ਖੋਟੇ ਸਿੱਕੇ ਜਿਹੜੇ ਕਦੇ ਚੱਲੇ ਨਾ ਬਾਜਾਰ ਵਿੱਚ।
ਕੱਢੀ ਜਾਂਦੇ ਕਮੀਆਂ ਨੇ ਸਾਡੇ ਕਿਰਦਾਰ ਵਿੱਚ।
ਤਿੰਨਾਂ, ਤੇਰਾਂ ਵਿੱਚ ਨਾ ਪਲੇਅਰਾਂ, ਸਪੇਅਰਾਂ ਵਿੱਚ,
ਫਸੇ ਆਪੂੰ ਪਾਲ਼ੇ ਵਹਿਮਾਂ ਵਾਲ਼ੇ ਮੰਝਧਾਰ ਵਿੱਚ।
ਝੋਲ਼ੀਚੁੱਕਪੁਣੇ, ਚਾਪਲੂਸੀਆਂ ਦੇ ਨਾਲ਼ ਬੱਝੇ,
ਲਟਕੇ ਵਿਚਾਲ਼ੇ ਰਹੇ ਆਰ ‘ਚ ਨਾ ਪਾਰ ਵਿੱਚ।
ਧਮਕੀਆਂ ਦੇਣ ਦਲਾਂ, ਟੋਲਿਆਂ ‘ਚੋਂ ਛੇਕ ਦੇਣਾ,
ਰੁਚੀ ਜੇ ਵਿਖਾਈ ਕੋਈ ਸੱਚ ਜਾਂ ਸੁਧਾਰ ਵਿੱਚ।
ਚੱਲਦੀ ਨਾ ਪੇਸ਼ ਕਿਉਂਕਿ ਚੰਗੀ ਤਰ੍ਹਾਂ ਜਾਣਦੇ ਨੇ,
ਇੱਕੀਆਂ ਦੇ ‘ਕੱਤੀ ਨੇ ਪੈ ਜਾਣੇ ਆਖਿਰਕਾਰ ਵਿੱਚ।
ਅੱਕ ਕੇ ਵਿਚਾਰੇ ਭੂਤਕਾਲ ਨੇ ਫਰੋਲ਼ੀ ਜਾਂਦੇ,
ਵਰਤਮਾਨ ਵਿੱਚ ਖੜ੍ਹ ਸਕੇ ਨਾ ਕਤਾਰ ਵਿੱਚ।
ਘੜਾਮੇਂ ਵਾਲ਼ੇ ਰੋਮੀਆਂ ਭਵਿੱਖ ‘ਚ ਵੀ ਕਾਇਮ ਰਹੀਂ,
ਠੋਕ ਦਵੀਂ ਜਿੱਥੇ ਜਿਹੜਾ ਆ ਜਵੇ ਰਾਡਾਰ ਵਿੱਚ।
ਡਰੇ ਨੂੰ ਡਰਾਉਂਦੀ ਹੈ ਇਹ ਨਸਲ ਅਸਲ ਵਿੱਚ,
ਜਦੋਂ ਤੱਕ ਸਿੱਟੇ ਨਾ ਕੋਈ ਪੁੱਠਾ ਮੂੰਹ ਦੇ ਭਾਰ ਵਿੱਚ।
ਲੱਤਾਂ ਵਾਲ਼ੇ ਭੂਤ ਨਹੀਓਂ ਗੱਲਾਂ ਨਾਲ਼ ਸੂਤ ਆਉਂਦੇ,
ਸਮਾਂ ਜਾਇਆ ਕਰੀਦਾ ਨੀ’ ਮਾਣ ਸਤਿਕਾਰ ਵਿੱਚ।
ਖੋਟੇ ਸਿੱਕੇ ਜਿਹੜੇ ਕਦੇ ਚੱਲੇ ਨਾ ਬਾਜਾਰ ਵਿੱਚ।
ਕੱਢੀ ਜਾਂਦੇ ਕਮੀਆਂ ਨੇ ਸਾਡੇ ਕਿਰਦਾਰ ਵਿੱਚ।

ਰੋਮੀ ਘੜਾਮਾਂ।
9855281105 (ਵਟਸਪ ਨੰ.)