਿਰਾਸ਼ ਕਰਦੀਆਂ ਰਹੀਆਂ ਨੇ |
ਖੇਡਾਂ ਅਤੇ ਖਿਡਾਰੀ ਸਾਡੇ ਸਮਾਜ ਦਾ ਇੱਕ ਮਹੱਤਵਪੂਰਨ ਅੰਗ ਨੇ | ਖਿਡਾਰੀ ਜਿਥੇ ਦੇਸ਼ ਅਤੇ ਕੌਮ ਦਾ ਸਰਮਾਇਆ ਹੁੰਦੇ ਨੇ ਉਥੇ ਉਹ ਸਾਡੀ ਨਵੀਂ ਪੀੜ੍ਹੀ ਲਈ ਰੋਲ ਮਾਡਲ ਵੀ ਹੁੰਦੇ ਨੇ | ਮਾੜੀ ਸੁਹਬਤ ਅਤੇ ਜਾਬਤਾ ਭੰਗ ਕਰਨ ਵਾਲੀ ਕਿਸੇ ਵੀ ਹਰਕਤ ਨੂੰ ਕਰਨ ਤੋਂ ਪਹਿਲਾਂ ਖਿਡਾਰੀ ਨੂੰ ਆਪਣੇ ਖੇਡ ਕੈਰੀਅਰ ਅਤੇ ਖੇਡਾਂ ਲਈ ਕੀਤੀ ਸਾਲਾਂ ਬੱਧੀ ਮਿਹਨਤ ਬਾਰੇ ਸੋਚਣਾ ਚਾਹੀਦਾ ਹੈ | ਉਸ ਨੂੰ ਇਹ ਸਿੱਖਣ ਦੀ ਲੋੜ ਹੈ ਕਿ ਖੇਡਾਂ ਵਿਚ ਅਨੁਸ਼ਾਸਨ ਅਤੇ ਜਾਬਤਾ ਹੀ ਉਸਨੂੰ ਸਫਲਤਾ ਦਵਾਉਗਾ | ਇਸ ਤੋਂ ਇਲਾਵਾ ਖਿਡਾਰੀ ਨੂੰ ਕੁਦਰਤ ਦੇ ਨਿੱਤ ਦੇ ਵਰਤਾਰੇ ਤੋਂ ਵੀ ਸਿੱਖਣ ਦੀ ਲੋੜ ਹੈ ਕਿਉਂਕਿ ਜੇ ਅਸੀਂ ਕੁਦਰਤ ਦੇ ਨਿੱਤ ਦੇ ਵਰਤਾਰੇ ਵੱਲ ਗਹੁ ਨਾਲ ਦੇਖੀਏ ਤਾਂ ਸਾਨੂੰ ਉਸ ਵਿਚ ਵੀ ਅੰਤਾਂ ਦਾ ਅਨੁਸ਼ਾਸਨ ਤੇ ਜਾਬਤਾ ਨਜ਼ਰ ਆਵੇਗਾ | ਸੂਰਜ , ਚੰਦ , ਤਾਰੇ , ਦਿਨ- ਰਾਤ ਦੀ ਪ੍ਰਕਿਰਿਆ ਅਤੇ ਰੁੱਤਾਂ ਬਦਲਣ ਦੇ ਸਮੇਂ ਦਾ ਵਰਤਾਰਾ ਕਮਾਲ ਦਾ ਹੈ | ਗੱਲ ਕੀ ਕੁਦਰਤ ਦੇ ਕਣ- ਕਣ ਵਿਚ ਅਨੁਸ਼ਾਸਨ ਅਤੇ ਜਾਬਤਾ ਸਮਾਇਆ ਹੋਇਆ | ਕੁਦਰਤ ਆਪਣੇ ਚਰਿੱਤਰ ਅਤੇ ਅਨੁਸ਼ਾਸਨ ਵਿਚ ਕਦੇ ਕੋਈ ਖਲਲ ਨੀਂ ਪੈਣ ਦਿੰਦੀ | ਕੁਦਰਤ ਦੇ ਇਸ ਆਚੰਭਿਤ ਅਨੁਸਾਸ਼ਨ ਅਤੇ ਵਰਤਾਰੇ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ |
ਇੰਝ ਹੀ ਖੇਡਾਂ ਵੀ ਇੱਕ ਅਜਿਹਾ ਤਜ਼ਰਬਾ ਹਨ ਜਿਹੜੀਆਂ ਬੰਦੇ ਨੂੰ ਸਮਾਜਿਕ ਗੁਣ ਸਿੱਖਣ ਅਤੇ ਉਹਨਾਂ ਤੇ ਪਕੜ ਬਣਾਕੇ ਰੱਖਣ ਵਿਚ ਬਹੁਤ ਸਹਾਈ ਹੁੰਦੀਆਂ ਨੇ | ਕਿਉਂਕਿ ਖੇਡਾਂ ਵਿਚ ਖਿਡਾਰੀ ਇੱਕ ਦੂਜੇ ਤੋਂ ਪ੍ਰੇਰਿਤ ਹੋ ਕੇ ਦੂਸਰਿਆਂ ਪ੍ਰਤੀ ਸਨਮਾਨ , ਚੰਗਾ ਵਰਤਾਓ, ਅਨੁਸ਼ਾਸਨ , ਨਿਰਪੱਖਤਾ ,ਮਿਲਵਰਤਨ ,ਸਹਿਨਸੀਲਤਾ ਅਤੇ ਨਿਮਰਤਾ ਦਾ ਪਾਠ ਪੜ੍ਹ ਜਾਂਦੇ ਨੇ | ਖੇਡਾਂ, ਕਿਸੇ ਖਿਡਾਰੀ ਅੰਦਰ ਫੈਲੀਆਂ ਅਣਚਾਹੀਆਂ ਪ੍ਰਵਿਰਤੀਆਂ ਦਾ ਖ਼ਾਤਮਾ ਕਰ ਉਸਨੂੰ ਇੱਕ ਚੰਗਾ ਨਾਗਰਿਕ ਬਣਾਉਣ ਵਿਚ ਯੋਗਦਾਨ ਪਾਉਂਦੀਆਂ ਨੇ ਭਾਵ ਖੇਡਾਂ ਦਾ ਕਿਸੇ ਵੀ ਖਿਡਾਰੀ ਦੇ ਸਮਾਜੀਕਰਨ ਵਿਚ ਅਹਿਮ ਯੋਗਦਾਨ ਹੈ | ਖਿਡਾਰੀ ਦੇ ਅਨੁਸ਼ਾਸਨਬੱਧ ਹੋਣ ਅਤੇ ਜਾਬਤੇ ਚ ਰਹਿਣ ਨਾਲ ਹੀ ਖੇਡਾਂ ਦੇ ਪਿੜ੍ਹ ਦੀ ਪਵਿੱਤਰਤਾ ਕਾਇਮ ਰਹਿਗੀ |

ਪ੍ਰੋ ਹਰਦੀਪ ਸਿੰਘ ਸਿੰਘ ਸੰਗਰੂਰ
ਸਰਕਾਰੀ ਰਣਬੀਰ ਕਾਲਜ ,ਸੰਗਰੂਰ
9417665241