ਕੋਟਕਪੂਰਾ, 27 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਐੱਸ.ਬੀ.ਆਰ.ਐੱਸ. ਗੁਰੂਕੁਲ (ਮਹਿਣਾ) ਜੋ ਕਿ ਡਾਇਰੈਕਟਰ ਪਿ੍ਰੰਸੀਪਲ ਧਵਨ ਕੁਮਾਰ ਦੇ ਮਾਰਗ ਦਰਸ਼ਨ ਹੇਠ ਚਲਾਇਆ ਜਾ ਰਿਹਾ ਹੈ, ’ਚ 75ਵੇਂ ਗਣਤੰਤਰ ਦਿਵਸ ਸਬੰਧੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਦਾ ਮੰਤਵ ਬੱਚਿਆਂ ’ਚ ਆਪਣੇ ਦੇਸ਼ ਪ੍ਰਤੀ ਪਿਆਰ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਉਤਪੰਨ ਕਰਨ ਦੇ ਨਾਲ-ਨਾਲ ਉਤਸ਼ਾਹ ਅਤੇ ਆਤਮ-ਵਿਸ਼ਵਾਸ਼ ਦੀ ਭਾਵਨਾ ’ਚ ਵਾਧਾ ਕਰਨਾ ਵੀ ਹੈ। ਇਸੇ ਉਦੇਸ਼ ਦੀ ਪੂਰਤੀ ਲਈ ਉਲੀਕੇ ਗਏ ਪ੍ਰੋਗਰਾਮ ’ਚ ਬੱਚਿਆਂ ਵਲੋਂ ਸਟੇਜ ਸੰਭਾਲਣ ਦਾ ਕਾਰਜ ਆਰੰਭ ਤੋਂ ਅਖੀਰ ਤੱਕ ਪੂਰੀ ਸ਼ਿੱਦਤ ਨਾਲ ਨਿਭਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ’ਚ ਡਾਇਰੈਕਟਰ ਪਿ੍ਰੰਸੀਪਲ ਧਵਨ ਕੁਮਾਰ ਨੇ ਗਣਤੰਤਰ ਦਿਵਸ ਨਾਲ ਸਬੰਧਤ ਭਾਸ਼ਣ ਦਿੰਦਿਆਂ ਗਣਤੰਤਰ ਦਿਵਸ ਦੀਆਂ ਮੁਬਾਰਕਾਂ ਦੇਣ ਦੇ ਨਾਲ-ਨਾਲ ਸੰਵਿਧਾਨ ਲਾਗੂ ਹੋਣ ਸਬੰਧਤ ਬਹੁਮੁੱਲੇ ਵਿਚਾਰ ਸਾਂਝੇ ਕਰਨ ਉਪਰੰਤ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸੇ ਤਰਾਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਨਾਲ ਸਬੰਧਤ ਵੱਖ-ਵੱਖ ਮੰਨੋਰੰਜਨਦਾਇਕ ਗਤੀਵਿਧੀਆਂ ਜਿਵੇਂ ਸਮੂਹਿਕ ਗੀਤ, ਗਿੱਧਾ, ਭੰਗੜਾ ਅਤੇ ਦੇਸ਼ ਭਗਤੀ ਨੂੰ ਬਿਆਨ ਕਰਦਾ ਨਾਟਕ ਪੇਸ਼ ਕੀਤਾ ਗਿਆ, ਜਿਸ ਨੇ ਸਭ ਉੱਪਰ ਆਪਣੀ ਵੱਖਰੀ ਛਾਪ ਛੱਡੀ। ਅਖੀਰ ’ਚ ਡਾਇਰੈਕਟਰ ਪਿ੍ਰੰਸੀਪਲ ਦੀ ਅਗਵਾਈ ’ਚ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਧੀਮੀ ਸੰਗੀਤਕ ਧੁਨ ਨਾਲ ਰਾਸ਼ਟਰੀ ਗੀਤ ਦਾ ਗਾਇਨ ਕਰਦੇ ਹੋਏ ਦੇਸ਼ ਪ੍ਰਤੀ ਸਨੇਹ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ।