ਕਾਸ਼ ਦੁਬਾਰਾ ਗੁਲਸ਼ਨ ਵਿੱਚ ਸੁਰਜੀਤ ਮਿਲੇ।
ਫੇਰ ਬਹਾਰਾਂ ਵਰਗਾ ਕੋਈ ਗੀਤ ਮਿਲੇ।
ਦਿਲ ਦੀ ਰੀਝ ਪਿਰੋਈ ਯਾਦ ਪੁਰਾਣੀ ਵਿੱਚ,
ਕਾਸ਼ ਅਚਾਨਕ ਉਸ ਜਗ੍ਹਾ ਤੇ ਮੀਤ ਮਿਲੇ।
ਇੱਕ ਕ੍ਰਾਂਤੀ ਵਾਲੀ ਹੋਂਦ ਜਰੂਰੀ ਹੈ,
ਮੁੜ ਤੋਂ ਟੁੱਟੇ ਸਾਜਾਂ ਵਿੱਚ ਸੰਗੀਤ ਮਿਲੇ।
ਨਿਰਧਨ ਵੀਂ ਫਿਰ ਤੜਕ ਸਵੇਰਾ ਮਾਨ ਸਕੇ,
ਝੁੱਗੀ ਨੂੰ ਵੀਂ ਸੂਰਜ ਵਰਗੀ ਪ੍ਰੀਤ ਮਿਲੇ।
ਕੱਲੀ ਧੁੱਪ ਜ਼ਰੂਰੀ ਨਈਂ ਏਂ ਜੀਵਨ ਵਿਚ,
ਹਰ ਰਾਹੀ ਨੂੰ ਛਾਵਾਂ ਵਰਗੀ ਰੀਤ ਮਿਲੇ।
ਵਿੱਚ ਬੁਢਾਪੇ ਇੱਕ ਦਿਲਾਸਾ ਜੀਵਨ ਦਾ,
ਯਾਦਾਂ ਦੇ ਵਿੱਚ ਰੰਗਿਆ ਇੱਕ ਅਤੀਤ ਮਿਲੇ।
ਤਾਂ ਹੀ ਦੇਸ਼ ਤਰੱਕੀ ਦਾ ਮੁੱਖ ਚੁੰਮੇਗਾ,
ਇਕ ਪ੍ਰਾਚੀਨ ਅਵਸਥਾ ਵਿਚ ਨਵਨੀਤ ਮਿਲੇ।
ਮਾਰੂਥਲ ਵਿੱਚ ਫੁੱਲ ਗੁਲਾਬੀ ਉਗ ਪੈਂਦੇ,
ਅਗਰ ਨਿਰਾਸ਼ਾ ਵਿਚ ਆਸ਼ਾ ਪ੍ਰਤੀਤ ਮਿਲੇ।
ਸਾਡੀ ਧਰਤੀ ਵਿੱਚ ਤਜ਼ੁਰਬੇ ਉਗਣਗੇ,
ਬਾਲਮ ਵਰਗਾ ਜੇ ਕਿਧਰੇ ਜਗਜੀਤ ਮਿਲੇ।
ਬਲਵਿੰਦਰ ਬਾਲਮ ਗੁਰਦਾਸਪੁਰ
ਓਂਕਾਰ ਨਗਰ ਗੁਰਦਾਸਪੁਰ ਪੰਜਾਬ
ਵਟਸਐਪ – 9815625409